ਖੇਤਾਂ ’ਚੋਂ ਕਰੋੜਾਂ ਦੀ ਹੈਰੋਇਨ ਬਰਾਮਦ
ਫਿਰੋਜ਼ਪੁਰ ਦੇ ਸਰਹੱਦੀ ਪਿੰਡ ਦੇ ਖੇਤਾਂ ’ਚੋਂ ਕਰੋੜਾਂ ਦੀ ਹੈਰੋਇਨ ਬਰਾਮਦ
Publish Date: Mon, 23 Mar 2026 06:24 PM (IST)
Updated Date: Mon, 23 Mar 2026 06:28 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਨਸ਼ਿਆਂ ਦੇ ਕੋਹੜ ਨੂੰ ਜੜ੍ਹੋਂ ਖਤਮ ਕਰਨ ਲਈ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਫਿਰੋਜ਼ਪੁਰ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ, ਜਦੋਂ ਭਾਰਤ-ਪਾਕਿ ਸਰਹੱਦ ਦੇ ਨਜ਼ਦੀਕੀ ਪਿੰਡ ਦੁਲਚੀ ਕੇ ਦੇ ਖੇਤਾਂ ’ਚੋਂ ’ਚੋਂ 823 ਗ੍ਰਾਮ ਹੈਰੋਇਨ ਦਾ ਪੈਕੇਟ ਬਰਾਮਦ ਕੀਤਾ ਗਿਆ। ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਦੀ ਰਹਿਨੁਮਾਈ ਹੇਠ ਸਰਹੱਦੀ ਖੇਤਰਾਂ ਵਿਚ ਚੌਕਸੀ ਵਧਾਈ ਗਈ ਹੈ ਤਾਂ ਜੋ ਸਰਹੱਦ ਪਾਰੋਂ ਹੋ ਰਹੀਆਂ ਅਣਸੁਖਾਵੀਆਂ ਗਤੀਵਿਧੀਆਂ ਨੂੰ ਨੱਥ ਪਾਈ ਜਾ ਸਕੇ। ਇਹ ਬਰਾਮਦਗੀ ਉਸ ਵੇਲੇ ਹੋਈ, ਜਦੋਂ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਇਲਾਕੇ ਵਿਚ ਗਸ਼ਤ ਅਤੇ ਚੈਕਿੰਗ ਕਰ ਰਹੀਆਂ ਸਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਨਸ਼ਾ ਡਰੋਨ ਰਾਹੀਂ ਪਾਕਿਸਤਾਨੀ ਤਸਕਰਾਂ ਵੱਲੋਂ ਭਾਰਤੀ ਖੇਤਰ ਵਿਚ ਭੇਜਿਆ ਗਿਆ ਸੀ, ਜਿਸ ਨੂੰ ਪੁਲਿਸ ਨੇ ਸਮਾਂ ਰਹਿੰਦਿਆਂ ਕਬਜ਼ੇ ਵਿਚ ਲੈ ਕੇ ਤਸਕਰਾਂ ਦੇ ਮਨਸੂਬਿਆਂ ’ਤੇ ਪਾਣੀ ਫੇਰ ਦਿੱਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਫਿਰੋਜ਼ਪੁਰ ਦੇ ਸਹਾਇਕ ਥਾਣੇਦਾਰ ਸਰਬਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਅਗਵਾਈ ਹੇਠ ਪੁਲਿਸ ਪਾਰਟੀ ਗਸ਼ਤ ’ਤੇ ਸੀ, ਜਦੋਂ ਪੁਲਿਸ ਟੀਮ ਦੁਲਚੀ ਕੇ ਬੰਨ੍ਹ ਦੇ ਨੇੜੇ ਦਰਿਆਈ ਇਲਾਕੇ ਵਿਚ ਮੌਜੂਦ ਸੀ, ਤਾਂ ਇਕ ਖਾਸ ਮੁਖਬਰ ਨੇ ਸੂਚਨਾ ਦਿੱਤੀ ਕਿ ਸਰਹੱਦੀ ਪਿੰਡ ਮੇਘਾ ਦੇ ਖੇਤਾਂ ਵਿਚ ਕੁਝ ਸ਼ੱਕੀ ਹਲਚਲ ਹੋਈ ਹੈ ਅਤੇ ਉੱਥੇ ਡਰੋਨ ਰਾਹੀਂ ਨਸ਼ੀਲੇ ਪਦਾਰਥਾਂ ਦੀ ਡਲਿਵਰੀ ਕੀਤੀ ਗਈ ਹੋ ਸਕਦੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਉਕਤ ਜਗ੍ਹਾ ’ਤੇ ਸਰਚ ਕੀਤਾ ਤਾਂ ਖੇਤਾਂ ’ਚੋਂ ਇਕ ਪੈਕੇਟ ਬਰਾਮਦ ਹੋਇਆ, ਜਿਸ ਨੂੰ ਚੈੱਕ ਕਰਨ ’ਤੇ ਉਸ ਵਿੱਚੋਂ 823 ਗ੍ਰਾਮ ਹੈਰੋਇਨ ਬਰਾਮਦ ਹੋਈ। ਅੰਤਰਰਾਸ਼ਟਰੀ ਬਾਜ਼ਾਰ ਵਿਚ ਇਸ ਦੀ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਥਾਣਾ ਸਦਰ ਫਿਰੋਜ਼ਪੁਰ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।