ਫੋਸ ਮਿਲਕੋ ਸਕੈਨ ਮਸ਼ੀਨਾਂ ਨਾਲ ਹੁੰਦੀ 14 ਕਿਸਮਾਂ ਦੀ ਮਿਲਾਵਟ ਦੀ ਜਾਂਚ
ਉੱਚ ਤਕਨੀਕ ਨਾਲ ਸ਼ੁੱਧਤਾ ਦੀ ਗਾਰੰਟੀ, ਵੇਰਕਾ ਦੁੱਧ ’ਤੇ ਲੋਕਾਂ ਦਾ ਭਰੋਸਾ ਹੋਇਆ ਹੋਰ ਮਜ਼ਬੂਤ
Publish Date: Wed, 07 Jan 2026 03:56 PM (IST)
Updated Date: Wed, 07 Jan 2026 03:57 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਵੇਰਕਾ ਮਿਲਕ ਪਲਾਂਟ ਮੱਲਵਾਲ ਫਿਰੋਜ਼ਪੁਰ ਨੇ ਦੁੱਧ ਅਤੇ ਹੋਰ ਉਤਪਾਦਾਂ ਦੀ ਗੁਣਵੱਤਾ ਤੇ ਸ਼ੁੱਧਤਾ ਨੂੰ ਯਕੀਨੀ ਬਣਾਉਣ ਲਈ ਅਧੁਨਿਕ ਤਕਨੀਕਾਂ ਦੀ ਵਰਤੋਂ ਕਰਕੇ ਗਾਹਕਾਂ ਦਾ ਭਰੋਸਾ ਹੋਰ ਮਜ਼ਬੂਤ ਕੀਤਾ ਹੈ। ਮਾਰਕੀਟਿੰਗ ਇੰਚਾਰਜ਼ ਚਸ਼ਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਲਾਂਟ ਵਿਚ ਲੱਗੀ ਲਗਭਗ ਇਕ ਕਰੋੜ ਰੁਪਏ ਦੀ ‘ਫੋਸ ਮਿਲਕੋ ਸਕੈਨ ਐੱਫ ਟੀ-1’ ਮਸ਼ੀਨ ਰਾਹੀਂ ਦੁੱਧ ਵਿਚ 14 ਕਿਸਮਾਂ ਦੀਆਂ ਮਿਲਾਵਟਾਂ (ਜਿਵੇਂ ਯੂਰੀਆ, ਡਿਟਰਜੈਂਟ, ਗਲੂਕੋਜ਼ ਅਤੇ ਨਮਕ) ਦੀ ਬਾਰੀਕੀ ਨਾਲ ਜਾਂਚ ਕੀਤੀ ਜਾਂਦੀ ਹੈ। ਵੇਰਕਾ ਵੱਲੋਂ ਸਿਰਫ਼ ਪਲਾਂਟ ਵਿਚ ਹੀ ਨਹੀਂ, ਸਗੋਂ ਜ਼ਿਲ੍ਹੇ ਦੇ ਸਾਰੇ 14 ਬੀਐੱਮਸੀ ਸੈਂਟਰਾਂ ਵਿੱਚ ਵੀ ਟੈਸਟਿੰਗ ਮਸ਼ੀਨਾਂ ਲਗਾਈਆਂ ਗਈਆਂ ਹਨ। ਉੱਥੋਂ ਚੈੱਕ ਹੋ ਕੇ ਆਇਆ ਦੁੱਧ ਮੱਲਵਾਲ ਪਲਾਂਟ ਵਿਚ ਦੁਬਾਰਾ ਫੋਸ ਮਿਲਕੋ ਸਕੈਨ ਮਸ਼ੀਨ ਰਾਹੀਂ ਪਰਖਿਆ ਜਾਂਦਾ ਹੈ। ਇਸ ਪ੍ਰਕਿਰਿਆ ਤੋਂ ਬਾਅਦ ਹੀ ਉਤਪਾਦ ਮਾਰਕੀਟ ਵਿੱਚ ਭੇਜੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਪੀਲੇ ਪੈਕਟ ਵਿਚ 1.3 ਪ੍ਰਤੀਸ਼ਤ, ਹਰੇ ਵਿਚ 4.5 ਪ੍ਰਤੀਸ਼ਤ ਅਤੇ ਲਾਲ ਪੈਕਟ ਵਿਚ 6 ਪ੍ਰਤੀਸ਼ਤ ਫੈਟ ਹੁੰਦੀ ਹੈ। ਪਲਾਂਟ ਵਿਚ ਰੋਜ਼ਾਨਾ 1 ਲੱਖ ਲੀਟਰ ਦੁੱਧ ਆਉਂਦਾ ਹੈ, ਜਿਸ ਵਿੱਚੋਂ 16 ਹਜ਼ਾਰ ਲੀਟਰ ਪੈਕਟਾਂ ਲਈ, 4 ਹਜ਼ਾਰ ਲੀਟਰ ਦਹੀਂ ਅਤੇ 2 ਤੋਂ 7 ਹਜ਼ਾਰ ਲੀਟਰ ਲੱਸੀ ਲਈ ਵਰਤਿਆ ਜਾਂਦਾ ਹੈ। ਸਤੰਬਰ 2025 ਤੋਂ ਫਿਰੋਜ਼ਪੁਰ ਪਲਾਂਟ ਵਿੱਚ ਹੀ ਦਹੀਂ ਅਤੇ ਲੱਸੀ ਦਾ ਉਤਪਾਦਨ ਸ਼ੁਰੂ ਹੋਣ ਨਾਲ ਹੁਣ ਬਠਿੰਡਾ ’ਤੇ ਨਿਰਭਰਤਾ ਖਤਮ ਹੋ ਗਈ ਹੈ। ਇੱਥੇ ਯੋਗਰਟ ਵਰਗੇ ਨਵੇਂ ਉਤਪਾਦ ਵੀ ਤਿਆਰ ਕੀਤੇ ਜਾ ਰਹੇ ਹਨ। ਸਿੱਧੂ ਨੇ ਕਿਹਾ ਕਿ ਬਾਜ਼ਾਰ ਵਿਚ ਖੋਏ ਅਤੇ ਪਨੀਰ ਵਿਚ ਹੋ ਰਹੀ ਮਿਲਾਵਟ ਨੂੰ ਦੇਖਦੇ ਹੋਏ ਵੇਰਕਾ ਸ਼ੁੱਧਤਾ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਹਲਵਾਈਆਂ ਅਤੇ ਕੈਟਰਿੰਗ ਦੀਆਂ ਲੋੜਾਂ ਲਈ 24 ਘੰਟੇ ਪਹਿਲਾਂ ਆਰਡਰ ਦੇਣ ਤੇ ਸ਼ੁੱਧ ਪਨੀਰ ਦੀ ਸਪਲਾਈ ਯਕੀਨੀ ਬਣਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਅਪ੍ਰੈਲ ਮਈ ਵਿਚ ਵੇਰਕਾ ਵੱਲੋਂ ਦੁੱਧ ਦੀ ਸ਼ੁੱਧਤਾ ਲਈ ਗ੍ਰਾਹਕਾਂ ਨੂੰ ਜਾਗਰੂਕ ਕਰਨ ਲਈ ਕੈਂਪ ਵੀ ਲਗਾਏ ਜਾਣਗੇ ਤਾਂ ਜੋ ਲੋਕ ਇਸਦਾ ਵੱਧ ਤੋਂ ਵੱਧ ਫਾਇਦਾ ਉਠਾ ਸਕਣ।