ਨੈਸ਼ਨਲ ਮਾਸਟਰ ਗੇਮਜ਼ ’ਚ ਫਿਰੋਜ਼ਪੁਰ ਦੇ ਈਸ਼ਵਰ ਸ਼ਰਮਾ ਬਣੇ ਨੈਸ਼ਨਲ ਚੈਂਪੀਅਨ
ਨੈਸ਼ਨਲ ਮਾਸਟਰ ਗੇਮਜ਼ ’ਚ ਫਿਰੋਜ਼ਪੁਰ ਦੇ ਈਸ਼ਵਰ ਸ਼ਰਮਾ ਬਣੇ ਨੈਸ਼ਨਲ ਚੈਂਪੀਅਨ
Publish Date: Fri, 20 Mar 2026 06:37 PM (IST)
Updated Date: Fri, 20 Mar 2026 06:40 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਖੇਡ ਮੈਦਾਨ ਵਿਚ 45ਵੀ ਨੈਸ਼ਨਲ ਅਥਲੈਟਿਕ ਮੀਟ ਕਰਵਾਈ ਗਈ। ਜਿਸ ਵਿਚ ਦੇਸ਼ ਭਰ 550 ਖਿਡਾਰੀਆਂ ਨੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਵਿਚ ਕੇਰਲਾ ਤਾਮਿਲਨਾਡੂ, ਕਰਨਾਟਕਾ, ਉੱਤਰ ਪ੍ਰਦੇਸ਼, ਰਾਜਸਥਾਨ, ਹਰਿਆਣਾ ਨਵੇਂ ਦਿੱਲੀ, ਚੰਡੀਗੜ੍ਹ, ਗੁਜਰਾਤ ਅਤੇ ਪੰਜਾਬ ਦੇ 30 ਸਾਲ ਤੋਂ 100 ਸਾਲ ਉਮਰ ਵਰਗ ਦੇ ਖਿਡਾਰੀਆਂ ਨੇ ਟਰੈਕ ਅਤੇ ਫੀਲਡ ਖੇਡ ਮੁਕਾਬਲਿਆਂ ਵਿਚ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਵਿਚ ਫਿਰੋਜ਼ਪੁਰ ਦੇ 10 ਖਿਡਾਰੀਆਂ ਨੇ ਡਾਕਟਰ ਗੁਰਿੰਦਰਜੀਤ ਸਿੰਘ ਢਿੱਲੋਂ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਮਾਸਟਰ ਅਥਲੈਟਿਕ ਐਸੋਸੀਏਸ਼ਨ ਫਿਰੋਜ਼ਪੁਰ ਦੀ ਅਗਵਾਈ ਵਿਚ ਇਨ੍ਹਾਂ ਖੇਡਾਂ ਵਿਚ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਵਿਚ 75 ਸਾਲ ਤੋਂ ਵੱਧ ਉਮਰ ਵਿਚ ਗੁਰਦਿਆਲ ਸਿੰਘ ਵਿਰਕ ਨੇ ਹੈਮਰ ਥਰੋ ਮੁਕਾਬਲੇ ਵਿਚ ਕਾਂਸੇ ਦਾ ਮੈਡਲ ਹਾਸਲ ਕੀਤਾ। 60 ਸਾਲ ਤੋਂ ਵੱਧ ਉਮਰ ਵਰਗ ਵਿਚ ਦਲੀਪ ਸਿੰਘ ਸੰਧੂ ਨੇ 100 ਮੀਟਰ ਹੁਰਡਲ ਰੇਸ ਵਿਚ ਚਾਂਦੀ ਦਾ ਮੈਡਲ ਹਾਸਲ ਕੀਤਾ। 