ਵੰਦੇ ਭਾਰਤ ਐਕਸਪ੍ਰੈਸ ਦੇ ਟਿਕਟ ਚੈਕਿੰਗ ਸਟਾਫ਼ ਨੇ ਦਿਖਾਈ ਇਮਾਨਦਾਰੀ
ਵੰਦੇ ਭਾਰਤ ਐਕਸਪ੍ਰੈਸ ਵਿਚ ਟਿਕਟ ਚੈਕਿੰਗ ਸਟਾਫ਼ ਦੀ ਇਮਾਨਦਾਰੀ
Publish Date: Mon, 30 Mar 2026 04:58 PM (IST)
Updated Date: Mon, 30 Mar 2026 05:00 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਰੇਲਵੇ ਸਟਾਫ਼ ਦੀ ਇਮਾਨਦਾਰੀ ਅਤੇ ਫ਼ਰਜ਼ ਪ੍ਰਤੀ ਨਿਸ਼ਠਾ ਦੀ ਇਕ ਮਿਸਾਲੀ ਉਦਾਹਰਣ ਵੰਦੇ ਭਾਰਤ ਐਕਸਪ੍ਰੈਸ ਵਿਚ ਦੇਖਣ ਨੂੰ ਮਿਲੀ ਹੈ। ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀ ਗੱਡੀ ਸੰਖਿਆ 22488 ਵੰਦੇ ਭਾਰਤ ਐਕਸਪ੍ਰੈਸ ਵਿਚ ਤੈਨਾਤ ਟਿਕਟ ਚੈਕਿੰਗ ਸਟਾਫ਼ ਦੀ ਮੈਂਬਰ ਸ਼ਸ਼ੀ ਬਾਲਾ ਨੇ ਇਕ ਯਾਤਰੀ ਦਾ ਕੀਮਤੀ ਆਈਫੋਨਲੱਭ ਕੇ ਉਸ ਨੂੰ ਸੁਰੱਖਿਅਤ ਵਾਪਸ ਕਰ ਦਿੱਤਾ। ਜਾਣਕਾਰੀ ਅਨੁਸਾਰ ਰੇਲਗੱਡੀ ਦੇ ਕੋਚ ਨੰਬਰ ਸੀ-12 ਦੀ ਸੀਟ ਨੰਬਰ 30 ’ਤੇ ਸ਼ਸ਼ੀ ਬਾਲਾ ਨੂੰ ਇਕ ਲਾਵਾਰਿਸ ਆਈਫੋਨ ਪਿਆ ਮਿਲਿਆ। ਉਨ੍ਹਾਂ ਨੇ ਤੁਰੰਤ ਆਪਣੇ ‘ਹੈਂਡ ਹੈਲਡ ਟਰਮੀਨਲ’ ਰਾਹੀਂ ਉਸ ਸੀਟ ’ਤੇ ਸਫ਼ਰ ਕਰਨ ਵਾਲੇ ਯਾਤਰੀਆਂ ਦਾ ਵੇਰਵਾ ਕੱਢਿਆ। ਪਤਾ ਲੱਗਾ ਕਿ ਅੰਮ੍ਰਿਤਸਰ ਤੋਂ ਲੁਧਿਆਣਾ ਤੱਕ ਸੀਟ ਨੰਬਰ 30 ਤੋਂ 34 ਤੱਕ ਯਾਤਰੀਆਂ ਦੇ ਇਕ ਸਮੂਹ ਨੇ ਸਫ਼ਰ ਕੀਤਾ ਸੀ। ਸ਼ਸ਼ੀ ਬਾਲਾ ਨੇ ਦਿੱਤੇ ਗਏ ਮੋਬਾਈਲ ਨੰਬਰਾਂ ’ਤੇ ਸੰਪਰਕ ਕੀਤਾ, ਜਿਸ ਤੋਂ ਬਾਅਦ ਪਤਾ ਲੱਗਾ ਕਿ ਸਬੰਧਤ ਯਾਤਰੀ ਜਲਦਬਾਜ਼ੀ ਵਿਚ ਲੁਧਿਆਣਾ ਸਟੇਸ਼ਨ ’ਤੇ ਉਤਰਦੇ ਸਮੇਂ ਆਪਣਾ ਮਹਿੰਗਾ ਫ਼ੋਨ ਸੀਟ ’ਤੇ ਹੀ ਭੁੱਲ ਗਿਆ ਸੀ। ਸ਼ਸ਼ੀ ਬਾਲਾ ਨੇ ਯਾਤਰੀ ਨੂੰ ਫ਼ੋਨ ਸੁਰੱਖਿਅਤ ਹੋਣ ਦਾ ਭਰੋਸਾ ਦਿੱਤਾ ਅਤੇ ਦੱਸਿਆ ਕਿ ਵਾਪਸੀ ਵੇਲੇ ਗੱਡੀ ਸੰਖਿਆ 22487 ਦਿੱਲੀ–ਅੰਮ੍ਰਿਤਸਰ ਵੰਦੇ ਭਾਰਤ ਐਕਸਪ੍ਰੈਸ ਵਿਚ ਇਹ ਫ਼ੋਨ ਉਨ੍ਹਾਂ ਨੂੰ ਸੌਂਪ ਦਿੱਤਾ ਜਾਵੇਗਾ। ਰੇਲਗੱਡੀ ਦੀ ਵਾਪਸੀ ’ਤੇ ਤੈਅ ਕੀਤੇ ਗਏ ਪ੍ਰੋਗਰਾਮ ਅਨੁਸਾਰ ਫ਼ੋਨ ਯਾਤਰੀ ਦੇ ਹਵਾਲੇ ਕਰ ਦਿੱਤਾ ਗਿਆ। ਆਪਣਾ ਕੀਮਤੀ ਫ਼ੋਨ ਵਾਪਸ ਪਾ ਕੇ ਯਾਤਰੀ ਬੇਹੱਦ ਖੁਸ਼ ਨਜ਼ਰ ਆਇਆ ਅਤੇ ਉਸ ਨੇ ਭਾਰਤੀ ਰੇਲਵੇ ਦੀ ਇਸ ਸ਼ਾਨਦਾਰ ਸੇਵਾ ਅਤੇ ਸਟਾਫ਼ ਦੀ ਇਮਾਨਦਾਰੀ ਲਈ ਦਿਲੋਂ ਧੰਨਵਾਦ ਕੀਤਾ। ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਇਸ ਸ਼ਲਾਘਾਯੋਗ ਕਾਰਜ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਘਟਨਾ ਰੇਲਵੇ ਕਰਮਚਾਰੀਆਂ ਦੀ ਇਮਾਨਦਾਰੀ ਅਤੇ ਯਾਤਰੀਆਂ ਦੀ ਸੇਵਾ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਦਾ ਪ੍ਰਤੀਕ ਹੈ। ਉਨ੍ਹਾਂ ਨੇ ਸ਼ਸ਼ੀ ਬਾਲਾ ਨੂੰ ਪ੍ਰਸੰਸਾ ਪੱਤਰ ਦੇਣ ਦਾ ਐਲਾਨ ਕੀਤਾ ਹੈ, ਤਾਂ ਜੋ ਹੋਰ ਕਰਮਚਾਰੀ ਵੀ ਇਸ ਤੋਂ ਪ੍ਰੇਰਨਾ ਲੈ ਕੇ ਜਨਤਕ ਸੇਵਾ ਵਿਚ ਆਪਣਾ ਬਿਹਤਰੀਨ ਯੋਗਦਾਨ ਪਾ ਸਕਣ।