ਮਾਪਿਆਂ ਨੂੰ ਧੀਆਂ ਦਾ ਟੀਕਾਕਰਨ ਕਰਵਾਉਣ ਦੀ ਅਪੀਲ
ਲੜਕੀਆਂ ਦੀ ਸਿਹਤ ਸੁਰੱਖਿਆ ਲਈ ਸੀਐੱਚਸੀ ਗੁਰੂਹਰਸਹਾਏ ਵਿਖੇ ਕੀਤਾ ਜਾ ਰਿਹਾ ਐੱਚਪੀਵੀ ਟੀਕਾਕਰਨ : ਡਾ. ਕਰਨਵੀਰ ਕੌਰ
Publish Date: Tue, 10 Mar 2026 03:42 PM (IST)
Updated Date: Tue, 10 Mar 2026 03:45 PM (IST)

ਦੀਪਕ ਵਧਾਵਨ, ਪੰਜਾਬੀ ਜਾਗਰਣ ਗੁਰੂਹਰਸਹਾਏ : ਸਿਵਲ ਸਰਜਨ ਫਿਰੋਜ਼ਪੁਰ ਡਾ. ਰਾਜੀਵ ਪਰਾਸ਼ਰ ਅਤੇ ਡਾ.ਮੀਨਾਕਸ਼ੀ ਢੀਂਗਰਾ ਜ਼ਿਲ੍ਹਾ ਟੀਕਾਕਰਨ ਅਫਸਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀਐੱਚਸੀ ਗੁਰੂਹਰਸਹਾਏ ਵਿਖੇ ਡਾ.ਕਰਨਵੀਰ ਕੌਰ ਸੀਨੀਅਰ ਮੈਡੀਕਲ ਅਫਸਰ ਦੀ ਅਗਵਾਈ ਹੇਠ ਸਰਵਾਈਕਲ ਕੈਂਸਰ ਵਿਰੁੱਧ ਐੱਚਪੀਵੀ ਟੀਕਾਕਰਨ ਸਬੰਧੀ ਫ਼ੀਲਡ ਸਟਾਫ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਡਾ.ਕਰਨਵੀਰ ਕੌਰ ਐੱਸਐੱਮਓ ਨੇ ਦੱਸਿਆ ਕਿ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਮਹਿਲਾਵਾਂ ਵਿਚ ਪਾਏ ਜਾਣ ਵਾਲੇ ਗੰਭੀਰ ਕੈਂਸਰਾਂ ਵਿੱਚੋਂ ਇੱਕ ਹੈ। ਇਸਦਾ ਮੁੱਖ ਕਾਰਨ ਹਿਊਮਨ ਪੈਪੀਲੋਮਾ ਵਾਇਰਸ (ਐੱਚਪੀਵੀ) ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਲਗਾਇਆ ਗਿਆ ਟੀਕਾ ਇਸ ਬਿਮਾਰੀ ਤੋਂ ਬਚਾਅ ਵਿਚ ਬਹੁਤ ਪ੍ਰਭਾਵਸ਼ਾਲੀ ਸਾਬਤ ਹੁੰਦਾ ਹੈ। ਉਨਾਂ ਦੁਆਰਾ ਮਾਪਿਆਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਆਪਣੀਆਂ ਧੀਆਂ ਦਾ ਐੱਚਪੀਵੀ ਟੀਕਾਕਰਨ ਜ਼ਰੂਰ ਕਰਵਾਉਣ ਤਾਂ ਜੋ ਭਵਿੱਖ ਵਿਚ ਉਹ ਇਸ ਜਾਨਲੇਵਾ ਰੋਗ ਤੋਂ ਸੁਰੱਖਿਅਤ ਰਹਿ ਸਕਣ। ਉਨ੍ਹਾਂ ਕਿਹਾ ਕਿ ਜੇਕਰ ਸਾਡੀਆਂ ਧੀਆਂ ਸੁਰੱਖਿਅਤ ਹੋਣਗੀਆਂ ਤਾਂ ਹੀ ਆਉਣ ਵਾਲੀਆਂ ਪੀੜ੍ਹੀਆਂ ਸੁਰੱਖਿਅਤ ਹੋਣਗੀਆਂ।” ਇਹ ਵੈਕਸੀਨ 14 ਸਾਲ ਦੀਆਂ ਉਨ੍ਹਾਂ ਲੜਕੀਆਂ ਨੂੰ ਦਿੱਤੀ ਜਾਵੇਗੀ ਜਿਨ੍ਹਾਂ ਦਾ 14ਵਾਂ ਜਨਮਦਿਨ ਲੰਘ ਚੁੱਕਾ ਹੈ ਪਰ 15ਵਾਂ ਅਜੇ ਨਹੀਂ ਆਇਆ। ਬਿੱਕੀ ਕੌਰ ਬੀਈਈ ਨੇ ਕਿਹਾ ਕਿ ਟੀਕਾਕਰਨ ਤੋਂ ਪਹਿਲਾਂ ਯੂ-ਵਿਨ ਪੋਰਟਲ ’ਤੇ ਰਜਿਸਟਰੇਸ਼ਨ ਲਾਜ਼ਮੀ ਹੈ, ਜਿਸ ਰਾਹੀਂ ਪੂਰੀ ਪ੍ਰਕਿਰਿਆ ਨੂੰ ਡਿਜ਼ੀਟਲ ਅਤੇ ਪਾਰਦਰਸ਼ੀ ਬਣਾਇਆ ਗਿਆ ਹੈ।