ਬਾਰ ਐਸੋਸੀਏਸ਼ਨ ਵੱਲੋਂ ‘ਨੋ ਵਰਕ ਡੇਅ’ ਦਾ ਐਲਾਨ
ਬਾਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਫ਼ਿਰੋਜ਼ਪੁਰ ਬਾਰ ਐਸੋਸੀਏਸ਼ਨ ਵੱਲੋਂ 18 ਮਾਰਚ ਤੱਕ ‘ਨੋ ਵਰਕ ਡੇਅ’ ਦਾ ਐਲਾਨ
Publish Date: Tue, 17 Mar 2026 06:43 PM (IST)
Updated Date: Tue, 17 Mar 2026 06:46 PM (IST)

ਅੰਗਰੇਜ਼ ਭੁੱਲਰ, ਪੰਜਾਬੀ ਜਾਗਰਣ ਫਿਰੋਜ਼ਪੁਰ : ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਿਰੋਜ਼ਪੁਰ ਦੀ ਕਾਰਜਕਾਰੀ ਕਮੇਟੀ ਦੀ ਇਕ ਮੀਟਿੰਗ ਪ੍ਰਧਾਨ ਐਡਵੋਕੇਟ ਲਵਜੀਤ ਪਾਲ ਸਿੰਘ ਟੁਰਨਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੀਆਂ ਚੱਲ ਰਹੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਇਕ ਵੱਡਾ ਫ਼ੈਸਲਾ ਲਿਆ ਗਿਆ ਹੈ। ਬਾਰ ਐਸੋਸੀਏਸ਼ਨ ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਹੈ ਕਿ 16 ਮਾਰਚ ਤੋਂ ਲੈ ਕੇ 18 ਮਾਰਚ ਤੱਕ ਅਦਾਲਤੀ ਕੰਮਕਾਜ ਪੂਰੀ ਤਰ੍ਹਾਂ ਬੰਦ ਰੱਖਿਆ ਜਾਵੇਗਾ ਅਤੇ ਇਨ੍ਹਾਂ ਤਿੰਨ ਦਿਨਾਂ ਨੂੰ ‘ਨੋ ਵਰਕ ਡੇਅ’ ਵਜੋਂ ਮਨਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲਵਜੀਤ ਪਾਲ ਸਿੰਘ ਟੁਰਨਾ ਦੱਸਿਆ ਕਿ ਬਾਰ ਕੌਂਸਲ ਦੀਆਂ ਚੋਣਾਂ 17 ਅਤੇ 18 ਮਾਰਚ ਨੂੰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਹੋਣੀਆਂ ਤੈਅ ਹੋਈਆਂ ਹਨ। ਇਨ੍ਹਾਂ ਚੋਣਾਂ ਵਿਚ ਫ਼ਿਰੋਜ਼ਪੁਰ ਬਾਰ ਐਸੋਸੀਏਸ਼ਨ ਦੇ ਸਮੂਹ ਮੈਂਬਰ ਅਤੇ ਵਕੀਲ ਆਪਣੇ ਪਸੰਦੀਦਾ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕਰਨ ਅਤੇ ਚੋਣ ਪ੍ਰਕਿਰਿਆ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਵਿਚ ਰੁੱਝੇ ਹੋਣਗੇ। ਇਸ ਰੁਝੇਵੇਂ ਕਾਰਨ ਵਕੀਲਾਂ ਲਈ ਅਦਾਲਤਾਂ ਵਿਚ ਪੇਸ਼ ਹੋਣਾ ਸੰਭਵ ਨਹੀਂ ਹੋਵੇਗਾ, ਜਿਸ ਕਾਰਨ ਕੰਮਕਾਜ ਠੱਪ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਬਾਰ ਐਸੋਸੀਏਸ਼ਨ ਨੇ ਸਾਰੇ ਨਿਆਇਕ ਅਧਿਕਾਰੀਆਂ, ਰੈਵੀਨਿਊ ਅਦਾਲਤਾਂ, ਜ਼ਿਲ੍ਹਾ ਖਪਤਕਾਰ ਫੋਰਮ ਦੇ ਪ੍ਰਧਾਨ ਅਤੇ ਪੀਐੱਲਏ ਫ਼ਿਰੋਜ਼ਪੁਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਟਾਰੀਆਂ ਨੂੰ ਲਿਖਤੀ ਬੇਨਤੀ ਭੇਜੀ ਹੈ। ਇਸ ਵਿਚ ਅਪੀਲ ਕੀਤੀ ਗਈ ਹੈ ਕਿ 16 ਤੋਂ 18 ਮਾਰਚ ਤੱਕ ਵਕੀਲਾਂ ਦੀ ਗੈਰ-ਹਾਜ਼ਰੀ ਕਾਰਨ ਕੇਸਾਂ ਦੀ ਸੁਣਵਾਈ ਅਗਲੀ ਕਿਸੇ ਤਾਰੀਖ਼ ਲਈ ਮੁਲਤਵੀ ਕਰ ਦਿੱਤੀ ਜਾਵੇ। ਇਸ ਤੋਂ ਇਲਾਵਾ ਬਾਰ ਐਸੋਸੀਏਸ਼ਨ ਨੇ ਆਪਣੇ ਮੈਂਬਰਾਂ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ। ਐਸੋਸੀਏਸ਼ਨ ਨੇ ਸਪਸ਼ਟ ਕੀਤਾ ਹੈ ਕਿ ਜੇਕਰ ਕੋਈ ਵੀ ਵਕੀਲ ਇਸ ਫ਼ੈਸਲੇ ਦੀ ਉਲੰਘਣਾ ਕਰਦਾ ਹੈ ਜਾਂ ‘ਨੋ ਵਰਕ ਡੇਅ’ ਦੌਰਾਨ ਅਦਾਲਤੀ ਕੰਮ ਕਰਦਾ ਪਾਇਆ ਜਾਂਦਾ ਹੈ, ਤਾਂ ਉਸ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ ਅਤੇ ਜੁਰਮਾਨਾ ਲਗਾਇਆ ਜਾਵੇਗਾ।