ਠੇਕੇ ਟੁੱਟਣ ਦੀ ਆੜ ’ਚ ਹੁੰਦੀ ਰਹੀ ਸ਼ਰਾਬ ਦੀ ਗ਼ੈਰਕਨੂੰਨੀ ਖੇਡ
ਠੇਕੇ ਟੁੱਟਣ ਦੀ ਆੜ ’ਚ ਸ਼ਰਾਬ ਦੀ ਗੈਰ ਕਨੂੰਨੀ ਖੇਡ !
Publish Date: Fri, 03 Apr 2026 06:12 PM (IST)
Updated Date: Fri, 03 Apr 2026 06:16 PM (IST)
ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ
ਫਿਰੋਜ਼ਪੁਰ : ਜ਼ਿਲ੍ਹੇ ਵਿੱਚ ਸ਼ਰਾਬ ਦੇ ਠੇਕਿਆਂ ਦੇ ਸਮਾਪਤ ਹੋਣ ਦੇ ਦੌਰਾਨ 28 ਤੋਂ 31 ਮਾਰਚ ਤੱਕ ਜੋ ਕੁਝ ਵਾਪਰਿਆ, ਉਸ ਨੇ ਪੁਲਿਸ ਅਤੇ ਐਕਸਾਈਜ਼ ਮਹਿਕਮੇ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਪਿਛਲੇ ਠੇਕਿਆਂ ਦਾ ਸਮਾਂ ਖਤਮ ਹੋਣ ’ਤੇ ‘ਸਸਤੀ ਸ਼ਰਾਬ’ ਦੇ ਨਾਂ ’ਤੇ ਅਜਿਹੀ ਲੁੱਟ ਮਚੀ ਕਿ ਬੋਤਲ ਜਾਂ ਅੱਧੀਆ ਲੈਣ ਆਏ ਲੋਕਾਂ ਨੇ ਸਿੱਧਾ ਪੇਟੀਆਂ ਹੀ ਚੁੱਕਣੀਆਂ ਸ਼ੁਰੂ ਕਰ ਦਿੱਤੀਆਂ। ਹੈਰਾਨੀਜਨਕ ਪਹਿਲੂ ਇਹ ਹੈ ਕਿ ਇਹ ਸੱਭ ਮਹਿਕਮਾ ਐਕਸਾਈਜ਼ ਦੀ ਜੇਰੇ ਨਿਗਰਾਨੀ ਹੋਣ ਦੇ ਬਾਵਜੂਦ ਖੁੱਲ੍ਹੇਆਮ ਐਕਸਾਈਜ਼ ਨਿਯਮਾਂ ਦੀ ਉਲੰਘਣਾ ਹੋਈ ਪਰ ਕਿਸੇ ਨੇ ਰੋਕਣ ਦੀ ਜ਼ਹਿਮਤ ਤੱਕ ਨਾ ਕੀਤੀ। ਇਸ ਤੋਂ ਵੀ ਵੱਡਾ ਸਵਾਲ ਇਹ ਹੈ ਕਿ ਕੀ ਇਹ ਸਭ ਕੁਝ ਬਿਨ੍ਹਾਂ ਅਧਿਕਾਰੀਆਂ ਦੀ ਜਾਣਕਾਰੀ ਤੋਂ ਹੋ ਸਕਦਾ ਸੀ? ਠੇਕੇ ਟੁੱਟਣ ਦੀ ਆੜ ’ਚ ਇਹ ਸਾਰਾ ਖੇਡ ਚਲਦਾ ਰਿਹਾ ਤੇ ਪ੍ਰਸ਼ਾਸਨ ਚੁੱਪ ਵੱਟੀ ਵੇਖਦਾ ਰਿਹਾ।
ਦੋ ਤੋਂ ਵੱਧ ਬੋਤਲਾਂ ਰੱਖਣ ਲਈ ਚਾਹੀਦਾ ਹੈ ‘ਐਲ-50’ ਲਾਇਸੰਸ
ਪੰਜਾਬ ਦੀ ਐਕਸਾਈਜ਼ ਪਾਲਸੀ ਮੁਤਾਬਿਕ ਜੇ ਕਿਸੇ ਨੇ ਘਰ ਵਿਚ ਸ਼ਰਾਬ ਦੀਆਂ ਦੋ ਤੋਂ ਵੱਧ ਬੋਤਲਾਂ ਰੱਖਣੀਆਂ ਹੋਣ ਜਾਂ ਘਰ ਵਿਚ ਨਿਜੀ ਬਾਰ ਬਨਾਉਣੀ ਹੋਵੇ ਤਾਂ ਉਸ ਲਈ ਮਹਿਕਮਾ ਐਕਸਾਈਜ਼ ਵੱਲੋਂ ‘ਐਲ 50’ ਲਸੰਸ ਬਣਾਇਆ ਜਾਣਾ ਜਰੂਰੀ ਹੈ। ਇਸ ਤੋਂ ਬਿਨ੍ਹਾਂ ਘਰ ਵਿਚ ਸ਼ਰਾਬ ਦੀਆਂ ਬੋਤਲਾਂ ਰੱਖਣਾ ਗੈਰ ਕਨੂੰਨੀ ਹੈ।
ਕੀ ਕਹਿਣਾ ਹੈ ਐਕਸਾਈਜ਼ ਅਧਿਕਾਰੀਆਂ ਦਾ?
ਉਧਰ ਸ਼ਰਾਬ ਦੇ ਠੇਕੇਦਾਰਾਂ ਨੂੰ ‘ਅੋਬਲਾਈਜ਼’ ਕਰਨ ਦੇ ਚੱਕਰ ਵਿਚ ਜ਼ਿਆਦਾਤਰ ਐਕਸਾਈਜ਼ ਅਧਿਕਾਰੀ ਪੱਤਰਕਾਰਾਂ ਨੂੰ ਪੱਖ ਦੇਣਾ ਹੀ ਪਸੰਦ ਨਹੀਂ ਕਰਦੇ। ‘ਪੰਜਾਬੀ ਜਾਗਰਣ’ ਵੱਲੋਂ ਇਸ ਸਬੰਧੀ ਸਟੋਰੀ ਕੀਤੇ ਜਾਣ ਦੀ ਸੂਹ ਮਿਲਦਿਆਂ ਹੀ ਅਧਿਕਾਰੀਆਂ ਨੇ ਫੋਨ ਚੁੱਕਣੇ ਹੀ ਬੰਦ ਕਰ ਦਿੱਤੇ। ਇਸ ਸਬੰਧੀ ਈਟੀਓ ਰਜਨੀਸ਼ ਬੱਤਰਾ ਅਤੇ ਏਆਈਟੀਸੀ ਮਨਵੀਰ ਸਿੰਘ ਬੁੱਟਰ ਨੂੰ ਵਾਰ ਵਾਰ ਫੋਨ ਕਰਨ ਦੇ ਬਾਵਜੂਦ ਉਨ੍ਹਾਂ ਫੋਨ ਹੀ ਰਸੀਵ ਨਹੀਂ ਕੀਤਾ ।