ਹਾਕਮ ਧਿਰ ਦੇ ਵਿਧਾਇਕ ਨੂੰ ‘ਐਡਜਸਟ’ ਨਾ ਕਰਨ ’ਤੇ ਇਮਾਨਦਾਰ ਆਰਟੀਏ ਦਾ ਤਬਾਦਲਾ
ਹਾਕਮ ਧਿਰ ਦੇ ਵਿਧਾਇਕ ਨੂੰ ‘ਐਡਜਸਟ’ ਨਾ ਕਰਨ ’ਤੇ ਇਮਾਨਦਾਰ ਆਰ ਟੀ ਏ ਦਾ ਤਬਾਦਲਾ !
Publish Date: Fri, 20 Feb 2026 06:41 PM (IST)
Updated Date: Fri, 20 Feb 2026 06:45 PM (IST)

ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ ਫਿਰੋਜ਼ਪੁਰ : ਬੀਤੇ ਲੰਮੇਂ ਸਮੇਂ ਤੋਂ ਹਰ ਕੰਮ ਕਰਨ ਤੋਂ ਪਹਿਲੋਂ ਪੂਰੀ ਤਰਾਂ ਵੇਖ ਸਮਝ ਕੇ ਸਾਈਨ ਕਰਨ ਵਾਲੇ ਆਰ ਟੀ ਏ ਅਮਨਦੀਪ ਨੂੰ ਟਰਾਂਸਟਰ ਕਰਕੇ ਫਰੀਦਕੋਟ ਭੇਜ ਦਿੱਤਾ ਗਿਆ ਹੈ। ਭਾਵੇਂ ਕਿ ਇਸ ਨੂੰ ਸੂਬਾ ਸਰਕਾਰ ਵੱਲੋਂ ਕੀਤੀਆਂ ਰੂਟੀਨ ਬਦਲੀਆਂ ਦੇ ਤੌਰ ’ਤੇ ਦੱਸਿਆ ਜਾ ਰਿਹਾ ਹੈ ਪਰ ਫਿਰੋਜ਼ਪੁਰ ਵਿਚ ਆਰਟੀਏ ਅਮਨਦੀਪ ਦੀ ਬਦਲੀ ਨੂੰ ਸੱਤਾਧਾਰੀ ਵਿਧਾਇਕ ਦੀ ਟਰਾਂਸਪੋਰਟ ਕੰਪਨੀ ਦੇ ਮੈਨੇਜਰ ਨੂੰ ‘ਐਡਜਸਟ’ ਨਾ ਕਰਨ ਦੇ ਖਮਿਆਜ਼ੇ ਵਜੋਂ ਵੇਖਿਆ ਜਾ ਰਿਹਾ ਹੈ। ਲੋਕਾਂ ਵਿਚ ਚਰਚਾ ਹੈ ਕਿ ਹਾਕਮ ਧਿਰ ਦੇ ਗਿੱਦੜਬਾਹੇ ਤੋਂ ਵਿਧਾਇਕ ਡਿੰਪੀ ਢਿੱਲੋਂ ਬੀਤੇ ਕੁੱਝ ਦਿਨਾਂ ਤੋਂ ਆਰਟੀਏ ਤੋਂ ਖਫ਼ਾ ਚੱਲ ਰਹੇ ਸਨ। ਡਿੰਪੀ ਢਿੱਲੋਂ ਦੇ ਖ਼ਫ਼ਾ ਹੋਣ ਦਾ ਕਾਰਣ ਆਰਟੀਏ ਵੱਲੋਂ ਉਨ੍ਹਾਂ ਦੀ ਟਰਾਂਸਪੋਰਟ ਕੰਪਨੀ ‘ਨਿਊ ਦੀਪ ਟਰਾਂਸਪੋਰਟ’ ਨੂੰ ‘ਤਵੱਜੋ’ ਨਾ ਦੇਣ ਨੂੰ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਕੁੱਝ ਦਿਨ ਪਹਿਲੋਂ ਆਮ ਆਦਮੀ ਪਾਰਟੀ ਦੇ ਫਾਉਂਡਰ ਮੈਂਬਰ ਸੁਖਰਾਜ ਸਿੰਘ ਗੋਰਾ ਨੂੰ ਕਥਿੱਤ ਤੌਰ ’ਤੇ ਜਲੀਲ ਕਰਨ ਵਾਲੀ ਏਡੀਸੀ ਨਿਧੀ ਕੁੰਮੁਦ ਬਾਂਬਾ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸ਼ੁੱਕਰਵਾਰ ਨੂੰ ਪੰਜਾਬ ਸਰਕਾਰ ਵੱਲੋਂ 90 ਤੋਂ ਵੱਧ ਆਈ ਏ ਐਸ ਅਤੇ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇੰਨ੍ਹਾਂ ਤਬਾਦਲਿਆਂ ਵਿਚ ਫਿਰੋਜ਼਼ਪੁਰ ਦੇ ਆਰਟੀਏ ਅਮਨਦੀਪ ਅਤੇ ਏਡੀਸੀ ਨਿਧੀ ਕੁੰਮੁਦ ਬਾਂਬਾ ਦੇ ਨਾਂਅ ਵੀ ਸ਼ਾਮਲ ਹਨ। ਇਹ ਦੋਵੇਂ ਹੀ ਅਧਿਕਾਰੀ ਕਿਸੇ ਨਾ ਕਿਸੇ ਤਰਾਂ ਆਪ ਆਗੂਆਂ ਦੀ ਸ਼ਿਕਾਇਤਾ ਦਾ ਸ਼ਿਕਾਰ ਹੋਏ ਦੱਸੇ ਜਾ ਰਹੇ ਹਨ। ਇਸ ਸਬੰਧੀ ਬੀਤੇ ਵੀਰਵਰ ਸ਼ਾਮ ਤੋਂ ਹੀ ਉਸ ਵੇਲੇ ਚਰਚਾ ਹੋਣੀ ਸ਼ੁਰੂ ਹੋ ਗਈ ਸੀ ,ਜਦੋਂ ਗਿੱਦੜਬਾਹਾ ਤੋੋਂ ਵਿਧਾਇਕ ਡਿੰਪੀ ਢਿੱਲੋਂ ਦੇ ਲੈਟਰਹੈਡ ’ਤੇ ਲਿੱਖੀ ਇਕ ਚਿੱਠੀ ਬੜੀ ਤੇਜੀ ਨਾਲ ਵਾਇਰਲ ਹੋਣੀ ਸ਼ੁਰੂ ਹੋ ਗਈ। ਡਿੰਪੀ ਢਿੱਲੋਂ ਦੇ ਲੈਟਰਹੈਡ ’ਤੇ ਸਟੇਟ ਟਰਾਂਸਪੋਰਟ ਕਮਿਸ਼ਨਰ ਨੂੰ ਲਿਖੀ ਚਿੱਠੀ ਵਿਚ ਇਹ ਲਿਖਦਿਆਂ ਆਰਟੀਏ ਫਿਰੋਜ਼ਪੁਰ ਅਮਨਦੀਪ ਨੂੰ ਸਸਪੈਂਡ ਕਰਨ ਦੀ ਮੰਗ ਕੀਤੀ ਗਈ ਸੀ ਕਿ ਉਨ੍ਹਾਂ ਦੇ ਟਰਾਂਸਪੋਰਟ ਕੰਪਨੀ ‘ਨਿਊ ਦੀਪ ਟਰਾਂਸਪੋਰਟ ’ ਕੰਪਨੀ ਦੇ ਮੈਨੇਜਰ ਨੇ ਦੱਸਿਆ ਹੈ ਕਿ ਆਰਟੀਏ ਤੋਂ ਲੋਕ ਬਹੁਤ ਪਰੇਸ਼ਾਨ ਹਨ। ਇੰਨ੍ਹਾਂ ਹੀ ਨਹੀਂ ਆਰਟੀਏ ਵੱਲੋਂ ਉਨ੍ਹਾਂ ਦੀ ਕੰਪਨੀ ਦੇ ਵੀ ਕੰਮ ਨਹੀਂ ਕੀਤੇ ਜਾ ਰਹੇ ਹਨ। ਉਨ੍ਹਾਂ ਇਹ ਵੀ ਲਿੱਖਿਆ ਸੀ ਕਿ ਆਰਟੀਏ ਬਸ ਟਰਾਂਸਪੋਰਟਰਾਂ ਦੇ ਸਮੇਂ ਵੀ ‘ਐਡਜਸਟ’ ਨਹੀਂ ਕਰਦਾ ਹੈ। ਉਂਝ ਤਾਂ ਅਜਿਹੇ ਕਿਸੇ ਵਰਤਾਰੇ ਦੀ ਬੀਤੇ ਦਿਨ ਤੋਂ ਉਮੀਂਦ ਕੀਤੀ ਜਾ ਰਹੀ ਸੀ ,ਪਰ ਟਰਾਂਸਪੋਰਟਰ ਵਿਧਾਇਕ ਵੱਲੋਂ ਕੀਤੀ ਸਸਪੈਂਡ ਦੀ ਮੰਗ ਦੀ ਬਜਾਏ ਸਰਕਾਰ ਵੱਲੋਂ ਫਿਲਹਾਲ ਟਰਾਂਸਫਰ ਕਰਕੇ ਹੀ ਸਾਰ ਲਿਆ ਗਿਆ ਹੈ। ‘ਆਪ’ ਆਗੂ ਨੂੰ ਜ਼ਲੀਲ ਕਰਨ ਵਾਲੀ ਏਡੀਸੀ ਦਾ ਵੀ ਤਬਾਦਲਾ ਸ਼ੁੱਕਰਵਾਰ ਨੂੰ ਆਈ ਤਬਾਦਲਿਆਂ ਦੀ ਲਿਸਟ ਵਿਚ ਏਡੀਸੀ ਫਿਰੋਜ਼ਪੁਰ ਨਿਧੀ ਕੁਮੁੰਦ ਬਾਂਬਾ ਦਾ ਨਾਂਅ ਵੀ ਸ਼ਾਮਲ ਸੀ । ਏਡੀਸੀ ਨਿਧੀ ਨੂੰ ਬਦਲ ਕੇ ਏਡੀਸੀ ਹੂਸ਼ਿਆਰਪੁਰ ਵਜੋਂ ਤੈਨਾਤ ਕੀਤਾ ਗਿਆ ਹੈ। ਏਡੀਸੀ ਨਿਧੀ ਦੇ ਬਾਰੇ ਵੀ ਬੀਤੇ ਦਿਨੀਂ ਉਸ ਵੇਲੇ ਵਿਵਾਦ ਹੋ ਗਿਆ ਸੀ ਜਦੋਂ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਪਰੀਸ਼ਦ ਚੋਣ ਲੜ ਚੁੱਕੇ ਆਪ ਆਗੂ ਸੁਖਰਾਜ ਸਿੰਘ ਗੋਰਾ ਨੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਬੈਠ ਕੇ ਧਰਨਾ ਦਿੰਦਿਆਂ ਲਾਈਵ ਹੋ ਕੇ ਆਖਿਆ ਸੀ ਕਿ ਏਡੀਸੀ ਨਿਧੀ ਨੇ ਉਨ੍ਹਾਂ ਨੂੰ ਜ਼ਲੀਲ ਕਰਨ ਲਈ ਅਜਿਹੇ ਸ਼ਬਦਾਂ ਦੀ ਵਰਤੋਂ ਕੀਤੀ ਹੈ ਕਿ ਉਹ ਦੱਸ ਵੀ ਨਹੀਂ ਸੱਕਦੇ। ਭਾਵੇਂ ਕਿ ਉਸ ਵੇਲੇ ਤੋਂ ਹੀ ਅਜਿਹੇ ਕਿਸੇ ਤਬਾਦਲੇ ਦੀ ਸੰਭਾਵਨਾ ਜਤਾਈ ਜਾ ਰਹੀ ਸੀ ,ਪਰ ਇਸ ਤਰਾਂ ਸਮੂਹਿਕ ਤਬਾਦਲਿਆਂ ਵਿਚ ਅਫਸਰਾਂ ਦੀ ਬਦਲੀ ਕਰਕੇ ਸਰਕਾਰ ਨੇ ਦੋਵੇਂ ਧਿਰਾਂ ਹੀ ਰਾਜੀ ਕਰ ਲਈਆਂ ਹਨ ।