- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
11 ਸਾਲਾ ਬੱਚੀ ਦੀ ਪੀਲੀਏ ਨਾਲ ਮੌਤ ਤੇ ਦਰਜਨਾਂ ਬੱਚਿਆਂ ਦੇ ਬੀਮਾਰ ਹੋਣ ਪਿੱਛੋਂ ਜਾਗਿਆ ਸਿਹਤ ਵਿਭਾਗ

ਬਗੀਚਾ ਸਿੰਘ, ਪੰਜਾਬੀ ਜਾਗਰਣ, ਮਮਦੋਟ : ਸਰਹੱਦੀ ਕਸਬਾ ਮਮਦੋਟ ਦੇ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ ਵੀਰਵਾਰ ਨੂੰ ਇਕ ਗਿਆਰਾਂ ਸਾਲਾ ਬੱਚੀ ਦੀ ਪੀਲੀਏ ਨਾਲ ਮੌਤ ਤੇ ਦਰਜਨਾਂ ਬੱਚਿਆਂ ਦੇ ਬੀਮਾਰ ਹੋਣ ਪਿੱਛੋਂ ਸਿਹਤ ਵਿਭਾਗ ਵੱਲੋਂ ਕੈਂਪ ਲਗਾ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਸਬੰਧੀ ਵਿਭਾਗੀ ਬੁਲਾਰੇ ਨੇ ਦੱਸਿਆ ਕਿ ਸਿਵਲ ਸਰਜਨ ਫ਼ਿਰੋਜ਼ਪੁਰ ਡਾ. ਰਾਜੀਵ ਪਰਾਸ਼ਰ ਦੇ ਹੁਕਮਾਂ ’ਤੇ ਕਮਿਊਨਿਟੀ ਹੈੱਲਥ ਸੈਂਟਰ ਮਮਦੋਟ ਅਧੀਨ ਪੈਂਦੇ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ ਦੂਸ਼ਿਤ ਪਾਣੀ ਪੀਣ ਕਾਰਨ ਬੀਮਾਰ ਹੋਏ ਪਿੰਡ ਵਾਸੀਆਂ ਦੀ ਸਿਹਤ ਯਾਬੀ ਲਈ ਸਿਹਤ ਵਿਭਾਗ ਵੱਲੋਂ ਲਗਾਤਾਰ ਕੈਂਪ ਲਗਾ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਅੱਜ ਪਿੰਡ ਵਿਚ ਸਿਹਤ ਵਿਭਾਗ ਵੱਲੋਂ ਲਗਾਏ ਗਏ ਮੇਗਾ ਮੈਡੀਕਲ ਕੈਂਪ ਵਿਚ ਸਿਵਲ ਹਸਪਤਾਲ ਫਿਰੋਜ਼ਪੁਰ ਤੋਂ ਮਾਹਿਰ ਡਾਕਟਰਾਂ ਦੀ ਟੀਮ ਵਿਸ਼ੇਸ਼ ਤੌਰ ’ਤੇ ਪੁੱਜੀ ਜਿਨ੍ਹਾਂ ਵੱਲੋਂ ਲੋਕਾਂ ਦੀ ਸਿਹਤ ਸਬੰਧੀ ਜਾਂਚ ਕਰ ਦਵਾਈਆਂ ਦਿੱਤੀਆਂ ਗਈਆਂ। ਸਿਵਲ ਸਰਜਨ ਡਾ. ਰਾਜੀਵ ਪਰਾਸ਼ਰ ਨੇ ਦੱਸਿਆ ਕਿ ਮੈਡੀਕਲ ਕੈਂਪ ਦੌਰਾਨ ਪਿੰਡ ਵਾਸੀਆਂ ਦੇ ਲੈਬ ਟੈਸਟ ਕੀਤੇ ਵੀ ਗਏ। ਦੁਪਹਿਰ ਤੱਕ 50 ਦੇ ਕਰੀਬ ਕੀਤੇ ਗਏ ਲੈਬ ਟੈਸਟਾਂ ਚੋਂ ਸਿਰਫ਼ 4 ਟੈਸਟਾਂ ਵਿੱਚ ਪੀਲੀਏ ਦੇ ਲੱਛਣ ਪਾਏ ਗਏ ਹਨ। ਇਸ ਤੋਂ ਇਲਾਵਾ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਪਾਣੀ ਦੇ ਨਮੂਨੇ ਲੈ ਜਾਂਚ ਲਈ ਲੈਬੋਰੋਟਰੀ ਭੇਜੇ ਗਏ। ਜ਼ਿਲ੍ਹਾ ਫੂਡ ਅਫ਼ਸਰ ਦੀ ਟੀਮ ਵੱਲੋਂ ਪਿੰਡ ਵਿਖੇ ਕੁਝ ਦੁਕਾਨਾਂ ਤੋਂ ਖਾਣ ਵਾਲੀਆਂ ਚੀਜ਼ਾਂ ਦੇ ਸੈਂਪਲ ਵੀ ਜਾਂਚ ਲਈ ਭਰੇ ਗਏ ਹਨ।
ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲੋਕਾਂ ਨੂੰ ਸਾਫ਼ ਪਾਣੀ ਉਪਲਬੱਧ ਕਰਵਾਉਣ ਲਈ ਕਲੋਰੀਨ ਦੀਆ ਗੋਲੀਆਂ ਵੰਡੀਆਂ ਗਈਆਂ ਅਤੇ ਘਰ ਘਰ ਜਾ ਕੇ ਸਰਵੇ ਵੀ ਕੀਤਾ ਜਾ ਰਿਹਾ ਹੈ। ਇਸ ਮੇਗਾ ਕੈਂਪ ਵਿਚ ਸਿਵਲ ਸਰਜਨ ਡਾ. ਰਾਜੀਵ ਪਰਾਸ਼ਰ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਕੇ ਲੋਕਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ। ਇਸ ਉਪਰੰਤ ਉਨ੍ਹਾਂ ਵੱਲੋਂ ਪੀੜਤ ਵਿਅਕਤੀਆਂ ਦੇ ਘਰ ਜਾ ਉਨ੍ਹਾਂ ਦਾ ਹਾਲ ਜਾਣਿਆ ਅਤੇ ਹਰ ਪ੍ਰਕਾਰ ਦੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ। ਸਿਵਲ ਸਰਜਨ ਵੱਲੋਂ ਪ੍ਰਾਇਮਰੀ ਤੇ ਸੈਕੰਡਰੀ ਸਕੂਲ ਵਿਖੇ ਪਹੁੰਚ ਕੇ ਬੱਚਿਆਂ ਦਾ ਹਾਲ ਜਾਣਿਆ। ਆਪਣੀ ਫੇਰੀ ਦੌਰਾਨ ਉਨ੍ਹਾਂ ਪਿੰਡ ਦੇ ਸਰਪੰਚ, ਮੈਂਬਰ ਪੰਚਾਇਤ ਅਤੇ ਪਿੰਡ ਵਾਸੀਆਂ ਨੂੰ ਸਿਹਤ ਸਬੰਧੀ ਐਡਵਾਇਜ਼ਰੀ ਜਾਰੀ ਕੀਤੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਅੱਜ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਵੱਲੋਂ ਮੀਟਿੰਗ ਕਰਕੇ ਵੱਖ-ਵੱਖ ਵਿਭਾਗਾਂ ਨੂੰ ਪਿੰਡ ਵਾਸੀਆਂ ਦੀ ਹਰ ਸੰਭਵ ਮੱਦਦ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਲਗਾਤਾਰ ਲੋਕਾਂ ਦੀ ਸਿਹਤ ਦਾ ਖਿਆਲ ਰੱਖ ਰਹੀਆਂ ਹਨ।