3000 ਨੌਜਵਾਨਾਂ ਨੂੰ ਰੋਜ਼ਗਾਰ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਦਾ ਰੋਡਮੈਪ ਤਿਆਰ
ਫਿਰੋਜ਼ਪੁਰ ਡੇਅਰੀ ਸੈਕਟਰ ਵੱਲੋਂ ਵੇਰਕਾ ਪਲਾਂਟ ਵਿਚ 372 ਕਰੋੜ ਦੇ ਪ੍ਰੋਜੈਕਟਾਂ ਲਈ ਮਿਲਕਫੈੱਡ ਤੇ ਐੱਨਡੀਡੀਬੀ ਵਿਚਾਲੇ ਅਹਿਮ ਮੀਟਿੰਗ
Publish Date: Sun, 05 Apr 2026 03:02 PM (IST)
Updated Date: Sun, 05 Apr 2026 03:04 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਪੰਜਾਬ ਦੇ ਡੇਅਰੀ ਖੇਤਰ ਨੂੰ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਕਰਨ ਅਤੇ ਕਿਸਾਨਾਂ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਇੱਕ ਵੱਡੀ ਪਹਿਲਕਦਮੀ ਕੀਤੀ ਗਈ ਹੈ। ਬੀਤੇ ਦਿਨੀਂ ਮਿਲਕਫੈੱਡ ਪੰਜਾਬ ਦੇ ਡਾਇਰੈਕਟਰ ਅਤੇ ਮਿਲਕ ਯੂਨੀਅਨ ਫ਼ਿਰੋਜ਼ਪੁਰ ਦੇ ਚੇਅਰਮੈਨ ਗੁਰਭੇਜ ਸਿੰਘ ਟਿੱਬੀ ਨੇ ਅੰਮ੍ਰਿਤਸਰ ਵਿਖੇ ‘ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ’ ਦੇ ਚੇਅਰਮੈਨ ਮਨੀਸ਼ ਸ਼ਾਹ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ। ਮੀਟਿੰਗ ਦੌਰਾਨ ਟਿੱਬੀ ਨੇ ਵੇਰਕਾ ਫਿਰੋਜ਼ਪੁਰ ਡੇਅਰੀ ਦੇ ਵਿਸਥਾਰ ਲਈ 372 ਕਰੋੜ ਰੁਪਏ ਦਾ ਪ੍ਰਸਤਾਵ ਪੇਸ਼ ਕੀਤਾ। ਇਸ ਪ੍ਰੋਜੈਕਟ ਵਿਚ ਜਿਵੇਂ ਨਵਾਂ ਮਿਲਕ ਪਾਊਡਰ ਪਲਾਂਟ ਲਗਭਗ 270 ਕਰੋੜ ਰੁਪਏ ਦੀ ਲਾਗਤ ਨਾਲ 60 ਮੈਟ੍ਰਿਕ ਟਨ ਸਮਰੱਥਾ ਵਾਲਾ ਆਧੁਨਿਕ ਪਲਾਂਟ। ਫਰਮੈਂਟੇਡ ਪ੍ਰੋਡਕਟਸ ਪਲਾਂਟ 102 ਕਰੋੜ ਰੁਪਏ ਦੀ ਲਾਗਤ ਨਾਲ ਦਹੀਂ, ਲੱਸੀ ਅਤੇ ਹੋਰ ਉਤਪਾਦਾਂ ਲਈ 50 ਮੈਟ੍ਰਿਕ ਟਨ ਸਮਰੱਥਾ ਵਾਲਾ ਯੂਨਿਟ। ਗੁਰਭੇਜ ਸਿੰਘ ਟਿੱਬੀ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਲਾਗੂ ਹੋਣ ਨਾਲ ਇਲਾਕੇ ਦੇ 2000 ਤੋਂ 3000 ਨੌਜਵਾਨਾਂ ਨੂੰ ਸਿੱਧੇ ਅਤੇ ਅਸਿੱਧੇ ਤੌਰ ’ਤੇ ਰੋਜ਼ਗਾਰ ਮਿਲੇਗਾ। ਇਸ ਨਾਲ ਜਿੱਥੇ ਨੌਜਵਾਨਾਂ ਦਾ ਵਿਦੇਸ਼ਾਂ ਵਲ ਰੁਝਾਨ (ਮਾਈਗ੍ਰੇਸ਼ਨ) ਘਟੇਗਾ, ਉੱਥੇ ਹੀ ਮਹਿਲਾਵਾਂ ਲਈ ਵੀ ਸਹਾਇਕ ਧੰਦਿਆਂ ਰਾਹੀਂ ਕਮਾਈ ਦੇ ਨਵੇਂ ਰਸਤੇ ਖੁੱਲ੍ਹਣਗੇ। ਗੁਰਭੇਜ ਸਿੰਘ ਟਿੱਬੀ ਨੇ ਕਿਹਾ ਕਿ ਇਹ ਪ੍ਰੋਜੈਕਟ ਫਿਰੋਜ਼ਪੁਰ ਦੇ ਡੇਅਰੀ ਸੈਕਟਰ ਲਈ ਮੀਲ ਪੱਥਰ ਸਾਬਤ ਹੋਵੇਗਾ। ਇਸ ਨਾਲ ਦੁੱਧ ਦੀ ਮੰਗ ਵਧੇਗੀ ਅਤੇ ਕਿਸਾਨਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਵਾਜਬ ਮੁੱਲ ਮਿਲੇਗਾ। ਐੱਨਡੀਡਬੀ ਦੇ ਚੇਅਰਮੈਨ ਮਨੀਸ਼ ਸ਼ਾਹ ਨੇ ਟਿੱਬੀ ਵੱਲੋਂ ਪੇਸ਼ ਕੀਤੇ ਪ੍ਰਸਤਾਵਾਂ ਦੀ ਸ਼ਲਾਘਾ ਕੀਤੀ ਅਤੇ ਭਰੋਸਾ ਦਿਵਾਇਆ ਕਿ ਬੋਰਡ ਵੱਲੋਂ ਇਸ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਨ ਲਈ ਹਰ ਸੰਭਵ ਤਕਨੀਕੀ ਅਤੇ ਵਿੱਤੀ ਸਹਿਯੋਗ ਦਿੱਤਾ ਜਾਵੇਗਾ। ਇਸ ਯੋਜਨਾ ਨਾਲ ਨਾ ਸਿਰਫ਼ ਫਿਰੋਜ਼ਪੁਰ ਦਾ ਉਦਯੋਗਿਕ ਵਿਕਾਸ ਹੋਵੇਗਾ, ਸਗੋਂ ਸਥਾਨਕ ਇੰਫਰਾਸਟਰਕਚਰ ਵਿਚ ਵੀ ਵੱਡਾ ਸੁਧਾਰ ਦੇਖਣ ਨੂੰ ਮਿਲੇਗਾ, ਜੋ ਅੰਤ ਵਿਚ ਪੰਜਾਬ ਦੀ ਚਿੱਟੀ ਕ੍ਰਾਂਤੀ ਨੂੰ ਹੋਰ ਮਜ਼ਬੂਤ ਕਰੇਗਾ।