ਐੱਚਕੇਐੱਲ ਗਰੁੱਪ ਵੱਲੋਂ ਸੜਕ ਸੁਰੱਖਿਆ ਜਾਗਰੂਕਤਾ ਦੇ ਮੱਦੇਨਜ਼ਰ ਨੁੱਕੜ ਨਾਟਕ ਦਾ ਮੰਚਨ
ਐੱਚਕੇਐੱਲ ਗਰੁੱਪ ਵੱਲੋਂ ਸੜਕ ਸੁਰੱਖਿਆ ਜਾਗਰੂਕਤਾ ਲਈ ਨੁੱਕੜ ਨਾਟਕ ਦਾ ਆਯੋਜਨ
Publish Date: Sat, 07 Feb 2026 03:08 PM (IST)
Updated Date: Sat, 07 Feb 2026 03:11 PM (IST)

ਰਵੀ ਮੌਂਗਾ, ਪੰਜਾਬੀ ਜਾਗਰਣ ਗੁਰੂਹਰਸਹਾਏ : ਐੱਚਕੇਐੱਲ ਗਰੁੱਪ ਗੁਰੁਹਰਸਹਾਏ ਵਿਚ ਸੜਕ ਸੁਰੱਖਿਆ ਨਿਯਮਾਂ ਅਤੇ ਜ਼ਿੰਮੇਵਾਰ ਯਾਤਾਯਾਤ ਵਰਤਾਰੇ ਬਾਰੇ ਜਾਗਰੂਕਤਾ ਕਰਨ ਦੇ ਉਦੇਸ਼ ਨਾਲ ਇੱਕ ਪ੍ਰਭਾਵਸ਼ਾਲੀ ਨੁੱਕੜ ਨਾਟਕ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਐੱਚਕੇਐੱਲ ਗਰੁੱਪ ਦੇ ਵਿਦਿਆਰਥੀਆਂ ਅਤੇ ਕਰਮਚਾਰੀਆਂ ਵੱਲੋਂ ਮਯੰਕ ਫਾਊਂਡੇਸ਼ਨ ਦੀ ਟੀਮ ਦਾ ਦਿਲੋਂ ਅਤੇ ਸਨੇਹ ਭਰਿਆ ਸਵਾਗਤ ਕੀਤਾ ਗਿਆ।ਇਹ ਸਮਾਗਮ ਐੱਚਕੇਐੱਲ ਗਰੁੱਪ ਦੇ ਚੇਅਰਮੈਨ ਡਾਕਟਰ ਪ੍ਰਵੀਨ ਗੁਪਤਾ, ਸੀਈੳ ਸਮਿਕਸ਼ਾ ਗੁਪਤਾ, ਪ੍ਰਿੰਸੀਪਲ ਅਨੁਗ੍ਰਹ ਇਬਰਾਹਿਮ ਅਤੇ ਪ੍ਰਿੰਸੀਪਲ ਡਾਕਟਰ ਨੀਰਜ ਕੁਮਾਰ ਗੌਰ ਦੀ ਯੋਗ ਅਗਵਾਈ ਹੇਠ ਸੰਪੰਨ ਹੋਇਆ, ਜਿਨ੍ਹਾਂ ਦੇ ਸਹਿਯੋਗ ਨਾਲ ਇਹ ਕਾਰਜ ਸਫਲਤਾਪੂਰਵਕ ਕਰਵਾਇਆ ਗਿਆ। ਇਸ ਮੌਕੇ ਐੱਚਕੇਐੱਲ ਗਰੁੱਪ ਦੇ ਵਿਦਿਆਰਥੀਆਂ ਦੇ ਨਾਲ ਨਾਲ ਆਂਗਨਵਾੜੀ ਕਰਮਚਾਰੀਆਂ ਨੇ ਵੀ ਸਰਗਰਮ ਭਾਗੀਦਾਰੀ ਕੀਤੀ। ਪ੍ਰੋਗਰਾਮ ਦਾ ਮੁੱਖ ਆਕਰਸ਼ਣ “ਬਚ ਕੇ ਮੋੜ ਤੋਂ” ਨਾਮਕ ਨੁੱਕੜ ਨਾਟਕ ਰਿਹਾ, ਜਿਸਨੂੰ ਕ੍ਰਾਂਤੀ ਕਲਾ ਮੰਚ ਵੱਲੋਂ ਬਲਜੀਤ ਮੋਗਾ ਦੀ ਨਿਰਦੇਸ਼ਤਾ ਹੇਠ ਪੇਸ਼ ਕੀਤਾ ਗਿਆ। ਇਸ ਨਾਟਕ ਰਾਹੀਂ ਬੇਧਿਆਨੀ ਨਾਲ ਵਾਹਨ ਚਲਾਉਣ ਦੇ ਨੁਕਸਾਨ ਅਤੇ ਸੜਕ ਨਿਯਮਾਂ ਦੀ ਪਾਲਣਾ ਦੀ ਮਹੱਤਤਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ ਗਿਆ।ਇਸ ਮੌਕੇ ਮੁੱਖ ਵਕਤਾ ਦੀਪਕ ਸ਼ਰਮਾ ਅਤੇ ਹਰਨਾਮ ਸਿੰਘ ਨੇ ਸੜਕ ਸੁਰੱਖਿਆ ਬਾਰੇ ਭਾਵੁਕ ਅੰਦਾਜ਼ ਵਿਚ ਗੱਲ ਕਰਦਿਆਂ ਆਪਣੇ ਪੁੱਤਰ ਮਯੰਕ ਨੂੰ ਸੜਕ ਹਾਦਸੇ ਵਿਚ ਗੁਆਉਣ ਦਾ ਦੁੱਖ ਸਾਂਝਾ ਕੀਤਾ। ਉਨ੍ਹਾਂ ਦੇ ਸ਼ਬਦਾਂ ਨੇ ਹਾਜ਼ਰ ਲੋਕਾਂ ਨੂੰ ਗਹਿਰਾਈ ਨਾਲ ਪ੍ਰਭਾਵਿਤ ਕੀਤਾ ਅਤੇ ਸੜਕ ਸੁਰੱਖਿਆ ਦੀ ਅਹਿਮੀਅਤ ਨੂੰ ਉਜਾਗਰ ਕੀਤਾ। ਐੱਚਕੇਐੱਲ ਗਰੁੱਪ ਦੇ ਵਿਦਿਆਰਥੀਆਂ ਵੱਲੋਂ ਸੜਕ ਨਿਯਮਾਂ ’ਤੇ ਆਧਾਰਿਤ ਇੱਕ ਛੋਟਾ ਨਾਟਕ ਵੀ ਪੇਸ਼ ਕੀਤਾ ਗਿਆ, ਜਿਸ ਨਾਲ ਜਾਗਰੂਕਤਾ ਦਾ ਸੰਦੇਸ਼ ਹੋਰ ਮਜ਼ਬੂਤ ਹੋਇਆ। ਸਮਾਗਮ ਦੇ ਅੰਤ ਵਿਚ ਹਾਜ਼ਰ ਸਾਰੇ ਲੋਕਾਂ ਨੂੰ ਸੜਕ ਸੁਰੱਖਿਆ ਦੀ ਸਹੁੰ ਚੁਕਵਾਈ ਗਈ ਕਿ ਉਹ ਯਾਤਾਯਾਤ ਨਿਯਮਾਂ ਦੀ ਪਾਲਣਾ ਕਰਨਗੇ ਅਤੇ ਸੁਰੱਖਿਅਤ ਵਰਤਾਰਾ ਅਪਣਾਉਣਗੇ। ਇਹ ਸਮਾਗਮ ਜਾਗਰੂਕਤਾ, ਜ਼ਿੰਮੇਵਾਰੀ ਅਤੇ ਸਾਂਝੇ ਯਤਨਾਂ ਰਾਹੀਂ ਕੀਮਤੀ ਜਾਨਾਂ ਬਚਾਉਣ ਦੇ ਪੱਕੇ ਸੰਕਲਪ ਨਾਲ ਸੰਪੰਨ ਹੋਇਆ।