ਗਣਤੰਤਰ ਦਿਵਸ ’ਤੇ ਫਰੀਡਮ ਫਾਈਟਰ ਪਰਿਵਾਰਾਂ ਵੱਲੋਂ ਸਰਕਾਰੀ ਸਮਾਗਮਾਂ ਦਾ ਬਾਈਕਾਟ
ਝੰਡੇ ਨੂੰ ਸਲਾਮ ਕਰਕੇ ਵਾਪਸ ਮੁੜੇ ਆਜ਼ਾਦੀ ਸੈਨਾਨੀਆਂ ਦੇ ਵਾਰਸ
Publish Date: Tue, 27 Jan 2026 05:27 PM (IST)
Updated Date: Tue, 27 Jan 2026 05:31 PM (IST)

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਪੰਜਾਬ ਭਰ ਵਿਚ ਗਣਤੰਤਰ ਦਿਵਸ ਦੇ ਦੌਰਾਨ ਫਰੀਡਮ ਫਾਈਟਰਜ਼ ਉੱਤਰਾਧਿਕਾਰੀ ਸੰਸਥਾ ਪੰਜਾਬ ਨੇ ਸਰਕਾਰ ਖ਼ਿਲਾਫ਼ ਵਿਰੋਧ ਕਰਦਿਆਂ ਸਮਾਗਮਾਂ ਦਾ ਪੂਰੇ ਸੂਬੇ ਵਿਚ ਬਾਈਕਾਟ ਕੀਤਾ।ਜ਼ਿਲ੍ਹਾ ਫਿਰੋਜ਼ਪੁਰ ਦੀ ਤਹਿਸੀਲ ਜ਼ੀਰਾ ਵਿਚ ਸੰਸਥਾ ਦੇ ਆਗੂਆਂ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਨੂੰ ਐੱਸਡੀਐੱਮ ਦਫ਼ਤਰ ਜ਼ੀਰਾ ਵੱਲੋਂ ਸਰਕਾਰੀ ਸਮਾਗਮ ਲਈ ਸੱਦਾ ਪੱਤਰ ਦਿੱਤਾ ਗਿਆ ਸੀ। ਆਗੂਆਂ ਨੇ ਪ੍ਰੋਗਰਾਮ ਵਿਚ ਸਿਰਫ਼ ਝੰਡਾ ਲਹਿਰਾਉਣ ਅਤੇ ਰਾਸ਼ਟਰੀ ਝੰਡੇ ਨੂੰ ਸਲਾਮੀ ਦੇਣ ਤੱਕ ਹੀ ਭਾਗ ਲਿਆ ਅਤੇ ਇਸ ਤੋਂ ਬਾਅਦ ਸਮਾਗਮ ਦਾ ਬਾਈਕਾਟ ਕਰਕੇ ਬਾਹਰ ਆ ਗਏ। ਇਸ ਮੌਕੇ ਮੁੱਖ ਸਕੱਤਰ ਸਤਨਾਮ ਸਿੰਘ ਲਹਿਰਾ, ਡਾ. ਸੂਰਜ ਬੇਦੀ, ਬਗੀਚਾ ਸਿੰਘ ਮੀਤ ਪ੍ਰਧਾਨ, ਕੁਲਦੀਪ ਸਿੰਘ ਸੱਧਰਵਾਲਾ, ਇਕਬਾਲ ਸਿੰਘ ਪ੍ਰਧਾਨ, ਪ੍ਰਵੀਨ ਕੁਮਾਰ, ਗੁਰਮੀਤ ਸਿੰਘ, ਗੁਰਪਾਲ ਸਿੰਘ ਬੰਡਾਲਾ ਪੁਰਾਣਾ, ਸੂਬਾ ਸਿੰਘ, ਭਗਵੰਤ ਸਿੰਘ ਵਕੀਲਾਂ ਵਾਲਾ, ਪਰਮਪ੍ਰੀਤ ਸਿੰਘ, ਮਹਿਲ ਸਿੰਘ ਲਹਿਰਾ, ਗੁਰਨਾਮ ਸਿੰਘ, ਬਲਵਿੰਦਰ ਸਿੰਘ ਬੱਗੀ ਪੱਤਨੀ ਅਤੇ ਯਾਦਵਿੰਦਰ ਸਿੰਘ ਵਾਰਸ ਵਾਲਾ ਜੱਟਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਜ਼ਾਦੀ ਉਨ੍ਹਾਂ ਦੇ ਬਜ਼ੁਰਗਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਹਾਸਲ ਕੀਤੀ ਸੀ, ਇਸ ਲਈ ਝੰਡੇ ਦਾ ਸਨਮਾਨ ਕਰਨਾ ਉਨ੍ਹਾਂ ਦਾ ਧਾਰਮਿਕ ਅਤੇ ਰਾਸ਼ਟਰੀ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ 77 ਸਾਲ ਬੀਤ ਜਾਣ ਦੇ ਬਾਵਜੂਦ ਵੀ ਵੱਖ-ਵੱਖ ਸਰਕਾਰਾਂ ਨੇ ਆਜ਼ਾਦੀ ਸੈਨਾਨੀਆਂ ਦੇ ਪਰਿਵਾਰਾਂ ਦੀ ਸਾਰ ਨਹੀਂ ਲਈ। ਨੌਕਰੀਆਂ ਵਿਚ ਦਿੱਤਾ ਗਿਆ 5 ਫ਼ੀਸਦੀ ਕੋਟਾ ਘਟਾ ਕੇ ਸਿਰਫ਼ 1 ਫ਼ੀਸਦੀ ਕਰ ਦਿੱਤਾ ਗਿਆ ਹੈ, ਜੋ ਸਿੱਧੀ ਤੌਰ ’ਤੇ ਉਨ੍ਹਾਂ ਦੇ ਹੱਕਾਂ ’ਤੇ ਹਮਲਾ ਹੈ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਫਰੀਡਮ ਫਾਈਟਰ ਪਰਿਵਾਰਾਂ ਨੂੰ ਪੈਟਰੋਲ ਪੰਪ ਅਤੇ ਗੈਸ ਏਜੰਸੀਆਂ ਦੇ ਲਾਇਸੰਸ, ਚੰਡੀਗੜ੍ਹ ਵਿਚ ਪੰਜ-ਪੰਜ ਮਰਲੇ ਦੇ ਪਲਾਟ, ਅਤੇ ਉਨ੍ਹਾਂ ਦੇ ਬੱਚਿਆਂ ਲਈ ਰੁਜ਼ਗਾਰ ਦੇ ਮੌਕੇ ਤੁਰੰਤ ਮੁਹੱਈਆ ਕਰਵਾਏ ਜਾਣ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।