ਡੀਆਰਐੱਮ ਸੰਜੀਵ ਕੁਮਾਰ ਵੱਲੋਂ 30 ਮਹਿਲਾ ਕਰਮਚਾਰੀਆਂ ਦਾ ਸਨਮਾਨ
ਫਿਰੋਜ਼ਪੁਰ ਰੇਲਵੇ ਕਲੱਬ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ
Publish Date: Fri, 20 Mar 2026 06:30 PM (IST)
Updated Date: Fri, 20 Mar 2026 06:34 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਰੇਲਵੇ ਕਲੱਬ ਫਿਰੋਜ਼ਪੁਰ ਵਿਖੇ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਦੌਰਾਨ ਮਹਿਲਾ ਰੇਲ ਕਰਮਚਾਰੀਆਂ ਨੇ ਰੇਲਵੇ ਦੇ ਵੱਖ-ਵੱਖ ਵਿਭਾਗਾਂ ਵਿਚ ਕੀਤੇ ਜਾ ਰਹੇ ਸ਼ਲਾਘਾਯੋਗ ਕਾਰਜਾਂ ਬਾਰੇ ਚਰਚਾ ਕੀਤੀ ਅਤੇ ਆਪਣੇ ਵਿਚਾਰ ਸਾਂਝੇ ਕੀਤੇ। ਸਮਾਗਮ ਦੌਰਾਨ ਮਹਿਲਾ ਸਸ਼ਕਤੀਕਰਨ ’ਤੇ ਆਧਾਰਿਤ ਇਕ ਨੁੱਕੜ ਨਾਟਕ ਖੇਡਿਆ ਗਿਆ, ਜਿਸ ਨੇ ਸਭ ਨੂੰ ਜਾਗਰੂਕ ਅਤੇ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਮਹਿਲਾ ਕਰਮਚਾਰੀਆਂ ਵੱਲੋਂ ਹੋਰ ਸੱਭਿਆਚਾਰਕ ਪੇਸ਼ਕਾਰੀਆਂ ਵੀ ਦਿੱਤੀਆਂ ਗਈਆਂ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਆਪਣੇ ਸੰਬੋਧਨ ਵਿਚ ਦੱਸਿਆ ਕਿ ਭਾਰਤੀ ਰੇਲਵੇ ਵਿਚ ਔਰਤਾਂ ਦੀ ਹਿੱਸੇਦਾਰੀ ਲਗਾਤਾਰ ਵੱਧ ਰਹੀ ਹੈ। ਉਨ੍ਹਾਂ ਦੱਸਿਆ ਫਿਰੋਜ਼ਪੁਰ ਮੰਡਲ ਵਿਚ ਮਹਿਲਾ ਕਰਮਚਾਰੀਆਂ ਦੀ ਦਰ 6.49 ਪ੍ਰਤੀਸ਼ਤ ਹੈ, ਜੋ ਲਗਾਤਾਰ ਵੱਧ ਰਹੀ ਹੈ। ਹੁਣ ਔਰਤਾਂ ਸਿਰਫ਼ ਦਫ਼ਤਰਾਂ ਤੱਕ ਸੀਮਤ ਨਹੀਂ ਹਨ, ਸਗੋਂ ਟਰੇਨ ਸੰਚਾਲਨ ਵਰਗੇ ਅਹਿਮ ਕਾਰਜਾਂ ਵਿਚ ਵੀ ਭੂਮਿਕਾ ਨਿਭਾ ਰਹੀਆਂ ਹਨ। ਜਲੰਧਰ ਸਿਟੀ ਸਟੇਸ਼ਨ ਦਾ ਇਕ ਦਿਨ ਪੂਰੀ ਤਰ੍ਹਾਂ ਔਰਤਾਂ ਦੇ ਨਾਂ ਰਿਹਾ, ਜਿੱਥੇ ਟਿਕਟ ਚੈਕਿੰਗ, ਗੱਡੀ ਦੀ ਮੁਰੰਮਤ, ਸਿਗਨਲਿੰਗ ਆਪਰੇਸ਼ਨ ਆਦਿ ਸਾਰੇ ਕੰਮ ਮਹਿਲਾ ਕਰਮਚਾਰੀਆਂ ਨੇ ਸੰਭਾਲੇ। ਜਲੰਧਰ ਤੋਂ ਫਿਰੋਜ਼ਪੁਰ ਵਿਚਕਾਰ ਇਕ ਰੇਲ ਗੱਡੀ ਦਾ ਸੰਚਾਲਨ ਪੂਰੀ ਤਰ੍ਹਾਂ ਮਹਿਲਾ ਸਟਾਫ਼ ਵੱਲੋਂ ਕੀਤਾ ਗਿਆ। ਉਨ੍ਹਾਂ ਇਸ ਸਾਲ ਦੇ ਥੀਮ ‘‘ਗਵ ਟੂ ਅਗੇਨ’’ ਬਾਰੇ ਦੱਸਦਿਆਂ ਲੜਕੀਆਂ ਨੂੰ ਮਿਆਰੀ ਸਿੱਖਿਆ ਦੇਣ ’ਤੇ ਜ਼ੋਰ ਦਿੱਤਾ। ਪ੍ਰੋਗਰਾਮ ਦੇ ਅੰਤ ਵਿਚ ਵੱਖ-ਵੱਖ ਖੇਤਰਾਂ ਵਿਚ ਵਧੀਆ ਕੰਮ ਕਰਨ ਵਾਲੀਆਂ 30 ਮਹਿਲਾ ਰੇਲ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਮਹਿਲਾ ਦਿਵਸ ਹਫ਼ਤੇ ਦੌਰਾਨ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਉੱਤਰ ਰੇਲਵੇ ਮਹਿਲਾ ਭਲਾਈ ਸੰਸਥਾ ਫਿਰੋਜ਼ਪੁਰ ਦੀ ਪ੍ਰਧਾਨ ਡਾ. ਮੋਨੀਸ਼ਾ ਸ਼ਰਮਾ ਵੱਲੋਂ ਇਨਾਮ ਵੰਡੇ ਗਏ। ਇਸ ਮੌਕੇ ਵਧੀਕ ਮੰਡਲ ਰੇਲ ਪ੍ਰਬੰਧਕ ਨਿਤਿਨ ਗਰਗ, ਸੀਨੀਅਰ ਮੰਡਲ ਪਰਸੋਨਲ ਅਫ਼ਸਰ ਸਾਕਸ਼ੀ ਸਿੰਘ ਸਮੇਤ ਹੋਰ ਕਈ ਉੱਚ ਅਧਿਕਾਰੀ ਹਾਜ਼ਰ ਸਨ।