ਸਰਵ ਮੰਦਰ ਕੇਂਦਰੀ ਸਭਾ ਵੱਲੋਂ ਫਿਰੋਜ਼ਪੁਰ ’ਚ ਕੈਲੰਡਰ ਜਾਰੀ
ਹਿੰਦੂ ਨਵਾਂ ਸਾਲ ਵਿਕਰਮ ਸੰਮਤ 2083: ਸਰਵ ਮੰਦਰ ਕੇਂਦਰੀ ਸਭਾ ਵੱਲੋਂ ਫਿਰੋਜ਼ਪੁਰ ਵਿੱਚ ਕੈਲੰਡਰ ਜਾਰੀ
Publish Date: Fri, 20 Mar 2026 03:52 PM (IST)
Updated Date: Fri, 20 Mar 2026 03:55 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਸਰਵ ਮੰਦਰ ਕੇਂਦਰੀ ਸਭਾ ਫਿਰੋਜ਼ਪੁਰ ਨੇ ਭਗਤੀ ਭਜਨ ਸਮੂਹ ਦੇ ਸਹਿਯੋਗ ਨਾਲ ਐੱਸਬੀਐੱਸ ਨਰਸਿੰਗ ਕਾਲਜ ਸੋਢੇਵਾਲਾ ਵਿਖੇ ਇਕ ਵਿਸ਼ੇਸ਼ ਪ੍ਰੋਗਰਾਮ ਉਲੀਕਿਆ, ਜਿਸ ਵਿਚ ਨਵਾਂ ਸਾਲ ਵਿਕਰਮ ਸੰਮਤ 2083 ਦਾ ਕੈਲੰਡਰ ਰਿਲੀਜ਼ ਕੀਤਾ ਗਿਆ। ਇਸ ਸਮਾਗਮ ਵਿਚ ਸ੍ਰੀ ਹਿੰਦੂ ਤਖ਼ਤ ਦੇ ਪ੍ਰਧਾਨ ਅਤੇ ਸ੍ਰੀ ਬਾਬਾ ਬਾਲਕ ਨਾਥ ਮੰਦਰ ਦੇ ਸੰਸਥਾਪਕ ਬਾਬਾ ਬਲਦੇਵ ਗਿਰੀ ਅਤੇ ਸ੍ਰੀ ਹਨੂਮਾਨ ਮੰਦਰ ਫਿਰੋਜ਼ਪੁਰ ਸ਼ਹਿਰ ਦੇ ਰਾਹੁਲ ਬਜਾਜ (ਬਾਬਾ ਜੀ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਸੰਤਾਂ ਵੱਲੋਂ ਜੋਤੀ ਪ੍ਰਚੰਡ ਕਰਕੇ ਕੀਤੀ ਗਈ। ਮੰਚ ’ਤੇ ਮੌਜ਼ੂਦ ਬਾਬਾ ਬਲਦੇਵ ਗਿਰੀ, ਰਾਹੁਲ ਬਜਾਜ, ਪੰਡਿਤ ਆਚਾਰੀਆ ਅਨਿਲ ਸ਼ਰਮਾ ਅਤੇ ਆਚਾਰੀਆ ਵੇਦ ਪ੍ਰਕਾਸ਼ ਸ਼ੁਕਲਾ ਨੇ ਸਮੂਹ ਸੰਗਤ ਨੂੰ ਹਿੰਦੂ ਨਵੇਂ ਸਾਲ ਦੀ ਵਧਾਈ ਦਿੱਤੀ। ਡਾ. ਰਾਮੇਸ਼ਵਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਇਹ ਕੈਲੰਡਰ ਫਿਰੋਜ਼ਪੁਰ ਦੇ ਵਿਦਵਾਨ ਪੰਡਿਤਾਂ ਦੀ ਸਖ਼ਤ ਮਿਹਨਤ ਨਾਲ ਤਿਆਰ ਕੀਤਾ ਗਿਆ ਹੈ। ਵਿਕਰਮ ਸੰਮਤ ਦਾ ਸਬੰਧ ਬ੍ਰਹਿਮੰਡ ਦੀ ਰਚਨਾ ਨਾਲ ਹੈ, ਜਿਸ ਦੀ ਸ਼ੁਰੂਆਤ ਚੇਤ ਮਹੀਨੇ ਦੇ ਨਰਾਤਿਆਂ ਤੋਂ ਹੁੰਦੀ ਹੈ। ਹੁਣ ਫਿਰੋਜ਼ਪੁਰ ਛਾਉਣੀ ਅਤੇ ਸ਼ਹਿਰ ਵਿਚ ਤਿਉਹਾਰਾਂ ਦੀਆਂ ਤਰੀਕਾਂ ਨੂੰ ਲੈ ਕੇ ਕੋਈ ਦੁਬਿਧਾ ਨਹੀਂ ਰਹੇਗੀ ਅਤੇ ਇੱਕੋਂ ਤਿਉਹਾਰ ਦੋ ਵਾਰ ਨਹੀਂ ਮਨਾਇਆ ਜਾਵੇਗਾ। ਕੈਲੰਡਰ ਤਿਆਰ ਕਰਨ ਵਿਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਪੰਡਿਤ ਰਾਜੇਸ਼ ਅੱਤਰੀ ਬਾਜੀਦਪੁਰ ਵਾਲੇ, ਅਮਨ ਸ਼ਰਮਾ, ਕੇਸ਼ਵ ਤਿਵਾੜੀ, ਸੁਰਿੰਦਰ ਸ਼ੁਕਲਾ, ਅਨਿਲ ਪਾਂਡੇ, ਅਮਿਤ ਤ੍ਰਿਪਾਠੀ ਅਤੇ ਭੁਪੇਸ਼ ਸ਼ਰਮਾ ਨੂੰ ਸੰਤਾਂ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਭਗਤੀ ਭਜਨ ਸਮੂਹ ਦੇ ਸੰਸਥਾਪਕ ਧਰਮਪਾਲ ਬਾਂਸਲ ਨੇ ਦੱਸਿਆ ਕਿ ਇਹ ਕੈਲੰਡਰ ਅੱਜ ਤੋਂ ਹੀ ਫਿਰੋਜ਼ਪੁਰ ਦੇ ਸਾਰੇ ਧਾਰਮਿਕ ਅਤੇ ਸਮਾਜਿਕ ਸਥਾਨਾਂ ’ਤੇ ਲਗਾਏ ਜਾਣਗੇ ਤਾਂ ਜੋ ਲੋਕਾਂ ਨੂੰ ਤਿਉਹਾਰਾਂ ਦੀ ਸਹੀ ਜਾਣਕਾਰੀ ਮਿਲ ਸਕੇ। ਇਸ ਮੌਕੇ ਪੰਡਿਤ ਪੀਡੀ ਸ਼ਰਮਾ, ਅਸ਼ੋਕ ਕੱਕੜ, ਜਗਦੀਸ਼ ਕੱਕੜ, ਪੰਡਿਤ ਕਮਲ ਕਾਲੀਆ, ਅਸ਼ੋਕ ਗਰਗ, ਤ੍ਰਿਲੋਚਨ ਚੋਪੜਾ, ਗੌਰਵ ਅਨਮੋਲ, ਐੱਨਕੇ ਛਾਬੜਾ, ਦਵਿੰਦਰ ਬਜਾਜ ਅਤੇ ਦੇਵਰਾਜ ਖੁੱਲਰ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਸੱਜਣ ਹਾਜ਼ਰ ਸਨ।