ਜੇਕਰ ਜ਼ਿੰਦਗੀ ਨਾਲ ਹੈ ਪਿਆਰ, ਤਾਂ ਐਫ.ਓ.ਬੀ. ਰਾਹੀਂ ਹੀ ਕਰੋ ਰੇਲ ਲਾਈਨ ਪਾਰ
ਜੇਕਰ ਜ਼ਿੰਦਗੀ ਨਾਲ ਹੈ ਪਿਆਰ, ਤਾਂ ਐਫ.ਓ.ਬੀ. ਰਾਹੀਂ ਹੀ ਕਰੋ ਰੇਲਵੇ ਲਾਈਨ ਪਾਰ
Publish Date: Sat, 21 Feb 2026 04:49 PM (IST)
Updated Date: Sat, 21 Feb 2026 04:51 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਰੇਲਵੇ ਸਟੇਸ਼ਨ ’ਤੇ ਪਲੇਟਫਾਰਮਾਂ ਦੇ ਵਿਚਕਾਰ ਗੈਰ-ਕਾਨੂੰਨੀ ਢੰਗ ਨਾਲ ਰੇਲਵੇ ਲਾਈਨ ਪਾਰ ਨਾ ਕਰੋ। ਚਲਦੀ ਰੇਲਗੱਡੀ ਵਿਚ ਨਾ ਚੜ੍ਹੋ ਅਤੇ ਨਾ ਹੀ ਉਤਰੋ ਕਿਉਂਕਿ ਹੁਣ ਜ਼ਿਆਦਾਤਰ ਰੇਲਗੱਡੀਆਂ ਵਿਚ ਐੱਲ.ਐੱਚ.ਬੀ. ਕੋਚ ਲੱਗੇ ਹੋਏ ਹਨ, ਜਿਸ ਕਾਰਨ ਸਟੇਸ਼ਨ ਤੋਂ ਚੱਲਣ ਵੇਲੇ ਰੇਲਗੱਡੀ ਦੀ ਰਫ਼ਤਾਰ ਬਹੁਤ ਜਲਦੀ ਤੇਜ਼ ਹੋ ਜਾਂਦੀ ਹੈ। ਰੇਲਗੱਡੀ ਦੀ ਛੱਤ ਅਤੇ ਪਾਏਦਾਨ (ਫੁੱਟਬੋਰਡ) ’ਤੇ ਸਫ਼ਰ ਕਰਨਾ ਵੀ ਖ਼ਤਰੇ ਤੋਂ ਖਾਲੀ ਨਹੀਂ ਹੈ। ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕਰਨ ਲਈ ਫਿਰੋਜ਼ਪੁਰ ਮੰਡਲ ਵਿਚ ਸਮੇਂ-ਸਮੇਂ ’ਤੇ ਜਾਗਰੂਕਤਾ ਮੁਹਿੰਮ ਚਲਾਈ ਜਾਂਦੀ ਹੈ। ਮੰਡਲ ਦੇ ਰੇਲਵੇ ਸਟੇਸ਼ਨਾਂ ’ਤੇ ਲੱਗੇ ਪਬਲਿਕ ਐਡਰੈੱਸ ਸਿਸਟਮ ਰਾਹੀਂ ਲਗਾਤਾਰ ਅਨਾਊਂਸਮੈਂਟ ਕਰਕੇ ਰੇਲ ਯਾਤਰੀਆਂ ਅਤੇ ਆਮ ਜਨਤਾ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ। ਰੇਲਵੇ ਐਕਟ ਦੀ ਧਾਰਾ 147 ਦੇ ਤਹਿਤ ਗੈਰ-ਕਾਨੂੰਨੀ ਢੰਗ ਨਾਲ ਰੇਲਵੇ ਟਰੈਕ ਪਾਰ ਕਰਨ ’ਤੇ ਛੇ ਮਹੀਨੇ ਦੀ ਕੈਦ ਜਾਂ ਇਕ ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਜਾਂ ਦੋਵੇਂ ਸਜ਼ਾਵਾਂ ਦਾ ਪ੍ਰਬੰਧ ਹੈ। ਰੇਲਵੇ ਸੁਰੱਖਿਆ ਬਲ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਟਰੈਕ ਪਾਰ ਕਰਨ ਵਾਲਿਆਂ ਵਿਰੁੱਧ ਜੁਲਾਈ 2025 ਤੋਂ ਜਨਵਰੀ 2026 ਦੌਰਾਨ 521 ਲੋਕਾਂ ’ਤੇ ਕਾਰਵਾਈ ਕਰਕੇ ਉਨ੍ਹਾਂ ਕੋਲੋਂ ਲਗਭਗ 51 ਹਜ਼ਾਰ ਰੁਪਏ ਜੁਰਮਾਨਾ ਵਸੂਲਿਆ ਗਿਆ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਰੇਲ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਗੈਰ-ਕਾਨੂੰਨੀ ਢੰਗ ਨਾਲ ਰੇਲਵੇ ਟਰੈਕ ਪਾਰ ਨਾ ਕਰਨ। ਇਕ ਜ਼ਿੰਮੇਵਾਰ ਨਾਗਰਿਕ ਬਣੋ ਅਤੇ ਟਰੇਨ ਵਿਚ ਚੜ੍ਹਨ-ਉਤਰਨ ਲਈ ਸਿਰਫ਼ ਪਲੇਟਫਾਰਮ ਵਾਲੇ ਪਾਸੇ ਦੀ ਹੀ ਵਰਤੋਂ ਕਰੋ। ਯਾਤਰੀ ਇਕ ਪਲੇਟਫਾਰਮ ਤੋਂ ਦੂਜੇ ਪਲੇਟਫਾਰਮ ’ਤੇ ਜਾਣ ਲਈ ਫੁੱਟ ਓਵਰ ਬ੍ਰਿਜ ਦੀ ਵਰਤੋਂ ਕਰਨ ਅਤੇ ਰੇਲਵੇ ਟਰੈਕ ਪਾਰ ਕਰਨ ਲਈ ਸਬਵੇਅ, ਰੋਡ ਓਵਰ ਬ੍ਰਿਜ/ਅੰਡਰ ਬ੍ਰਿਜ ਆਦਿ ਦੀ ਵਰਤੋਂ ਕਰਨ।