ਬੀਮਾ ਪ੍ਰਬੰਧਕ ਨੇ ਕਾਰ ਕੰਪਨੀ ਨਾਲ ਮਾਰੀ 11 ਲੱਖ ਦੀ ਠੱਗੀ
ਇੰਸ਼ੋਰੈਂਸ ਮੈਨੇਜਰ ਨੇ ਕਾਰ ਕੰਪਨੀ ਨਾਲ ਮਾਰੀ 11 ਲੱਖ ਦੀ ਠੱਗੀ
Publish Date: Fri, 20 Mar 2026 07:46 PM (IST)
Updated Date: Sat, 21 Mar 2026 04:13 AM (IST)

- ਗਾਹਕਾਂ ਦਾ ਡਾਟਾ ਚੋਰੀ ਕਰ ਕੇ ਮਾਂ ਤੇ ਭਰਾ ਦੇ ਖਾਤਿਆਂ ’ਚ ਪੁਆਏ ਲੱਖਾਂ ਰੁਪਏ - ਡੀਐੱਸਪੀ ਕਰਨ ਸ਼ਰਮਾ ਨੇ ਲੰਬੀ ਜਾਂਚ ਮਗਰੋਂ ਕੀਤੀ ਕਾਰਵਾਈ - ਪੁਲਿਸ ਨੇ ਮਾਂ-ਪੁੱਤਾਂ ਖ਼ਿਲਾਫ਼ ਦਰਜ ਕੀਤਾ ਮੁਕੱਦਮਾ : ਡੀਐਸਪੀ ਫੋਟੋ ਫਾਈਲ; 20ਐਫਜੈਡਆਰ 25,26 ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਧੋਖਾਧੜੀ ਦੇ ਇਕ ਵੱਡੇ ਮਾਮਲੇ ਦਾ ਪਰਦਾਫਾਸ਼ ਕਰਦਿਆਂ ਫਿਰੋਜ਼ਪੁਰ ਦਿਹਾਤੀ ਪੁਲਿਸ ਨੇ ‘ਬਰਾੜ ਹੁੰਡਾਈ’ (ਬਰਾੜ ਆਟੋ ਮੋਟਿਵ) ਕੰਪਨੀ ਦੇ ਹੀ ਇਨਸ਼ੋਰੈਂਸ ਮੈਨੇਜਰ ਤੇ ਉਸ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਥਾਣਾ ਕੁੱਲਗੜ੍ਹੀ ’ਚ ਮਾਮਲਾ ਦਰਜ ਕੀਤਾ ਹੈ। ਡੀਐੱਸਪੀ ਦਿਹਾਤੀ ਕਰਨ ਸ਼ਰਮਾ ਵੱਲੋਂ ਕੀਤੀ ਗਈ ਲੰਬੀ ਜਾਂਚ ਮਗਰੋਂ ਅਮਲ ’ਚ ਲਿਆਂਦੀ ਗਈ ਇਹ ਕਾਰਵਾਈ ਰਿਪੋਰਟ ਨੰਬਰ 974-ਪੀਸੀਆਰ ਦੇ ਆਧਾਰ ’ਤੇ ਕੀਤੀ ਗਈ ਸੀ, ਜਿਸ ਤੋਂ ਬਾਅਦ ਥਾਣਾ ਕੁੱਲਗੜ੍ਹੀ ’ਚ ਕੰਪਨੀ ਦੇ ਇੰਸ਼ੋਰੈਂਸ ਮੈਨੇਜਰ, ਉਸਦੇ ਭਰਾ ਤੇ ਉਸ ਦੀ ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ’ਤੇ ਦੋਸ਼ ਹੈ ਕਿ ਇਨ੍ਹਾਂ ਨੇ ਇਕ ਗਿਣੀ ਮਿਥੀ ਸਾਜ਼ਿਸ਼ ਤਹਿਤ ਕੰਪਨੀ ਨਾਲ ਧੋਖਾਧੜੀ ਤੇ ਕੰਪਨੀ ਦਾ ਡਾਟਾ ਚੋਰੀ ਕਰ ਕੇ 11 ਲੱਖ ਰੁਪਏ ਦੀ ਠੱਗੀ ਮਾਰੀ ਹੈ। ਜਾਣਕਾਰੀ ਦਿੰਦਿਆਂ ਡੀਐੱਸਪੀ ਕਰਨ ਸ਼ਰਮਾ ਨੇ ਦੱਸਿਆ ਕਿ ਮਾਮਲੇ ਸਬੰਧੀ ਅਗਸਤ-2025 ’ਚ ਬਰਾੜ ਹੁੰਡਾਈ ਨਾਲ ਸਬੰਧਤ ਅਮਨਦੀਪ ਸਿੰਘ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ। ਜਾਂਚ ਦੌਰਾਨ ਖੁਲਾਸਾ ਹੋਇਆ ਕਿ ਸ਼ੋਅਰੂਮ ’ਚ ਤਾਇਨਾਤ ਇੰਸ਼ੋਰੈਂਸ ਮੈਨੇਜਰ ਸ਼ਮਿੰਦਰ ਸਿੰਘ ਵਾਸੀ ਰਣਜੀਤਗੜ੍ਹ (ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ) ਨੇ ਆਪਣੇ ਭਰਾ ਅਮਨਪ੍ਰੀਤ ਸਿੰਘ ਨਾਲ ਮਿਲ ਕੇ ਕੰਪਨੀ ਦੇ ਭਰੋਸੇ ਦਾ ਗ਼ਲਤ ਫਾਇਦਾ ਉਠਾਇਆ ਹੈ। ਮੁਲਜ਼ਮਾਂ ਨੇ ਕੰਪਨੀ ਦੇ ਇੰਸ਼ੋਰੈਂਸ ਪੋਰਟਲ ਰਾਹੀਂ 69 ਗਾਹਕਾਂ ਦੀਆਂ ਬੀਮਾ ਪਾਲਸੀਆਂ ਤਿਆਰ ਕੀਤੀਆਂ ਤੇ ਕਰੀਬ 11,29,281 ਰੁਪਏ ਦੀ ਰਕਮ ਕੰਪਨੀ ਦੇ ਖਾਤੇ ਵਿਚ ਜਮ੍ਹਾਂ ਕਰਵਾਉਣ ਦੀ ਬਜਾਏ ਆਪਣੇ ਨਿੱਜੀ ਖਾਤਿਆਂ ’ਚ ਟਰਾਂਸਫਰ ਕਰ ਲਈ। ਇਸ ਤੋਂ ਬਾਅਦ ਇਹ ਰਕਮ ਉਨ੍ਹਾਂ ਦੀ ਮਾਤਾ ਸੁਨੀਤਾ ਰਾਣੀ ਦੇ ਖਾਤੇ ਵਿਚ ਭੇਜੀ ਗਈ। ਪੜਤਾਲ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮਾਂ ਨੇ ਕੰਪਨੀ ਦੇ ਗਾਹਕਾਂ ਦਾ ਗੁਪਤ ਡਾਟਾ ਚੋਰੀ ਕਰ ਕੇ ਉਸ ਦੀ ਨਿੱਜੀ ਵਰਤੋਂ ਕੀਤੀ, ਜੋ ਕਿ ਆਈਟੀ ਐਕਟ ਤਹਿਤ ਵੀ ਗੰਭੀਰ ਉਲੰਘਣਾ ਹੈ। ਸੀਨੀਅਰ ਕਪਤਾਨ ਪੁਲਿਸ ਦੀ ਮਨਜ਼ੂਰੀ ਤੋਂ ਬਾਅਦ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਸ਼ਮਿੰਦਰ ਸਿੰਘ, ਅਮਨਪ੍ਰੀਤ ਸਿੰਘ ਤੇ ਸੁਨੀਤਾ ਰਾਣੀ ਖ਼ਿਲਾਫ਼ ਜ਼ੇਰੇ ਦਫਾ 406, 477-ਏ, 120-ਬੀ ਆਈਪੀਸੀ ਤੇ 43, 66, 72 ਆਈਟੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਗਲੇਰੀ ਜਾਂਚ ਜਾਰੀ ਹੈ ਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।