ਸਮੇਂ ਸਿਰ ਪਛਾਣ ਕੈਂਸਰ ਦਾ ਇਲਾਜ ਸੰਭਵ : ਡਾ. ਹਰਪ੍ਰੀਤ ਕੌਰ
ਸਿਹਤ ਵਿਭਾਗ ਵੱਲੋਂ ਵਿਸ਼ਵ ਕੈਂਸਰ ਦਿਵਸ ਮੌਕੇ ਜਾਗਰੂਕਤਾ ਕੈਂਪ ਲਗਾਇਆ
Publish Date: Wed, 04 Feb 2026 03:26 PM (IST)
Updated Date: Wed, 04 Feb 2026 03:29 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਸਿਵਲ ਸਰਜਨ ਫਿਰੋਜ਼ਪੁਰ ਡਾ. ਰਾਜੀਵ ਪਰਾਸ਼ਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਸੇਠਾਂ ਵਿਖੇ ਵਿਸ਼ਵ ਕੈਂਸਰ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਜਾਗਰੂਕਤਾ ਕੈਂਪ ਲਗਾਇਆ ਗਿਆ ਅਤੇ ਸਕੂਲੀ ਵਿਦਿਆਰਥੀਆਂ ਵਿਚ ਪ੍ਰਸ਼ਨ-ਉੱਤਰੀ ਮੁਕਾਬਲਾ ਕਰਵਾਇਆ ਗਿਆ। ਮੈਡੀਕਲ ਅਫ਼ਸਰਾਂ ਵੱਲੋਂ ਲੜਕੇ ਅਤੇ ਲੜਕੀਆਂ ਦੇ ਵੱਖ-ਵੱਖ ਗਰੁੱਪਾਂ ਵਿਚ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ। ਇਸ ਮੌਕੇ ਸਕੂਲ ਹੈਲਥ ਦੇ ਨੋਡਲ ਅਫ਼ਸਰ ਡਾ. ਹਰਪ੍ਰੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੈਂਸਰ ਦੀ ਬਿਮਾਰੀ ਦੀ ਜਾਂਚ ਜੇਕਰ ਸਮੇਂ ਸਿਰ ਹੋ ਜਾਵੇ ਤਾਂ ਉਸ ਦਾ ਇਲਾਜ਼ ਸਹੀ ਸਮੇਂ ਸਿਰ ਕੀਤਾ ਜਾ ਸਕਦਾ ਹੈ। ਜ਼ਿਆਦਾਤਰ ਔਰਤਾਂ ਵਿਚ ਕੈਂਸਰ ਦੀ ਬਿਮਾਰੀ ਦੇ ਲੱਛਣਾਂ ਚੋਂ ਛਾਤੀ ਵਿਚ ਗਿਲਟੀ, ਗੰਢ, ਨਿੱਪਲ ਦਾ ਅੰਦਰ ਧਸਣਾ, ਨਿੱਪਲ ਵਿੱਚੋਂ ਖੂਨ ਮਿਲਿਆ ਮਵਾਦ ਵਗਣਾ, ਸਰੀਰਿਕ ਸੰਬਧ ਤੋਂ ਬਾਅਦ ਖੂਨ ਵਗਣਾ, ਗੁਪਤ ਅੰਗ ਵਿੱਚੋਂ ਪੀਕ ਵਗਣਾ, ਮਾਹਵਾਰੀ ਦੌਰਾਨ ਬੇਹੱਦ ਖੂਨ ਪੈਣਾ, ਮਾਹਵਾਰੀ ਦੇ ਵਿੱਚ ਵਿਚਲੇ ਖੂਨ ਪੈਣਾ ਹੁੰਦੇ ਹਨ। ਸਕੂਲ ਹੈੱਲਥ ਮੈਡੀਕਲ ਅਫ਼ਸਰ ਡਾ. ਮਨਮੀਤ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮਰਦਾਂ ਅਤੇ ਔਰਤਾਂ ਵਿਚ ਮੂੰਹ, ਮਸੂੜੇ, ਤਲੂਏ ਜਾਂ ਜੀਭ ਤੇ ਨਾ ਠੀਕ ਹੋਣ ਵਾਲਾ ਜਖਮ, ਜੀਭ ਤੇ ਗੰਢ, ਭੋਜਨ ਨਿਗਲਣ ਵਿੱਚ ਮੁਸ਼ਕਿਲ, ਲਗਾਤਾਰ ਲੰਮੀ ਖਾਂਸੀ, ਬਲਗਮ ਵਿਚ ਖੂਨ, ਭੁੱਖ ਤੇ ਵਜਨ ਘਟਣ ਦੇ ਨਾਲ ਨਾਲ ਖਾਰਸ਼ ਅਤੇ ਨਾ ਠੀਕ ਹੋਣ ਵਾਲਾ ਪੀਲੀਆ, ਪਖਾਨੇ ਵਿਚ ਬਿਨ੍ਹਾ ਦਰਦ ਖੂਨ ਆਉਣਾ, ਬਿਨ੍ਹਾ ਵਜ੍ਹਾ ਤਿੰਨ ਮਹੀਨਿਆਂ ਤੋਂ ਵੱਧ ਬੁਖਾਰ, ਪਿਸ਼ਾਬ ਵਿਚ ਖੂਨ, ਪਿਸ਼ਾਬ ਵਿਚ ਰੁਕਾਵਟ ਆਦਿ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੈਂਸਰ ਪੀੜਤ ਮਰੀਜਾਂ ਦੇ ਇਲਾਜ਼ ਲਈ ਮੁੱਖ ਮੰਤਰੀ ਕੈਂਸਰ ਰਾਹਤ ਕੌਸ਼ ਸਕੀਮ ਅਧੀਨ 1,50,000 ਰੁਪਏ ਉਸ ਸਿਹਤ ਸੰਸਥਾਂ ਨੂੰ ਦਿੱਤੇ ਜਾਂਦੇ ਹਨ ਜਿਥੇ ਮਰੀਜ ਦਾ ਇਲਾਜ ਚੱਲ ਰਿਹਾ ਹੋਵੇ। ਇਸ ਮੌਕੇ ਰਾਸ਼ਟਰੀ ਬਾਲ ਸਵੱਸਥ ਕਾਰਿਯਾਕ੍ਰਮ ਦੇ ਏਐੱਮਓ ਡਾ. ਹਰਪ੍ਰੀਤ ਸਿੰਘ ਨੇ ਕਿਹਾ ਕਿ ਸਮਾਜ ਵਿੱਚ ਕੈਂਸਰ ਵਧਣ ਦੇ ਮੁੱਖ ਕਾਰਨਾਂ ਵਿੱਚੋ ਮਾਂਵਾ ਵੱਲੋਂ ਬੱਚਿਆਂ ਨੂੰ ਆਪਣਾ ਦੁੱਧ ਨਾ ਚੁਘਾਉਣਾ, ਧੂੰਏ ਵਾਲੇ ਤੰਬਾਕੂ ਬੀੜੀ, ਸਿਗਰਟ, ਚਿਲਮ ਆਦਿ ਦਾ ਸੇਵਨ, ਧੂੰਆਂ ਰਹਿਤ ਤੰਬਾਕੂ, ਜਰਦਾ, ਗੁਟਕਾ,ਪਾਨ ਮਸਾਲਾ ਆਦਿ ਦਾ ਸੇਵਨ, ਪਲਾਸਟਿਕ ਕੱਪਾਂ ਜਾ ਭਾਂਡਿਆਂ ਵਿਚ ਗਰਮ ਖਾਣ ਵਾਲੀਆਂ ਚੀਜ਼ਾਂ ਦੀ ਵਰਤੋਂ, ਸ਼ਰਾਬ ਪੀਣਾ, ਪਰਿਵਾਰ ਵਿਚ ਕਿਸੇ ਜੀਅ ਨੂੰ ਕੈਂਸਰ ਹੋਣਾ ਹਨ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਅਰਵਿੰਦਰ ਸਿੰਘ, ਪ੍ਰਵੀਰ ਸਿੰਘ ਬਹੁਮੰਤਵੀ ਸਿਹਤ ਕਰਮਚਾਰੀ ਅਤੇ ਅਧਿਆਪਕ ਹਾਜ਼ਰ ਸਨ।