ਰਾਏ ਸਿੱਖ ਸਮਾਜ ਸੁਧਾਰ ਸਭਾ ਨੇ ਸਮਾਜਿਕ ਤੇ ਸਿਆਸੀ ਮੁੱਦੇ ਵਿਚਾਰੇ
ਰਾਏ ਸਿੱਖ ਸਮਾਜ ਸੁਧਾਰ ਸਭਾ ਦੀ ਅਹਿਮ ਮੀਟਿੰਗ ਹੋਈ
Publish Date: Mon, 13 Apr 2026 03:35 PM (IST)
Updated Date: Mon, 13 Apr 2026 03:40 PM (IST)

ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਪਿੰਡ ਭੰਬਾ ਹਾਜੀ ਵਿਖੇ ‘ਰਾਏ ਸਿੱਖ ਸਮਾਜ ਸੁਧਾਰ ਸਭਾ ਪੰਜਾਬ’ ਦੀ ਇੱਕ ਵਿਸ਼ੇਸ਼ ਮੀਟਿੰਗ ਸੂਬਾ ਪ੍ਰਧਾਨ ਕਾਮਰੇਡ ਹੰਸਾ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ (ਛਿੰਦਰ) ਦੀ ਪ੍ਰਧਾਨਗੀ ਹੇਠ ਸੰਪੰਨ ਹੋਈ। ਇਸ ਮੀਟਿੰਗ ਵਿਚ ਵੱਡੀ ਗਿਣਤੀ ਵਿਚ ਸਮਾਜਿਕ ਆਗੂਆਂ ਅਤੇ ਇਲਾਕਾ ਨਿਵਾਸੀਆਂ ਨੇ ਸ਼ਿਰਕਤ ਕੀਤੀ, ਜਿੱਥੇ ਸਮਾਜ ਨੂੰ ਦਰਪੇਸ਼ ਮੁਸ਼ਕਲਾਂ ਅਤੇ ਭਵਿੱਖ ਦੀ ਰਾਜਨੀਤਿਕ ਰਣਨੀਤੀ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਮੁੱਖ ਤੌਰ ’ਤੇ ਸਮਾਜਿਕ ਬੁਰਾਈਆਂ ਦੇ ਖਾਤਮੇ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ ਗਿਆ। ਇਸ ਦੇ ਨਾਲ ਹੀ ਸਾਲ 2007 ਦੀਆਂ ਟੁੱਟੀਆਂ ਹੋਈਆਂ ਜ਼ਮੀਨਾਂ ਨੂੰ ਮੁੜ ਬਹਾਲ ਕਰਵਾਉਣ ਲਈ ਗੰਭੀਰਤਾ ਨਾਲ ਚਰਚਾ ਕੀਤੀ ਗਈ। ਆਗੂਆਂ ਨੇ ਕਿਹਾ ਕਿ ਇਹ ਮਸਲਾ ਲੰਬੇ ਸਮੇਂ ਤੋਂ ਲਟਕ ਰਿਹਾ ਹੈ ਅਤੇ ਇਸ ਦੇ ਹੱਲ ਲਈ ਜਥੇਬੰਦਕ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਮੀਟਿੰਗ ਦੇ ਅਖੀਰ ਵਿੱਚ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਲਈ ਮਮਦੋਟ ਬਲਾਕ ਦੀ ਨਵੀਂ ਕਮੇਟੀ ਦੀ ਚੋਣ ਕੀਤੀ ਗਈ। ਸਰਬਸੰਮਤੀ ਨਾਲ ਬਲਵੀਰ ਸਿੰਘ ਨੂੰ ਬਲਾਕ ਪ੍ਰਧਾਨ ਚੁਣਿਆ ਗਿਆ, ਜਦਕਿ ਕਿਸਾਨ ਆਗੂ ਗੁਰਦੀਪ ਸਿੰਘ ਨੂੰ ਜ਼ਿਲ੍ਹੇ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਨਵੇਂ ਚੁਣੇ ਗਏ ਅਹੁਦੇਦਾਰਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਸਮਾਜ ਦੀ ਭਲਾਈ ਅਤੇ ਹੱਕਾਂ ਦੀ ਰਾਖੀ ਲਈ ਦਿਨ-ਰਾਤ ਕੰਮ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨੰਬਰਦਾਰ ਬਲਕਾਰ ਸਿੰਘ ਗੰਧੂ ਕਿਲਚਾ, ਨੰਬਰਦਾਰ ਪਿਆਰਾ ਸਿੰਘ ਭੰਬਾ ਹਾਜੀ, ਬਲਵਿੰਦਰ ਸਿੰਘ, ਪ੍ਰੇਮ ਸਿੰਘ, ਜੱਗਾ ਸਿੰਘ, ਸੁਖਚੈਨ ਸਿੰਘ, ਜੀਤਾ ਸਿੰਘ, ਬਲਕਾਰ ਸਿੰਘ, ਅਨੋਖ ਸਿੰਘ, ਪਿੱਪਲ ਸਿੰਘ, ਸਰਪੰਚ ਸਾਵਣ ਸਿੰਘ ਵਾਲੇ ਝੁੱਗੇ, ਅਮਰ ਸਿੰਘ, ਭਗਵਾਨ ਸਿੰਘ, ਬਗੀਚਾ ਸਿੰਘ, ਕਿੱਕਰ ਸਿੰਘ, ਜਸਵੰਤ ਸਿੰਘ ਅਤੇ ਹਦਾਇਤ ਰਾਮ ਸਮੇਤ ਕਈ ਪਤਵੰਤੇ ਸੱਜਣ ਹਾਜ਼ਰ ਸਨ।