ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣਾ ਸਾਡਾ ਫਰਜ਼ : ਸਿਨਹਾ
ਹੁਸੈਨੀਵਾਲਾ ਸਮਾਰਕ ’ਤੇ ਸ਼ਹੀਦਾਂ ਨੂੰ ਸਿਜਦਾ ਕਰਨ ਪੁੱਜੇ ਆਈਏਐੱਸ ਵਰਸ਼ਾ ਸਿਨਹਾ ਨੇ ਦਿੱਤੀ ਸ਼ਰਧਾਂਜਲੀ
Publish Date: Fri, 10 Apr 2026 04:55 PM (IST)
Updated Date: Fri, 10 Apr 2026 04:59 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਫ਼ਿਰੋਜ਼ਪੁਰ ਵਿਖੇ ਸਕੱਤਰ ਤੇਲ ਉਦਯੋਗ ਵਿਕਾਸ ਬੋਰਡ ਪੈਟਰੋਲਿਅਮ ਅਤੇ ਕੁਦਰਤੀ ਗੈਸ ਮੰਤਰਾਲਾ, ਭਾਰਤ ਸਰਕਾਰ ਵਰਸ਼ਾ ਸਿਨਹਾ ਸੀਨੀਅਰ ਆਈਏਐੱਸ ਅੱਜ ਸ਼ਹੀਦਾਂ ਦੀ ਧਰਤੀ ਫ਼ਿਰੋਜ਼ਪੁਰ ਵਿਖੇ ਪੁੱਜੇ। ਇਸ ਮੌਕੇ ਸਕੱਤਰ ਦੇ ਨਾਲ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਫ਼ਿਰੋਜ਼ਪੁਰ ਮੁਨੀਲਾ ਅਰੋੜਾ, ਰਮੇਸ਼ ਢੀਂਗਰਾ ਨਾਇਬ ਤਹਿਸੀਲਦਾਰ ਕਮ ਡਿਊਟੀ ਮੈਜਿਸਟਰੇਟ, ਡਾਕਟਰ ਸਤਿੰਦਰ ਸਿੰਘ ਨੈਸ਼ਨਲ ਅਵਾਰਡੀ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਫ਼ਿਰੋਜ਼ਪੁਰ ਕਮ ਲੇਜਿਨ ਅਫ਼ਸਰ, ਬਿਟਨ ਕੁਮਾਰ ਡੀਐੱਸਪੀ ਹੈਡਕੁਆਰਟਰ ਹਾਜ਼ਰ ਸਨ। ਉਨ੍ਹਾਂ ਦਾ ਫ਼ਿਰੋਜ਼ਪੁਰ ਆਉਣ ’ਤੇ ਜ਼ਿਲ੍ਹਾ ਸਿੱਖਿਆ ਅਫਸਰ ਮੁਨੀਲਾ ਅਰੋੜਾ ਵੱਲੋਂ ਸਵਾਗਤ ਕਰਦਿਆਂ ਜੀ ਆਇਆ ਆਖਿਆ ਗਿਆ ਅਤੇ ਸਵਾਗਤ ਕੀਤਾ। ਡਾਕਟਰ ਸਤਿੰਦਰ ਸਿੰਘ ਵੱਲੋਂ ਹੁਸੈਨੀਵਾਲਾ ਸਮਾਰਕ ਦੇ ਇਤਿਹਾਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਹ ਪਵਿੱਤਰ ਧਰਤੀ ਭਾਰਤ ਦੇ ਆਜ਼ਾਦੀ ਸੰਘਰਸ਼ ਨਾਲ ਡੂੰਘੀ ਤਰ੍ਹਾਂ ਜੁੜੀ ਹੋਈ ਹੈ। ਇੱਥੇ ਹੀ 23 ਮਾਰਚ 1931 ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੇ ਅੰਤਿਮ ਸੰਸਕਾਰ ਕੀਤੇ ਗਏ ਸਨ, ਜਿਸ ਕਰਕੇ ਇਹ ਸਥਾਨ ਦੇਸ਼ਭਗਤੀ ਦਾ ਪ੍ਰਤੀਕ ਬਣ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਹਰ ਸਾਲ ਹਜ਼ਾਰਾਂ ਦੇਸ਼ ਭਗਤ ਇਸ ਧਰਤੀ ’ਤੇ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਹੁਸੈਨੀਵਾਲਾ ਬਾਰਡਰ ਹਿੰਦ-ਪਾਕਿ ਸਰਹੱਦ ’ਤੇ ਸਥਿਤ ਇਕ ਮਹੱਤਵਪੂਰਨ ਇਤਿਹਾਸਕ ਅਤੇ ਰਣਨੀਤਿਕ ਸਥਾਨ ਹੈ। ਇੱਥੇ ਹਰ ਰੋਜ਼ ਹੋਣ ਵਾਲੀ ਰੀਟਰੀਟ ਸੈਰਾਮਨੀ ਦੇਸ਼ ਭਗਤੀ ਦੇ ਜਜ਼ਬੇ ਨੂੰ ਉਭਾਰਦੀ ਹੈ। ਵਰਸ਼ਾ ਸਿਨਹਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਹੁਸੈਨੀਵਾਲਾ ਆ ਕੇ ਸ਼ਹੀਦਾਂ ਨੂੰ ਸਿਜਦਾ ਕਰਨ ਅਤੇ ਰੀਟਰੀਟ ਸੈਰਾਮਨੀ ਦੇਖਣ ਦਾ ਅਨੁਭਵ ਬਹੁਤ ਹੀ ਪ੍ਰੇਰਣਾਦਾਇਕ ਹੈ। ਉਨ੍ਹਾਂ ਕਿਹਾ ਕਿ ਇਹ ਮਹਾਨ ਸ਼ਹੀਦ ਸਾਡੇ ਦੇਸ਼ ਦਾ ਅਮੋਲਕ ਸਰਮਾਇਆ ਹਨ, ਜਿਨ੍ਹਾਂ ਦੀਆਂ ਕੁਰਬਾਨੀਆਂ ਕਰਕੇ ਅਸੀਂ ਅੱਜ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਇਹ ਸਥਾਨ ਸਾਨੂੰ ਆਪਣੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਦੀ ਯਾਦ ਦਿਵਾਉਂਦਾ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਦੇਸ਼ ਸੇਵਾ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖੀਏ ਅਤੇ ਦੇਸ਼ ਦੀ ਤਰੱਕੀ ਅਤੇ ਏਕਤਾ ਲਈ ਆਪਣਾ ਯੋਗਦਾਨ ਪਾਈਏ। ਸਮਾਰੋਹ ਦੌਰਾਨ ਮੌਜ਼ੂਦ ਅਧਿਕਾਰੀਆਂ ਅਤੇ ਹੋਰ ਹਾਜ਼ਰੀਨ ਨੇ ਵੀ ਸ਼ਹੀਦਾਂ ਨੂੰ ਨਮਨ ਕਰਦੇ ਹੋਏ ਦੇਸ਼ ਭਗਤੀ ਦਾ ਸੰਦੇਸ਼ ਦਿੱਤਾ। ਇਹ ਦੌਰਾ ਫ਼ਿਰੋਜ਼ਪੁਰ ਲਈ ਮਾਣ ਵਾਲਾ ਪਲ ਸਾਬਤ ਹੋਇਆ ਅਤੇ ਇਸ ਨਾਲ ਨੌਜਵਾਨ ਪੀੜ੍ਹੀ ਵਿਚ ਦੇਸ਼ ਪ੍ਰਤੀ ਸਮਰਪਣ ਅਤੇ ਸ਼ਰਧਾ ਦਾ ਜਜ਼ਬਾ ਹੋਰ ਮਜ਼ਬੂਤ ਹੋਇਆ। ਇਸ ਮੌਕੇ ਉਮੇਸ਼ ਕੁਮਾਰ, ਲਵਦੀਪ ਸਿੰਘ, ਅਕਸ਼ ਕੁਮਾਰ ਆਦਿ ਹਾਜ਼ਰ ਸਨ।