ਫਿਰੋਜ਼ਪੁਰ-ਮੋਗਾ ਰੋਡ 'ਤੇ ਭਿਆਨਕ ਹਾਦਸਾ: ਸਕਾਰਪਿਓ ਨੇ BSF ਦੀ ਗੱਡੀ ਨੂੰ ਮਾਰੀ ਟੱਕਰ, ਸਾਬਕਾ ਸਰਪੰਚ ਖ਼ਿਲਾਫ਼ ਮਾਮਲਾ ਦਰਜ
ਫਿਰੋਜ਼ਪੁਰ-ਮੋਗਾ ਰਾਸ਼ਟਰੀ ਮਾਰਗ 'ਤੇ ਪਿੰਡ ਪਿਆਰੇਆਣਾ ਦੇ ਨੇੜੇ ਇਕ ਤੇਜ਼ ਰਫ਼ਤਾਰ ਸਕਾਰਪਿਓ ਗੱਡੀ ਅਤੇ ਬੀ.ਐੱਸ.ਐੱਫ. (BSF) ਦੀ ਸਰਕਾਰੀ ਗੱਡੀ ਵਿਚਾਲੇ ਹੋਈ ਟੱਕਰ ਵਿੱਚ ਸਰਕਾਰੀ ਵਾਹਨ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਘਟਨਾ ਦੇ ਸਬੰਧ ਵਿੱਚ ਥਾਣਾ ਕੁੱਲਗੜ੍ਹੀ ਦੀ ਪੁਲਿਸ ਨੇ ਸਕਾਰਪਿਓ ਚਾਲਕ ਵਿਰੁੱਧ ਕਾਨੂੰਨੀ ਸ਼ਿਕੰਜਾ ਕੱਸਦਿਆਂ ਮੁਕੱਦਮਾ ਦਰਜ ਕਰ ਲਿਆ ਹੈ।
Publish Date: Thu, 23 Apr 2026 11:05 AM (IST)
Updated Date: Thu, 23 Apr 2026 11:07 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਫਿਰੋਜ਼ਪੁਰ-ਮੋਗਾ ਰਾਸ਼ਟਰੀ ਮਾਰਗ 'ਤੇ ਪਿੰਡ ਪਿਆਰੇਆਣਾ ਦੇ ਨੇੜੇ ਇਕ ਤੇਜ਼ ਰਫ਼ਤਾਰ ਸਕਾਰਪਿਓ ਗੱਡੀ ਅਤੇ ਬੀ.ਐੱਸ.ਐੱਫ. (BSF) ਦੀ ਸਰਕਾਰੀ ਗੱਡੀ ਵਿਚਾਲੇ ਹੋਈ ਟੱਕਰ ਵਿੱਚ ਸਰਕਾਰੀ ਵਾਹਨ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਘਟਨਾ ਦੇ ਸਬੰਧ ਵਿੱਚ ਥਾਣਾ ਕੁੱਲਗੜ੍ਹੀ ਦੀ ਪੁਲਿਸ ਨੇ ਸਕਾਰਪਿਓ ਚਾਲਕ ਵਿਰੁੱਧ ਕਾਨੂੰਨੀ ਸ਼ਿਕੰਜਾ ਕੱਸਦਿਆਂ ਮੁਕੱਦਮਾ ਦਰਜ ਕਰ ਲਿਆ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਐੱਸ.ਐੱਸ.ਐੱਫ. (SSF) ਵਿੱਚ ਤੈਨਾਤ ਏ.ਐੱਸ.ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ 21 ਅਪ੍ਰੈਲ 2026 ਨੂੰ ਦੁਪਹਿਰ ਕਰੀਬ 2:12 ਵਜੇ ਜਦੋਂ ਉਹ ਡਿਊਟੀ 'ਤੇ ਮੌਜੂਦ ਸਨ, ਤਾਂ ਉਨ੍ਹਾਂ ਨੂੰ ਬੀ.ਐੱਸ.ਐੱਫ. ਹੈੱਡਕੁਆਰਟਰ ਦੇ ਨੇੜੇ ਹਾਦਸਾ ਹੋਣ ਦੀ ਸੂਚਨਾ ਮਿਲੀ।
ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਪਤਾ ਲੱਗਾ ਕਿ ਪਿੰਡ ਪਿਆਰੇਆਣਾ ਦੇ ਰਹਿਣ ਵਾਲੇ ਸਾਬਕਾ ਸਰਪੰਚ ਨਛੱਤਰ ਸਿੰਘ, ਜੋ ਆਪਣੀ ਸਕਾਰਪਿਓ ਗੱਡੀ (ਪੀਬੀ 05ਏਬੀ 2097) ਚਲਾ ਰਿਹਾ ਸੀ, ਨੇ ਗਲਤ ਸਾਈਡ ਤੋਂ ਅਚਾਨਕ ਯੂ-ਟਰਨ (U-Turn) ਲੈਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਸਕਾਰਪਿਓ ਦੀ ਟੱਕਰ ਸਿੱਧੀ ਬੀ.ਐੱਸ.ਐੱਫ. ਦੀ ਸਰਕਾਰੀ ਗੱਡੀ (ਪੀਬੀ 65 ਬੀਜੀ 4935) ਨਾਲ ਹੋ ਗਈ।
ਪੁਲਿਸ ਕਾਰਵਾਈ
ਟੱਕਰ ਇੰਨੀ ਜ਼ਬਰਦਸਤ ਸੀ ਕਿ ਬੀ.ਐੱਸ.ਐੱਫ. ਦੀ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਮਹਿੰਦਰ ਸਿੰਘ ਨੇ ਦੱਸਿਆ ਕਿ:
ਸਕਾਰਪਿਓ ਚਾਲਕ ਨਛੱਤਰ ਸਿੰਘ ਖ਼ਿਲਾਫ਼ BNS ਦੀਆਂ ਧਾਰਾਵਾਂ 281 ਅਤੇ 324 (4) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਹਾਦਸੇ ਦੇ ਕਾਰਨਾਂ ਅਤੇ ਲਾਪਰਵਾਹੀ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।