ਭਾਸ਼ਾ ਕੇਵਲ ਸੰਚਾਰ ਦਾ ਸਾਧਨ ਹੀ ਨਹੀਂ ਸਗੋਂ ਮਨੁੱਖੀ ਅਹਿਸਾਸਾਂ ਦੀ ਤਰਜਮਾਨੀ ਹੈ
ਜ਼ਿਲ੍ਹਾ ਭਾਸ਼ਾ ਦਫ਼ਤਰ ਫਿਰੋਜ਼ਪੁਰ ਵੱਲੋਂ ਮਨਾਇਆ ਗਿਆ ਕੌਮਾਂਤਰੀ ਮਾਂ ਬੋਲੀ ਦਿਹਾੜਾ
Publish Date: Sun, 22 Feb 2026 04:51 PM (IST)
Updated Date: Sun, 22 Feb 2026 04:54 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਿਰੋਜ਼ਪੁਰ ਵੱਲੋਂ ਕੌਮਾਂਤਰੀ ਮਾਤ ਭਾਸ਼ਾ ਦਿਹਾੜਾ ਸਥਾਨਕ ਡੀਏਵੀ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਛਾਉਣੀ ਵਿਖੇ ਮਨਾਇਆ ਗਿਆ। ‘ਮਾਤ ਭਾਸ਼ਾ ਅਤੇ ਸਾਹਿਤ ਵਿਭਿੰਨ ਸਰੋਕਾਰ’ ਵਿਸ਼ੇ ’ਤੇ ਬੋਲਣ ਲਈ ਮੁੱਖ ਬੁਲਾਰੇ ਵਜੋਂ ਪਹੁੰਚੇ ਉੱਘੇ ਚਿੰਤਕ ਅਤੇ ਸ਼ਾਇਰ ਹਰਮੀਤ ਵਿਦਿਆਰਥੀ ਨੇ ਕਿਹਾ ਕਿ ਭਾਸ਼ਾ ਕੇਵਲ ਸੰਚਾਰ ਦਾ ਸਾਧਨ ਹੀ ਨਹੀਂ ਹੁੰਦੀ ਸਗੋਂ ਇਹ ਮਨੁੱਖੀ ਅਹਿਸਾਸਾਂ ਦੀ ਤਰਜਮਾਨੀ ਵੀ ਕਰਦੀ ਹੈ। ਇਸ ਕਰਕੇ ਇਸਦੀ ਭੂਮਿਕਾ ਮਨੁੱਖੀ ਜੀਵਨ ਵਿਚ ਬਹੁਤ ਵੱਡੀ ਹੈ। ਰਸੂਲ ਹਮਜ਼ਾਤੋਵ ਦੀ ਵਿਸ਼ਵ ਪ੍ਰਸਿੱਧ ਪੁਸਤਕ ਮੇਰਾ ਦਾਗਿਸਤਾਨ ਦੇ ਹਵਾਲੇ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਮਾਤ ਭਾਸ਼ਾ ਦੀ ਮਨੁੱਖੀ ਜੀਵਨ ਵਿਚ ਮਹੱਤਤਾ ਬਾਰੇ ਵਿਹਾਰਕ ਪੱਧਰ ’ਤੇ ਵਿਸਥਾਰ ਸਹਿਤ ਚਰਚਾ ਕੀਤੀ। ਵਿਸ਼ੇ ’ਤੇ ਵਿਚਾਰ ਚਰਚਾ ਕਰਦਿਆਂ ਖੋਜਾਰਥੀ ਸੁਰਿੰਦਰ ਕੰਬੋਜ਼ ਨੇ ਪੰਜਾਬੀ ਭਾਸ਼ਾ ਦੇ ਇਤਿਹਾਸ ਬਾਰੇ ਗੱਲ ਕਰਨ ਤੋਂ ਬਾਅਦ ਇਸਦੇ ਆਰਥਿਕ ਤੇ ਸਮਾਜਿਕ ਸਰੋਕਾਰਾਂ ਬਾਰੇ ਗੱਲ ਕੀਤੀ। ਪੰਜਾਬੀ ਭਾਸ਼ਾ ਵਿਚ ਰੁਜ਼ਗਾਰ ਦੀਆਂ ਸੰਭਾਵਨਾਵਾਂ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ। ਵਿਚਾਰ ਚਰਚਾ ਨੂੰ ਅੱਗੇ ਤੋਰਦਿਆਂ ਉੱਘੇ ਨਿਬੰਧਕਾਰ ਨਰਿੰਦਰ ਸਿੰਘ ਨੇ ਭਾਸ਼ਾਵਾਂ ਦੇ ਸਤਿਕਾਰ ਬਾਰੇ ਗੱਲ ਕਰਦਿਆਂ ਕਿਹਾ ਕਿ ਭਾਸ਼ਾ ਕਿਸੇ ਇਕੱਲੇ ਦੀ ਨਹੀਂ ਹੁੰਦੀ ਸਗੋਂ ਭਾਸ਼ਾ ਸਭ ਦੀ ਸਾਂਝੀ ਹੁੰਦੀ ਹੈ। ਇਸ ਮੌਕੇ ’ਤੇ ਸੰਗੀਤ ਦੇ ਖੇਤਰ ਵਿਚ ਨਾਮਣਾ ਖੱਟ ਚੁੱਕੇ ਉੱਘੇ ਗਾਇਕ ਤਰਸੇਮ ਅਰਮਾਨ ਅਤੇ ਕਮਲ ਦਰਾਵਿੜ ਨੇ ਆਪਣੀ ਸਾਹਿਤਿਕ ਗਾਇਕੀ ਦੇ ਰੰਗ ਬਖੇਰੇ। ਸੂਫੀ ਗਾਇਕੀ ਦੀ ਰੰਗਤ ਨੇ ਸਰੋਤਿਆਂ ਨੂੰ ਝੂੰਮਣ ਲਾ ਦਿੱਤਾ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਉੱਘੇ ਸ਼ਾਇਰ ਅਤੇ ਅਨੁਵਾਦਕ ਪ੍ਰੋ. ਜਸਪਾਲ ਘਈ ਨੇ ਆਪਣੀ ਸਮੇਟਵੀਂ ਟਿੱਪਣੀ ਕਰਦਿਆਂ ਭਾਸ਼ਾ ਅਤੇ ਬੋਲੀ ਦੇ ਆਪਸੀ ਸਬੰਧਾਂ ਨੂੰ ਬਹੁਤ ਹੀ ਸੌਖੇ ਢੰਗ ਨਾਲ ਭਾਸ਼ਾ ਵਿਗਿਆਨੀ ਸੋਸਿਉਰ ਦੇ ਸੰਕਲਪਾਂ ਲਾਂਗ ਅਤੇ ਪੈਰੋਲ ਦੇ ਹਵਾਲੇ ਨਾਲ ਆਪਣੇ ਵਿਚਾਰ ਰੱਖੇ। ਕੌਮਾਂਤਰੀ ਮਾਤ ਭਾਸ਼ਾ ਦਿਹਾੜੇ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਉਹਨਾਂ ਨੇ ਮਾਤ ਭਾਸ਼ਾ ਦੇ ਸੰਕਲਪ ਤੋਂ ਵੀ ਵਿਦਿਆਰਥੀਆਂ ਨੂੰ ਵਿਹਾਰਕ ਪੱਧਰ ’ਤੇ ਜਾਣੂ ਕਰਵਾਇਆ। ਇਸ ਵੇਲੇ ਉਨ੍ਹਾਂ ਨੇ ਪਾਕਿਸਤਾਨ ਵਿੱਚ ਪੰਜਾਬੀ ਭਾਸ਼ਾ ਲਈ ਕੀਤੇ ਜਾ ਰਹੇ ਯਤਨਾਂ ਦੀ ਪ੍ਰਸੰਸਾ ਕਰਦਿਆਂ ਹਾਜ਼ਰ ਸਰੋਤਿਆਂ ਰਾਹੀਂ ਇਹ ਵੀ ਅਹਿਦ ਲਿਆ ਕਿ ਅਸੀਂ ਅਜਿਹੇ ਯਤਨਾਂ ਦੀ ਪੁਰਜ਼ੋਰ ਹਾਮੀ ਭਰਦੇ ਹਾਂ। ਇਸ ਮੌਕੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸਿੰਘ ਸੰਧੂ ਨੇ ਇਸ ਦਿਨ ਦੀ ਮਹੱਤਤਾ ਅਤੇ ਇਤਿਹਾਸ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਆਪਣੀ ਮਾਤ ਭਾਸ਼ਾ ਦੀ ਲੜਾਈ ਲੜਦਿਆਂ ਜੋ ਲੋਕ ਬੰਗਲਾਦੇਸ਼ ਵਿਚ ਸ਼ਹੀਦ ਹੋ ਗਏ ਸਨ, ਸਾਨੂੰ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਅਤੇ ਵਰਤਮਾਨ ਦੌਰ ਵਿਚ ਮਾਤ ਭਾਸ਼ਾਵਾਂ ਦੀ ਵਿਭਿੰਨਤਾ ਅਤੇ ਵਿਲੱਖਣਤਾ ਹੀ ਕਿਸੇ ਕੌਮ ਦੇ ਵਿਲੱਖਣ ਪਛਾਣ ਚਿੰਨ੍ਹਾਂ ਨੂੰ ਕਾਇਮ ਰੱਖ ਸਕਦੀ ਹੈ। ਇਸ ਕਰਕੇ ਸਮਕਾਲੀ ਦੌਰ ਵਿਚ ਮਾਤ ਭਾਸ਼ਾ ਦਾ ਮਹੱਤਵ ਹੋਰ ਵੀ ਜ਼ਿਆਦਾ ਵੱਧ ਜਾਂਦਾ ਹੈ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਸੀਮਾ ਅਰੋੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਲਈ ਇਹ ਖੁਸ਼ਕਿਸਮਤੀ ਵਾਲੀ ਗੱਲ ਹੈ ਕਿ ਅਜਿਹਾ ਸਾਰਥਕ ਉਪਰਾਲਾ ਇਸ ਕਾਲਜ ਵਿਚ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਇਹ ਉਪਰਾਲਾ ਇਸ ਕਰਕੇ ਵੀ ਵਧੇਰੇ ਮਹੱਤਵ ਰੱਖਦਾ ਹੈ ਕਿਉਂਕਿ ਵਰਤਮਾਨ ਦੌਰ ਵਿਚ ਵਿਦਿਆਰਥੀ ਮਾਤ ਭਾਸ਼ਾ ਤੋਂ ਦੂਰ ਜਾ ਰਹੇ ਹਨ। ਅਜਿਹੇ ਸਮਿਆਂ ਵਿਚ ਭਾਸ਼ਾ ਵਿਭਾਗ, ਪੰਜਾਬ ਦਾ ਅਜਿਹਾ ਉਪਰਾਲਾ ਵਿਦਿਆਰਥੀਆਂ ਲਈ ਵੀ ਬੇਹੱਦ ਲਾਹੇਵੰਦ ਹੈ। ਆਪਣੇ ਢੁੱਕਵੇਂ ਮੰਚ ਸੰਚਾਲਨ ਰਾਹੀਂ ਕਹਾਣੀਕਾਰ ਅਤੇ ਸਹਾਇਕ ਪ੍ਰੋ. ਡਾ. ਅੰਮ੍ਰਿਤਪਾਲ ਕੌਰ ਨੇ ਸਮਾਗਮ ਵਿਚ ਰੋਚਕਤਾ ਬਣਾਈ ਰੱਖੀ । ਇਸ ਮੌਕੇ ’ਤੇ ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਿਰੋਜ਼ਪੁਰ ਵੱਲੋਂ ਸੇਲ ਇੰਚਾਰਜ਼ ਚੇਤਨ ਕੁਮਾਰ ਦੀ ਅਗਵਾਈ ਵਿਚ ਵਿਨੋਦ ਕੁਮਾਰ ਵੱਲੋਂ ਪੁਸਤਕ ਪ੍ਰਦਰਸ਼ਨੀ ਲਗਾਈ ਗਈ ਜਿਸ ਦਾ ਆਏ ਹੋਏ ਸਰੋਤਿਆਂ ਅਤੇ ਵਿਦਿਆਰਥੀਆਂ ਨੇ ਭਰਪੂਰ ਲਾਭ ਉਠਾਇਆ। ਇਸ ਮੌਕੇ ’ਤੇ ਉੱਘੇ ਸਮਾਜ ਸੇਵੀ ਹਰੀਸ਼ ਮੌਂਗਾ, ਸਾਹਿਤਕਾਰ ਓਮ ਪ੍ਰਕਾਸ਼ ਸਰੋਏ ਅਤੇ ਸੁਖਦੇਵ ਭੱਟੀ ਤੋਂ ਇਲਾਵਾ ਹੋਰ ਵੀ ਨਾਮਵਰ ਸ਼ਖਸੀਅਤਾਂ ਤੋਂ ਇਲਾਵਾ ਕਾਲਜ ਦਾ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ। ਸਮਾਗਮ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜਨ੍ਹ ਵਿਚ ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਿਰੋਜ਼ਪੁਰ ਦਾ ਸਮੁੱਚਾ ਸਟਾਫ਼ ਅਤੇ ਪੰਜਾਬੀ ਵਿਭਾਗ ਡੀਏਵੀ ਕਾਲਜ ਫ਼ਿਰੋਜ਼ਪੁਰ ਛਾਉਣੀ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ। ਅੰਤ ’ਤੇ ਆਏ ਹੋਏ ਮਹਿਮਾਨਾਂ ਨੂੰ ਭਾਸ਼ਾ ਵਿਭਾਗ, ਪੰਜਾਬ ਦੀਆਂ ਪ੍ਰਕਾਸ਼ਿਤ ਪੁਸਤਕਾਂ ਨਾਲ ਸਨਮਾਨਿਤ ਕੀਤਾ ਗਿਆ।