ਸ਼੍ਰੋਮਣੀ ਅਕਾਲੀ ਦਲ ਦੇ ਕੱਟੜ ਸੈਂਕੜੇ ਆਗੂ ਵਰਕਰ ਕਾਂਗਰਸ ’ਚ ਸ਼ਾਮਲ
ਸ਼੍ਰੋਮਣੀ ਅਕਾਲੀ ਦਲ ਦੇ ਕੱਟੜ ਸੈਂਕੜੇ ਆਗੂ ਵਰਕਰ ਕਾਂਗਰਸ ਵਿਚ ਸ਼ਾਮਲ
Publish Date: Mon, 19 Jan 2026 04:30 PM (IST)
Updated Date: Mon, 19 Jan 2026 04:33 PM (IST)

ਦੀਪਕ ਵਧਾਵਨ, ਪੰਜਾਬੀ ਜਾਗਰਣ ਗੁਰੂਹਰਸਹਾਏ : ਗੁਰੂਹਰਸਹਾਏ ਦੀ ਸਿਆਸਤ ’ਚ ਉਸ ਸਮੇਂ ਵੱਡਾ ਸਿਆਸੀ ਭੂਚਾਲ ਆ ਗਿਆ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਕੱਟੜ ਮੰਨੇ ਜਾਂਦੇ ਸੈਂਕੜੇ ਆਗੂ ਅਤੇ ਵਰਕਰ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ। ਇਹ ਵੱਡੀ ਸ਼ਮੂਲੀਅਤ ਸਾਬਕਾ ਵਿਧਾਇਕ ਅਤੇ ਕਾਂਗਰਸ ਦੇ ਸੀਨੀਅਰ ਆਗੂ ਰਮਿੰਦਰ ਸਿੰਘ ਆਵਲਾ ਵੱਲੋਂ ਕੀਤੀ ਗਈ, ਜਿਸ ਨਾਲ ਇਲਾਕੇ ਦੀ ਸਿਆਸਤ ਵਿਚ ਨਵਾਂ ਮੋੜ ਆਇਆ ਹੈ। ਇਹ ਸ਼ਮੂਲੀਅਤ ਉਨ੍ਹਾਂ ਪਰਿਵਾਰਾਂ ਦੀ ਅਗਵਾਈ ਹੇਠ ਹੋਈ ਜੋ ਸ਼੍ਰੋਮਣੀ ਅਕਾਲੀ ਦਲ ਦੇ ਮਜ਼ਬੂਤ ਥੰਮ ਮੰਨੇ ਜਾਂਦੇ ਰਹੇ ਹਨ। ਇਸ ਵਿਚ ਸਵਰਗੀ ਸਾਬਕਾ ਸਰਪੰਚ ਹੰਸਰਾਜ ਕੰਬੋਜ਼ ਦੇ ਲੜਕੇ ਕ੍ਰਿਸ਼ਨ ਕੁਮਾਰ, ਦਰਸ਼ਨ ਰਾਮ, ਸਵਰਗੀ ਮੈਂਬਰ ਪੰਚਾਇਤ ਹਜ਼ਾਰਾਂ ਰਾਮ ਦੇ ਲੜਕੇ ਸੰਦੀਪ ਕੁਮਾਰ ਅਤੇ ਸਵਰਗੀ ਨੰਬਰਦਾਰ ਸੋਹਣ ਸਿੰਘ ਦੇ ਲੜਕੇ ਰਕੇਸ਼ ਕੁਮਾਰ ਅਤੇ ਗੁਰਮੀਤ ਸਿੰਘ ਆਪਣੇ ਸੈਂਕੜੇ ਸਮਰਥਕਾਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ। ਜ਼ਿਕਰਯੋਗ ਹੈ ਕਿ ਹੰਸਰਾਜ ਕੰਬੋਜ਼ ਪਿੰਡ ਦੇ ਸਰਪੰਚ ਰਹੇ ਹਨ, ਹਜ਼ਾਰਾਂ ਰਾਮ ਨੇ ਲਗਾਤਾਰ 20 ਸਾਲ ਮੈਂਬਰ ਪੰਚਾਇਤ ਵਜੋਂ ਸੇਵਾਵਾਂ ਨਿਭਾਈਆਂ ਅਤੇ ਸੋਹਣ ਸਿੰਘ ਨੇ ਤਕਰੀਬਨ 30 ਸਾਲ ਤੱਕ ਨੰਬਰਦਾਰ ਦੇ ਅਹੁਦੇ ’ਤੇ ਰਹਿ ਕੇ ਲੋਕ ਸੇਵਾ ਕੀਤੀ। ਇਨ੍ਹਾਂ ਸਾਰੇ ਪਰਿਵਾਰਾਂ ਦੀ ਇਲਾਕੇ ਵਿਚ ਵੱਡੀ ਪਹੁੰਚ ਅਤੇ ਲੋਕਾਂ ਵਿੱਚ ਡੂੰਘੀ ਪਕੜ ਰਹੀ ਹੈ, ਜਿਸ ਕਾਰਨ ਸੈਂਕੜੇ ਲੋਕਾਂ ਦੀ ਕਾਂਗਰਸ ਵਿਚ ਸ਼ਮੂਲੀਅਤ ਨਾਲ ਪਾਰਟੀ ਨੂੰ ਭਾਰੀ ਬਲ ਮਿਲਿਆ ਹੈ। ਇਸ ਮੌਕੇ ਰਮਿੰਦਰ ਸਿੰਘ ਆਵਲਾ ਵੱਲੋਂ ਕਾਂਗਰਸ ਵਿਚ ਸ਼ਾਮਲ ਹੋਣ ਵਾਲੇ ਸਾਰੇ ਆਗੂਆਂ ਅਤੇ ਵਰਕਰਾਂ ਨੂੰ ਹਾਰ ਪਾ ਕੇ ਭਰਪੂਰ ਸਵਾਗਤ ਕੀਤਾ ਗਿਆ। ਰਮਿੰਦਰ ਸਿੰਘ ਆਵਲਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਹਰ ਵਰਕਰ ਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ ਅਤੇ ਪਾਰਟੀ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਸਦਾ ਆਦਰ ਨਾਲ ਦੇਖਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਆਵਲਾ ਪਰਿਵਾਰ ਹਮੇਸ਼ਾ ਲੋਕਾਂ ਦੇ ਨਾਲ ਮਜਬੂਤ ਚਟਾਨ ਵਾਂਗ ਖੜਾ ਰਿਹਾ ਹੈ ਅਤੇ ਅੱਗੇ ਵੀ ਹਰ ਦੁੱਖ-ਸੁੱਖ ਵਿੱਚ ਸਾਰਿਆਂ ਦੇ ਨਾਲ ਖੜਾ ਰਹੇਗਾ। ਇਸ ਵੱਡੀ ਸ਼ਮੂਲੀਅਤ ਨਾਲ ਕਾਂਗਰਸ ਪਾਰਟੀ ਦੀ ਸਥਿਤੀ ਹੋਰ ਮਜ਼ਬੂਤ ਹੋਈ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਸ ਦਾ ਸਿਆਸੀ ਲਾਭ ਮਿਲਣਾ ਤੈਅ ਮੰਨਿਆ ਜਾ ਰਿਹਾ ਹੈ। ਇਸ ਮੌਕੇ ਅਮਰੀਕ ਸਿੰਘ ਬਾਬਾ ਫਾਰਮ, ਕਰਤਾਰ ਸਿੰਘ, ਰਕੇਸ਼ ਕੁਮਾਰ ਬੱਗੀ, ਲੱਖਾ ਬਾਗੂ ਵਾਲਾ, ਗੁਰਪ੍ਰੀਤ ਮਹੰਤਾ ਵਾਲਾ ਤੋਂ ਇਲਾਵਾ ਅਨੇਕਾਂ ਕਾਂਗਰਸੀ ਆਗੂ ਹਾਜ਼ਰ ਸਨ ।