ਜੰਗ ਕਦੇ ਵੀ ਕਿਸੇ ਸਮੱਸਿਆ ਦਾ ਟਿਕਾਊ ਹੱਲ ਨਹੀਂ ਹੋ ਸਕਦੀ : ਜੌੜਾ
ਇਰਾਨ–ਅਮਰੀਕਾ ਤਣਾਅ ਖਤਮ ਕਰਕੇ ਕੌਮਾਂਤਰੀ ਪੱਧਰ ’ਤੇ ਅਮਨ ਕਾਇਮ ਕੀਤਾ ਜਾਵੇ: ਸੁਰਿੰਦਰ ਸਿੰਘ ਜੌੜਾ
Publish Date: Wed, 11 Mar 2026 03:47 PM (IST)
Updated Date: Wed, 11 Mar 2026 03:48 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਸੁਰਿੰਦਰ ਸਿੰਘ ਜੌੜਾ ਨੇ ਇਰਾਨ ਅਤੇ ਅਮਰੀਕਾ ਵਿਚਕਾਰ ਵਧ ਰਹੇ ਤਣਾਅ ਅਤੇ ਬਣ ਰਹੇ ਯੁੱਧ ਵਰਗੇ ਹਾਲਾਤਾਂ ’ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਦੁਨੀਆ ਦੇ ਲੋਕ ਅਮਨ ਅਤੇ ਸਥਿਰਤਾ ਚਾਹੁੰਦੇ ਹਨ ਅਤੇ ਕੌਮਾਂਤਰੀ ਪੱਧਰ ’ਤੇ ਸ਼ਾਂਤੀ ਬਣਾਈ ਰੱਖਣਾ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਵਿਸ਼ਵ ਪੱਧਰ ’ਤੇ ਤਣਾਅ ਵਧਦਾ ਹੈ ਤਾਂ ਇਸ ਦੇ ਦੂਰਗਾਮੀ ਪ੍ਰਭਾਵ ਪੂਰੀ ਦੁਨੀਆ ’ਤੇ ਪੈਂਦੇ ਹਨ, ਜਿਸ ਕਾਰਨ ਆਮ ਲੋਕਾਂ ਦੀ ਜ਼ਿੰਦਗੀ ਵੀ ਪ੍ਰਭਾਵਿਤ ਹੁੰਦੀ ਹੈ। ਸੁਰਿੰਦਰ ਸਿੰਘ ਜੌੜਾ ਨੇ ਕਿਹਾ ਕਿ ਜੰਗ ਕਦੇ ਵੀ ਕਿਸੇ ਸਮੱਸਿਆ ਦਾ ਟਿਕਾਊ ਹੱਲ ਨਹੀਂ ਹੋ ਸਕਦੀ। ਯੁੱਧ ਦੇ ਕਾਰਨ ਮਨੁੱਖਤਾ ਨੂੰ ਭਾਰੀ ਨੁਕਸਾਨ ਝੱਲਣਾ ਪੈਂਦਾ ਹੈ ਅਤੇ ਇਸ ਦੀ ਸਭ ਤੋਂ ਵੱਡੀ ਕੀਮਤ ਬੇਗੁਨਾਹ ਲੋਕਾਂ ਨੂੰ ਚੁਕਾਉਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਦੁਨੀਆ ਦੇ ਕਿਸੇ ਹਿੱਸੇ ਵਿੱਚ ਯੁੱਧ ਜਾਂ ਤਣਾਅ ਵਧਦਾ ਹੈ ਤਾਂ ਇਸ ਦਾ ਅਸਰ ਸਿਰਫ ਸਬੰਧਤ ਦੇਸ਼ਾਂ ਤੱਕ ਸੀਮਿਤ ਨਹੀਂ ਰਹਿੰਦਾ, ਸਗੋਂ ਆਰਥਿਕਤਾ, ਵਪਾਰ ਅਤੇ ਸਮਾਜਿਕ ਸਥਿਤੀ ’ਤੇ ਵੀ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਸਾਰੇ ਦੇਸ਼ਾਂ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਹ ਟਕਰਾਅ ਦੀ ਬਜਾਏ ਸੰਵਾਦ ਅਤੇ ਕੂਟਨੀਤੀ ਦਾ ਰਾਹ ਅਪਣਾਉਣ। ਗੱਲਬਾਤ ਅਤੇ ਸਾਂਝੇ ਯਤਨਾਂ ਰਾਹੀਂ ਹੀ ਮਸਲਿਆਂ ਦਾ ਸ਼ਾਂਤੀਪੂਰਨ ਹੱਲ ਲੱਭਿਆ ਜਾ ਸਕਦਾ ਹੈ।