ਜ਼ੀਰਾ ਰੈਲੀ ਨੂੰ ਲੈ ਕੇ ਅਕਾਲੀ ਵਰਕਰਾਂ ’ਚ ਉਤਸ਼ਾ ਹ: ਹੀਰੋ
ਜ਼ੀਰਾ ਰੈਲੀ ਨੂੰ ਲੈ ਕੇ ਅਕਾਲੀ ਵਰਕਰਾਂ ’ਚ ਭਾਰੀ ਉਤਸ਼ਾਹ: ਹਰਪ੍ਰੀਤ ਸਿੰਘ ਹੀਰੋ
Publish Date: Wed, 18 Feb 2026 04:00 PM (IST)
Updated Date: Wed, 18 Feb 2026 04:03 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ: ਸ਼੍ਰੋਮਣੀ ਅਕਾਲੀ ਦਲ ਵੱਲੋਂ ‘ਪੰਜਾਬ ਬਚਾਓ, ਸੁਖਬੀਰ ਸਿੰਘ ਬਾਦਲ ਲਿਆਓ’ ਚਲਾਈ ਹੋਈ ਮੁਹਿੰਮ ਤਹਿਤ ਪੰਜਾਬ ਵਿਚ ਕਰਵਾਈਆਂ ਜਾ ਰਹੀਆਂ ਰੈਲੀਆਂ ਤਹਿਤ ਵਿਧਾਨ ਸਭਾ ਹਲਕਾ ਜ਼ੀਰਾ ਵਿਚ ਹੋ ਰਹੀ ਰੈਲੀ ਬਾਰੇ ਜਾਣਕਾਰੀ ਦਿੰਦਿਆਂ ਹਲਕਾ ਜ਼ੀਰਾ ਦੇ ਇੰਚਾਰਜ਼ ਹਰਪ੍ਰੀਤ ਸਿੰਘ ਹੀਰੋ ਨੇ ਦੱਸਿਆ ਕਿ ਮਿਤੀ 20 ਫਰਵਰੀ ਨੂੰ ਜ਼ੀਰਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਹੋ ਰਹੀ ਰੈਲੀ ਦੇ ਸਬੰਧ ਵਿਚ ਹਲਕਾ ਜ਼ੀਰਾ ਦੇ ਪਿੰਡਾਂ ਵਿਚ ਮੀਟਿੰਗਾਂ ਕਰਕੇ ਲੋਕਾਂ ਨੂੰ ਰੈਲੀ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਜ਼ੀਰਾ ਵਿਖੇ ਹੋ ਰਹੀ ਰੈਲੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਅਤੇ ਹੋਰ ਉੱਚ ਕੋਟੀ ਦੇ ਲੀਡਰ ਰੈਲੀ ਨੂੰ ਸੰਬੋਧਨ ਕਰਨਗੇ। ਉਨ੍ਹਾਂ ਕਿਹਾ ਕਿ ਰੈਲੀ ਦੇ ਸਬੰਧ ਵਿੱਚ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਲੋਕ ਮੌਜ਼ੂਦਾ ਸਰਕਾਰ ਦੀਆਂ ਨਾਕਾਮੀਆਂ ਤੋਂ ਬਹੁਤ ਨਿਰਾਸ਼ ਹਨ ਅਤੇ ਹੁਣ ਉਹ ਅਕਾਲੀ ਦਲ ਦੀ ਮਜ਼ਬੂਤ ਅਤੇ ਤਜ਼ੁਰਬੇਕਾਰ ਅਗਵਾਈ ਨੂੰ ਦੁਬਾਰਾ ਦੇਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼ੁਰੂ ਹੋਣ ਵਾਲੀਆਂ ਇਹ ਰੈਲੀਆਂ ਪੰਜਾਬ ਦੇ ਹਰ ਜ਼ਿਲ੍ਹੇ, ਕਸਬੇ ਅਤੇ ਪਿੰਡ ਵਿਚ ਲੋਕਾਂ ਦੀ ਆਵਾਜ਼ ਬਣਨਗੀਆਂ। ਉਨ੍ਹਾਂ ਦੱਸਿਆ ਕਿ ਅਕਾਲੀ ਦਲ ਹਮੇਸ਼ਾਂ ਤੋਂ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਵਪਾਰੀਆਂ ਅਤੇ ਹਰ ਵਰਗ ਦੇ ਹੱਕਾਂ ਲਈ ਲੜਦਾ ਆ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਲੋਕਾਂ ਦੀਆਂ ਉਮੀਦਾਂ ’ਤੇ ਪੂਰਾ ਉਤਰੇਗਾ। ਉਨ੍ਹਾਂ ਭਰੋਸਾ ਜਤਾਇਆ ਕਿ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ 100 ਫ਼ੀਸਦੀ ਸਰਕਾਰ ਬਣੇਗੀ।