ਮਿਸ਼ਨ ਪ੍ਰੇਰਨਾ ਤਹਿਤ ਵਿਦਿਆਰਥੀਆਂ ਦੀ ਮੱਦਦ ਲਈ ਹੈਲਪ ਲਾਈਨ ਸੇਵਾ ਦੀ ਸ਼ੁਰੂਆਤ
ਮਿਸ਼ਨ ਪ੍ਰੇਰਨਾ ਤਹਿਤ ਵਿਦਿਆਰਥੀਆਂ ਦੀ ਮੱਦਦ ਲਈ ਹੈਲਪ ਲਾਈਨ ਸੇਵਾ ਦੀ ਕੀਤੀ ਸ਼ੁਰੂਆਤ
Publish Date: Sat, 21 Feb 2026 04:44 PM (IST)
Updated Date: Sat, 21 Feb 2026 04:48 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਪ੍ਰੀਖਿਆ ਦੌਰਾਨ ਵਿਦਿਆਰਥੀਆਂ ਨੂੰ ਤਣਾਅ ਮੁਕਤ ਰੱਖਣ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਮੁਨੀਲਾ ਅਰੋੜਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਸਤਿੰਦਰ ਸਿੰਘ ਦੀ ਅਗਵਾਈ ਹੇਠ ਸ਼ੁਰੂ ਕੀਤਾ ‘ਮਿਸ਼ਨ ਪ੍ਰੇਰਨਾ’ ਤਹਿਤ ਵਿਦਿਆਰਥੀਆਂ ਦੀ ਮੱਦਦ ਲਈ ਹੈਲਪ ਲਾਈਨ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਰਾਹੀਂ ਸਿੱਖਿਆ ਮਾਹਿਰਾਂ ਵੱਲੋਂ ਵਿਦਿਆਰਥੀਆਂ ਦੀ ਹਰ ਸੰਭਵ ਮੱਦਦ ਕੀਤੀ ਜਾਵੇਗੀ। ਮੁਨੀਲਾ ਅਰੋੜਾ ਡੀਈਓ ਸੈਕੰਡਰੀ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਤਣਾਅ-ਮੁਕਤ ਪ੍ਰੀਖਿਆ ਦੀ ਤਿਆਰੀ ਵੱਲ ਪ੍ਰੇਰਿਤ ਕਰਨਾ ਅਤੇ ਉਨ੍ਹਾਂ ਨੂੰ ਸਕਾਰਾਤਮਕ ਮਾਰਗਦਰਸ਼ਨ ਪ੍ਰਦਾਨ ਕਰਨਾ ਹੈ। ਡਾ. ਸਤਿੰਦਰ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ‘ਮਿਸ਼ਨ ਪ੍ਰੇਰਨਾ’ ਤਹਿਤ ਵਿਦਿਆਰਥੀਆਂ ਲਈ ਰੋਜ਼ਾਨਾ ਸਿੱਖਿਆ ਮਾਹਿਰਾ ਦੇ ਪ੍ਰੇਰਣਾਦਾਇਕ ਲੇਖ ਜਾਰੀ ਕੀਤੇ ਜਾ ਰਹੇ ਹਨ, ਤਾਂ ਜੋ ਉਹ ਮਨੋਬਲ ਮਜ਼ਬੂਤ ਕਰ ਸਕਣ। ਇਸਦੇ ਨਾਲ ਹੀ ਹੁਣ ਵਿਦਿਆਰਥੀਆਂ ਦੀ ਸਹਾਇਤਾ ਲਈ ਵਿਸ਼ੇਸ਼ ‘‘ਹੈਲਪ ਲਾਈਨ’’ ਸੇਵਾ ਦੀ ਸ਼ੁਰੂਆਤ ਵੀ ਕੀਤੀ ਗਈ ਹੈ। ਇਸ ਹੈਲਪਲਾਈਨ ਰਾਹੀਂ ਵਿਦਿਆਰਥੀ ਪ੍ਰੀਖਿਆ ਦੌਰਾਨ ਕਿਸੇ ਵੀ ਪ੍ਰਕਾਰ ਦੀ ਮਾਨਸਿਕ ਚਿੰਤਾ, ਘਬਰਾਹਟ, ਟੈਂਸ਼ਨ, ਡਰ ਜਾਂ ਪ੍ਰੀਖਿਆ ਫੋਬੀਆ ਸਬੰਧੀ ਸਿੱਖਿਆ ਮਾਹਿਰਾਂ ਨਾਲ ਸਿੱਧੀ ਗੱਲਬਾਤ ਕਰ ਸਕਣਗੇ। ਇਹ ਹੈਲਪਲਾਈਨ ਸਿਰਫ਼ ਮਨੋਵਿਗਿਆਨਕ ਸਹਾਇਤਾ, ਹੌਂਸਲਾ ਅਫ਼ਜਾਈ ਅਤੇ ਸਕਾਰਾਤਮਕ ਮਾਰਗਦਰਸ਼ਨ ਲਈ ਹੈ। ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਇਹ ਅਹਿਸਾਸ ਕਰਵਾਉਣ ਕਿ ਤੁਸੀਂ ਇਕੱਲੇ ਨਹੀਂ ਹੋ, ਅਸੀਂ ਤੁਹਾਡੇ ਨਾਲ ਹਾਂ। ਤੁਸੀਂ ਹੌਂਸਲਾ ਰੱਖੋ ਮਿਹਨਤ, ਇਮਾਨਦਾਰੀ ਅਤੇ ਆਤਮ-ਵਿਸ਼ਵਾਸ ਨਾਲ ਤੁਸੀਂ ਜ਼ਰੂਰ ਕਾਮਯਾਬ ਹੋਵੋਗੇ। ਵਿਦਿਆਰਥੀ ਪ੍ਰੀਖਿਆ ਦੌਰਾਨ ਰੋਜ਼ਾਨਾ ਸ਼ਾਮ 4 ਵਜੇ ਤੋਂ 5 ਵਜੇ ਤੱਕ ਸਿੱਖਿਆ ਮਾਹਿਰਾਂ ਡਾ. ਰਮੇਸ਼ਵਰ ਸਿੰਘ ਉਘੇ – ਸਿੱਖਿਆ ਮਾਹਿਰ, ਸੁਖਵਿੰਦਰ ਸਿੰਘ ਲੈਕਚਰਾਰ, ਸਰਬਜੀਤ ਕੌਰ ਲੈਕਚਰਾਰ, ਰਜਨੀ ਜੱਗਾ ਲੈਕਚਰਾਰ ਨਾਲ ਸੰਪਰਕ ਕਰ ਸਕਦੇ ਹਨ। ਇਸ ਮੁਹਿੰਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਵਿਚ ਵਿਸ਼ੇਸ਼ ਯੋਗਦਾਨ ਪਾ ਰਹੇ ਅਧਿਆਪਕ ਗੁਰਪ੍ਰੀਤ ਸਿੰਘ, ਗੁਰਦੇਵ ਸਿੰਘ ਅਤੇ ਸੰਦੀਪ ਕੁਮਾਰ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਹੈਲਪਲਾਈਨ ਸੇਵਾ ਦਾ ਲਾਭ ਉਠਾਉਣ ਅਤੇ ਪ੍ਰੀਖਿਆਵਾਂ ਨੂੰ ਤਨਾਅ ਦੀ ਬਜਾਏ ਆਤਮ-ਵਿਸ਼ਵਾਸ ਨਾਲ ਪੂਰਾ ਕਰਨ।