ਮੰਦਰ ਮਾਤਾ ਜੱਜਲ ਵਾਲੀ ਵਿਖੇ ਧੂਮਧਾਮ ਨਾਲ ਕਰਵਾਇਆ ਜਗਰਾਤਾ
ਮੰਦਰ ਮਾਤਾ ਜੱਜਲ ਵਾਲੀ ਵਿਖੇ ਧੂਮਧਾਮ ਨਾਲ ਕਰਵਾਇਆ ਗਿਆ ਜਗਰਾਤਾ
Publish Date: Fri, 27 Mar 2026 04:31 PM (IST)
Updated Date: Fri, 27 Mar 2026 04:35 PM (IST)

ਗੁਰੂਹਰਸਹਾਏ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੰਦਰ ਮਾਤਾ ਜੱਜਲ ਵਾਲੀ ਵਿਖੇ ਦੁਰਗਾ ਅਸ਼ਟਮੀ ਦੇ ਪਾਵਨ ਅਵਸਰ ’ਤੇ ਮਹਾਮਾਈ ਦਾ ਵਿਸ਼ਾਲ ਜਗਰਾਤਾ ਬੜੀ ਧੂਮਧਾਮ ਅਤੇ ਸ਼ਰਧਾ ਭਾਵ ਨਾਲ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਮੰਦਰ ਟਰੱਸਟ ਦੇ ਪ੍ਰਧਾਨ ਰਵੀ ਸ਼ਰਮਾ ਵੱਲੋਂ ਨਰਾਤਿਆਂ ਵਿਚ ਜਗਾਈ ਪਵਿੱਤਰ ਅਖੰਡ ਜੋਤ ਨੂੰ ਸਜਾਏ ਗਏ ਪੰਡਾਲ ਵਿੱਚ ਸਥਾਪਿਤ ਕਰਨ ਨਾਲ ਹੋਈ। ਇਸ ਮੌਕੇ ਸੰਗਤਾਂ ਨੇ ਭਗਤੀ ਭਾਵ ਨਾਲ ਜੋਤ ਦੇ ਦਰਸ਼ਨ ਕਰਕੇ ਮੱਥਾ ਟੇਕਿਆ। ਜਗਰਾਤੇ ਦੀ ਸ਼ੁਰੂਆਤ ਬੱਚਾ ਐਂਡ ਪਾਰਟੀ ਤੇ ਮਹੰਤ ਬਿੱਟੂ ਮੋਂਗਾ, ਲਾਡਾ ਮੋਂਗਾ, ਲਵੀ ਅਤੇ ਸਨਮ ਨਰੂਲਾ ਵੱਲੋਂ ਮਹਾਮਾਈ ਦਾ ਪੱਕਾ ਭਜਨ ਗਾ ਕੇ ਕੀਤੀ ਗਈ। ਉਨ੍ਹਾਂ ਵੱਲੋਂ ਗਾਈਆਂ ਗਈਆਂ ਪੰਜ ਪੱਕੀਆਂ ਭੇਟਾਂ ਨੇ ਸੰਗਤਾਂ ਨੂੰ ਭਗਤੀ ਰਸ ਵਿੱਚ ਡੁੱਬੋ ਦਿੱਤਾ। ਇਸ ਤੋਂ ਬਾਅਦ ਪ੍ਰਸਿੱਧ ਗਾਇਕ ਤਰਸੇਮ ਹੀਰਾ ਨੇ ਮਾਂ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਸੁੰਦਰ-ਸੁੰਦਰ ਭੇਟਾਂ ਪੇਸ਼ ਕੀਤੀਆਂ। ਉਨ੍ਹਾਂ ਦੀ ਸੁਰੀਲੀ ਆਵਾਜ਼ ਨੇ ਸੰਗਤਾਂ ਨੂੰ ਲੰਬੇ ਸਮੇਂ ਤੱਕ ਕੀਲੀ ਰੱਖਿਆ। ਪੂਰੇ ਪੰਡਾਲ ਵਿੱਚ ‘ਜੈ ਮਾਤਾ ਦੀ’ ਦੇ ਜੈਕਾਰੇ ਗੂੰਜਦੇ ਰਹੇ, ਜਿਸ ਨਾਲ ਵਾਤਾਵਰਣ ਹੋਰ ਵੀ ਆਧਿਆਤਮਿਕ ਬਣ ਗਿਆ। ਇਸ ਮੌਕੇ ਸੰਗਤਾਂ ਵੱਲੋਂ ਵੱਖ-ਵੱਖ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ, ਜਿੱਥੇ ਹਜ਼ਾਰਾਂ ਲੋਕਾਂ ਨੇ ਪ੍ਰਸਾਦ ਪ੍ਰਾਪਤ ਕੀਤਾ। ਸੇਵਾਦਾਰਾਂ ਨੇ ਵੀ ਨਿਸ਼ਕਾਮ ਸੇਵਾ ਕਰਦਿਆਂ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਇਆ। ਜਗਰਾਤੇ ਦਾ ਸਮਾਪਨ ਅੰਮ੍ਰਿਤ ਵੇਲੇ ਮਾਤਾ ਰਾਣੀ ਦੀ ਕਥਾ ,ਆਰਤੀ ਨਾਲ ਕੀਤਾ ਗਿਆ।