70 ਸਾਲ ਤੋਂ ਵੱਧ ਉਮਰ ਵਰਗ ਵਿਚ ਡਾਕਟਰ ਗੁਰਿੰਦਰਜੀਤ ਸਿੰਘ ਢਿੱਲੋਂ ਨੇ ਜੈਵਲਿਨ ਥਰੋ ਮੁਕਾਬਲੇ ਵਿਚ 25 ਮੀਟਰ ਥਰੋ ਲਾ ਕੇ ਸੋਨੇ ਦਾ ਮੈਡਲ ਆਪਣੇ ਨਾਂ ਕੀਤਾ। ਇਨ੍ਹਾਂ ਮੁਕਾਬਲਿਆਂ ਵਿਚ ਦਸਵੀਂ ਪਾਤਸ਼ਾਹੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਪਿੰਡ ਬਾਜੀਦਪੁਰ ਵਾਸੀ ਈਸ਼ਵਰ ਸ਼ਰਮਾ ਨੇ 50 ਸਾਲ ਵਰਗ ਦੇ ਮੁਕਾਬਲੇ ਵਿਚ ਗੋਲਾ ਸੁੱਟਣ ਮੁਕਾਬਲੇ ਵਿਚ 22.21 ਮੀਟਰ ਥਰੋ ਲਾ ਕੇ ਸੋਨੇ ਦਾ ਮੈਡਲ ਆਪਣੇ ਨਾਂ ਕੀਤਾ ਅਤੇ ਜੈਵਲਿਨ ਥਰੋ ਮੁਕਾਬਲੇ ਵਿਚ 38.80 ਮੀਟਰ ਥਰੋ ਲਾ ਕੇ ਚਾਂਦੀ ਦਾ ਮੈਡਲ ਵੀ ਜਿੱਤਿਆ। ਇਨ੍ਹਾਂ ਖੇਡਾਂ ਵਿਚ ਜੇਤੂ ਖਿਡਾਰੀ ਨਵੰਬਰ ਮਹੀਨੇ ਵਿਚ ਦੱਖਣੀ ਕੋਰੀਆ ਵਿਚ ਹੋਣ ਵਾਲੀ ਏਸ਼ੀਆ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਭਾਗ ਲੈਣਗੇ। ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਰਣਬੀਰ ਸਿੰਘ ਭੁੱਲਰ ਹਲਕਾ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਨੇ ਕਿਹਾ ਕਿ ਜਲਦੀ ਹੀ ਉਹ ਵੱਲੋਂ ਇਨ੍ਹਾਂ ਜੇਤੂ ਖਿਡਾਰੀਆਂ ਦਾ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਹੋਰਨਾ ਤੋਂ ਇਲਾਵਾ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਡਾਕਟਰ ਸਤਿੰਦਰ ਸਿੰਘ ਨੈਸ਼ਨਲ ਅਵਾਰਡੀ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਕੋਮਲ ਅਰੋੜਾ, ਮਲਕੀਤ ਸਿੰਘ ਹਰਾਜ ਜ਼ਿਲ੍ਹਾ ਪ੍ਰਧਾਨ ਡੀਟੀਐੱਫ, ਸਰਬਜੀਤ ਸਿੰਘ ਭਾਵੜਾ ਸੂਬਾ ਕਮੇਟੀ ਮੈਂਬਰ, ਜਸਵਿੰਦਰ ਸਿੰਘ ਸੰਧੂ, ਗੁਰਬਚਨ ਸਿੰਘ ਭੁੱਲਰ, ਸਟੇਟ ਅਵਾਰਡੀ ਰਵੀ ਇੰਦਰ ਸਿੰਘ, ਭੁਪਿੰਦਰ ਸਿੰਘ ਜੋਸਨ ਬੀਪੀਈਓ, ਕੁਲਵੰਤ ਸਿੰਘ, ਡਾਕਟਰ ਸਰਜੀਤ ਸਿੰਘ ਸਿੱਧੂ, ਇੰਸਪੈਕਟਰ ਹਰ ਬਰਿੰਦਰ ਸਿੰਘ, ਸਤਿੰਦਰ ਸਿੰਘ ਬਾਠ, ਪ੍ਰਗਟ ਸਿੰਘ ਗਿੱਲ ਅੰਤਰਰਾਸ਼ਟਰੀ ਖਿਡਾਰੀ ਨੇ ਵੀ ਜੇਤੂ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।