ਚਾਈਨਾ ਡੋਰ ਨਾਲ ਮਨੁੱਖ,ਪੰਛੀ ਤੇ ਵਾਤਾਵਰਨ ਸਭ ਅਸੁਰੱਖਿਅਤ
ਚਾਈਨਾ ਡੋਰ ਨਾਲ ਮਨੁੱਖ,ਪੰਛੀ ਤੇ ਵਾਤਾਵਰਨ ਸਭ ਅਸੁਰੱਖਿਅਤ
Publish Date: Sun, 18 Jan 2026 03:19 PM (IST)
Updated Date: Sun, 18 Jan 2026 03:22 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਇਕ ਸਮਾਂ ਸੀ ਜਦ ਸੂਤੀ ਧਾਗੇ ’ਤੇ ਮਾਝਾ ਲਾ ਕੇ ਪਤੰਗਬਾਜ਼ੀ ਕੀਤੀ ਜਾਂਦੀ ਸੀ ਅਤੇ ਉਹੀ ਡੋਰ ਬਾਜ਼ਾਰਾਂ ਵਿਚ ਆਸਾਨੀ ਨਾਲ ਮਿਲਦੀ ਸੀ,ਪਰ ਜਿਵੇਂ-ਜਿਵੇਂ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਚਾਈਨਾ ਦਾ ਸਾਮਾਨ ਧੜੱਲੇ ਨਾਲ ਵਿਕਣ ਲੱਗਾ, ਨਾਲ ਹੀ ਚਾਈਨਾ ਡੋਰ ਦੀ ਖਰੀਦੋ-ਫਰੋਖ਼ਤ ਵੀ ਸ਼ੁਰੂ ਹੋ ਗਈ। ਬਸੰਤ ਪੰਚਮੀ ਦੇ ਮੌਕੇ ਪਤੰਗ ਉਡਾਉਣ ਵਾਲੇ ਬਹੁਤੇ ਨੌਜਵਾਨਾਂ ਦੇ ਹੱਥਾਂ ਵਿਚ ਚਾਈਨਾ ਡੋਰ ਹੀ ਨਜ਼ਰ ਆ ਰਹੀ ਹੈ,ਜੋ ਪਿਛਲੇ ਲੰਮੇ ਸਮੇਂ ਤੋਂ ਹਾਦਸਿਆਂ ਦਾ ਕਾਰਨ ਬਣਦੀ ਆ ਰਹੀ ਹੈ ਅਤੇ ਕਈ ਕੀਮਤੀ ਜਾਨਾਂ ਲੈ ਚੁੱਕੀ ਹੈ। ਹਾਲਾਂਕਿ ਪ੍ਰਸ਼ਾਸਨ ਵੱਲੋਂ ਬਸੰਤ ਪੰਚਮੀ ਤੋਂ ਕੁਝ ਦਿਨ ਪਹਿਲਾਂ ਹੀ ਚਾਈਨਾ ਡੋਰ ’ਤੇ ਪਾਬੰਦੀ ਦੇ ਹੁਕਮ ਜਾਰੀ ਕਰ ਦਿੱਤੇ ਜਾਂਦੇ ਹਨ ਅਤੇ ਕੁਝ ਦੁਕਾਨਦਾਰਾਂ ਖ਼ਿਲਾਫ਼ ਕਾਰਵਾਈ ਵੀ ਹੁੰਦੀ ਹੈ,ਪਰ ਇਸ ‘ਡਰੈਗਨ ਡੋਰ’ਨੂੰ ਪਤੰਗਬਾਜ਼ਾਂ ਦੇ ਹੱਥੋਂ ਦੂਰ ਕਰਨਾ ਬਹੁਤ ਔਖਾ ਹੋ ਰਿਹਾ ਹੈ। ਚਾਈਨਾ ਡੋਰ ਨਾਲ ਜਾਨੀ-ਮਾਲੀ ਨੁਕਸਾਨ, ਸੂਤੀ ਧਾਗਾ ਅਪਣਾਉਣ ਦੀ ਅਪੀਲ : ਕੁਲਵੰਤ ਸਿੰਘ ਸੰਧੂ ਹੇਮਕੁੰਟ ਸਕੂਲ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਚਾਈਨਾ ਡੋਰ ਦੇ ਇਸਤੇਮਾਲ ਨਾਲ ਭਿਆਨਕ ਜਾਨੀ-ਮਾਲੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸੂਤੀ ਧਾਗੇ ਨਾਲ ਹੀ ਪਤੰਗਬਾਜ਼ੀ ਕੀਤੀ ਜਾਵੇ ਤਾਂ ਜੋ ਕਿਸੇ ਦਾ ਨੁਕਸਾਨ ਨਾ ਹੋਵੇ। ਉਨ੍ਹਾਂ ਨੇ ਚਾਈਨਾ ਡੋਰ ਦਾ ਪੂਰਨ ਤੌਰ ’ਤੇ ਬਾਈਕਾਟ ਕਰਨ ਅਤੇ ਇਸ ਦਾ ਕਾਰੋਬਾਰ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਹਾਈਵੋਲਟੇਜ਼ ਤਾਰਾਂ ਨਾਲ ਲੱਗ ਕੇ ਜਾ ਸਕਦੀ ਹੈ ਜਾਨ : ਕੰਵਲਜੀਤ ਸਿੰਘ ਐੱਸਐੱਸਐੱਮ ਸਕੂਲ ਕੱਸੋਆਣਾ ਦੇ ਚੇਅਰਮੈਨ ਕੰਵਲਜੀਤ ਸਿੰਘ ਨੇ ਫਿਕਰ ਜਾਹਿਰ ਕਰਦਿਆਂ ਕਿਹਾ ਕਿ ਚਾਈਨਾ ਡੋਰ ਹਾਈਵੋਲਟੇਜ਼ ਤਾਰਾਂ ਨਾਲ ਛੂਹ ਜਾਣ ’ਤੇ ਮੌਤ ਦਾ ਕਾਰਨ ਬਣ ਸਕਦੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਪੰਜਾਬ ਵਿੱਚ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ,ਜਦੋਂ ਚਾਈਨਾ ਡੋਰ ਵਿੱਚ ਪਲਾਸਟਿਕ ਅਤੇ ਸਟੀਲ ਮਿਸ਼ਰਣ ਹੋਣ ਕਾਰਨ ਕਰੰਟ ਫੈਲ ਗਿਆ ਅਤੇ ਜਾਨਲੇਵਾ ਹਾਦਸੇ ਵਾਪਰੇ। ਇਸ ਲਈ ਇਸ ਡੋਰ ’ਤੇ ਪੂਰਨ ਰੋਕ ਲਗਾਉਣੀ ਲਾਜ਼ਮੀ ਹੈ। ਪਸ਼ੂ-ਪੰਛੀਆਂ ਤੇ ਵਾਤਾਵਰਨ ਲਈ ਘਾਤਕ : ਸਤਨਾਮ ਬੁੱਟਰ ਐਂਬਰੋਜੀਅਲ ਸਕੂਲ ਦੇ ਚੇਅਰਮੈਨ ਸਤਨਾਮ ਸਿੰਘ ਬੁੱਟਰ ਨੇ ਕਿਹਾ ਕਿ ਚਾਈਨਾ ਡੋਰ ਨਾਲ ਪਸ਼ੂ, ਪੰਛੀ ਅਤੇ ਰਾਹਗੀਰ ਭਿਆਨਕ ਤੌਰ ’ਤੇ ਜ਼ਖ਼ਮੀ ਹੋ ਰਹੇ ਹਨ। ਡੋਰ ਗਲਾਂ ਵਿੱਚ ਫਸ ਜਾਣ ਕਾਰਨ ਕਈ ਵਾਰ ਮੌਤ ਤੱਕ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਕੂਲਾਂ ਵਿੱਚ ਵੀ ਵਿਦਿਆਰਥੀਆਂ ਨੂੰ ਚਾਈਨਾ ਡੋਰ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਸੂਤੀ ਡੋਰ ਵਰਤਣ ਦੀ ਪ੍ਰੇਰਨਾ ਦਿੱਤੀ ਜਾ ਰਹੀ ਹੈ। ਚਾਈਨਾ ਡੋਰ ਫੈਕਟਰੀਆਂ ਤੁਰੰਤ ਬੰਦ ਕੀਤੀਆਂ ਜਾਣ : ਰਾਜੀਵ ਬਾਂਸਲ ਸ਼੍ਰੀ ਸਾਵਣ ਮੱਲ ਅਗਰਵਾਲ ਸਕੂਲ ਦੇ ਪ੍ਰਧਾਨ ਰਾਜੀਵ ਬਾਂਸਲ ਨੇ ਕਿਹਾ ਕਿ ਚਾਈਨਾ ਡੋਰ ਬੇਹੱਦ ਖ਼ਤਰਨਾਕ ਹੈ ਅਤੇ ਸਰਕਾਰ ਨੂੰ ਇਸਨੂੰ ਬਣਾਉਣ ਵਾਲੀਆਂ ਫੈਕਟਰੀਆਂ ਤੁਰੰਤ ਬੰਦ ਕਰਵਾਉਣੀਆਂ ਚਾਹੀਦੀਆਂ ਹਨ।ਉਨ੍ਹਾਂ ਨੇ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਥੋੜ੍ਹੇ ਜਿਹੇ ਲਾਭ ਲਈ ਲੋਕਾਂ ਦੀਆਂ ਕੀਮਤੀ ਜਾਨਾਂ ਨਾਲ ਨਾ ਖੇਡਣ। ਉਨ੍ਹਾਂ ਕਿਹਾ ਕਿ ਪਤੰਗਬਾਜ਼ੀ ਸਾਡੇ ਸੱਭਿਆਚਾਰ ਦੀ ਨਿਸ਼ਾਨੀ ਹੈ,ਪਰ ਕੱਚੀ ਪਰਤ ਵਾਲੀ ਸਿੰਥੈਟਿਕ ਡੋਰ ਮਨੁੱਖੀ ਅੰਗਾਂ ਨੂੰ ਕੱਟ ਸਕਦੀ ਹੈ,ਜੋ ਕਿਸੇ ਵੀ ਕੀਮਤ ’ਤੇ ਕਬੂਲਯੋਗ ਨਹੀਂ।