- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਸਮਾਗਮ ਕਰ ਕੇ ਮਨਾਈ ਧੀਆਂ ਦੀ ਲੋਹੜੀ

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਸਿਹਤ ਵਿਭਾਗ ਫ਼ਿਰੋਜ਼ਪੁਰ ਵੱਲੋਂ ਸੀਨੀਅਰ ਮੈਡੀਕਲ ਅਫ਼ਸਰ ਡਾ. ਨਿਖਿਲ ਗੁਪਤਾ ਦੀ ਅਗਵਾਈ ਹੇਠ ਬੇਟੀ ਬਚਾਓ ਬੇਟੀ ਪੜ੍ਹਾਓ ਸਬੰਧੀ ਸਿਵਲ ਹਸਪਤਾਲ, ਫ਼ਿਰੋਜ਼ਪੁਰ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਧੀਆਂ ਦੀਆਂ ਲੋਹੜੀ ਮਨਾਈ ਗਈ। ਇਸ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਸਿਵਲ ਸਰਜਨ ਡਾ. ਰਾਜੀਵ ਪਰਾਸ਼ਰ ਸ਼ਾਲਿ ਹੋਏ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਸੁਸ਼ਮਾ ਠੱਕਰ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਮਨਦੀਪ ਕੌਰ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਮਿਨਾਕਸ਼ੀ ਅਬਰੋਲ ਵੀ ਸ਼ਾਮਲ ਹੋਏ। ਇਸ ਸਮਾਗਮ ਦੌਰਾਨ ਧੀਆਂ ਵੱਲੋਂ ਗਿੱਧਾ ਪਾ ਕੇ ਅਤੇ ਗੀਤਾਂ ਰਾਹੀ ‘ਬੇਟੀ ਬਚਾਓ ਬੇਟੀ ਪੜ੍ਹਾਓ’ ਦਾ ਸੁਨੇਹਾ ਦਿੱਤਾ ਗਿਆ। ਸਮਾਗਮ ਦੌਰਾਨ ਸਿਵਲ ਸਰਜਨ ਡਾ. ਰਾਜੀਵ ਪਰਾਸ਼ਰ ਵੱਲੋਂ ਸਿਵਲ ਹਸਪਤਾਲ ਵਿਚ ਪੈਦਾ ਹੋਈਆਂ ਨਵਜੰਮੀਆਂ ਬੱਚੀਆਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਅਤੇ ਮੂੰਗਫਲੀ ਅਤੇ ਰਿਊੜੀਆਂ ਵੰਡ ਕੇ ਬੱਚਿਆਂ ਅਤੇ ਮਾਪਿਆਂ ਨਾਲ ਲੋਹੜੀ ਮਨਾਈ ਗਈ। ਉਨ੍ਹਾਂ ਵੱਲੋਂ ਬੱਚੀਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਬੱਚੀਆਂ ਦੀ ਤੰਦਰੁਸਤੀ ਅਤੇ ਤਰੱਕੀ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸਿਵਲ ਸਰਜਨ ਡਾ. ਰਾਜੀਵ ਪਰਾਸ਼ਰ ਨੇ ਇਸ ਮੋਕੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਾਨੂੰ ਲੜਕੀਆਂ ਅਤੇ ਲੜਕਿਆਂ ਵਿਚ ਕਈ ਵੀ ਅੰਤਰ ਨਹੀਂ ਸਮਝਣਾ ਚਾਹੀਦਾ। ਲੜਕੀਆਂ ਦਾ ਪਾਲਣ ਪੋਸ਼ਣ ਅਤੇ ਵਿੱਦਿਆ ਲੜਕਿਆਂ ਦੇ ਬਰਾਬਰ ਹੀ ਕਰਵਾਉਣੀ ਚਾਹੀਦੀ ਹੈ। ਲੜਕੀਆਂ ਕਿਸੇ ਵੀ ਖੇਤਰ ਵਿਚ ਲੜਕਿਆਂ ਤੋਂ ਘੱਟ ਨਹੀਂ ਹਨ, ਬਸ਼ਰਤੇ ਕਿ ਉਨ੍ਹਾਂ ਨੂੰ ਮੌਕਾ ਦਿੱਤਾ ਜਾਵੇ। ਮਾਪੇ ਲੜਕੀਆਂ ਨੂੰ ਬੋਝ ਨਾ ਸਮਝ ਕੇ ਸੁੰਦਰ ਦੁਨੀਆਂ ਦੇਖਣ ਦਾ ਮੌਕਾ ਜ਼ਰੂਰ ਦੇਣ। ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਮਨਦੀਪ ਕੌਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਨੀਖਿਲ ਗੁਪਤਾ ਨੇ ਕਿਹਾ ਕਿ ਸਿਹਤ ਵਿਭਾਗ ਅਤੇ ਹੋਰ ਵਿਭਾਗਾਂ ਦੇ ਸਹਿਯੋਗ ਨਾਲ ਪਹਿਲਾਂ ਦੇ ਮੁਕਾਬਲੇ ਲੜਕੀਆਂ ਦੀ ਅਨੁਪਾਤ ਵਿਚ ਵਾਧਾ ਹੋਇਆ ਹੈ। ਜੇਕਰ ਕੋਈ ਵਿਅਕਤੀ ਲਿੰਗ ਟੈਸਟ ਜਾਂ ਬੱਚੀ ਭਰੂਣ ਹੱਤਿਆ ਕਰਨ ਵਾਲੇ, ਕਰਵਾਉਣ ਵਾਲੇ ਜਾਂ ਇਸ ਵਿਚ ਸਹਿਯੋਗ ਦੇਣ ਵਾਲੇ ਵਿਅਕਤੀਆਂ ਸਬੰਧੀ ਸੂਚਨਾ ਦਿੰਦਾ ਹੈ ਅਤੇ ਦੋਸ਼ੀ ਪਕੜੇ ਜਾਂਦੇ ਹਨ ਤਾਂ ਪੰਜਾਬ ਸਰਕਾਰ ਵੱਲੋਂ ਸੂਚਨਾ ਦੇਣ ਵਾਲੇ ਨੂੰ ਇਕ ਲੱਖ ਰੁਪਏ ਇਨਾਮ ਦਿੱਤਾ ਜਾਂਦਾ ਹੈ। ਇਸ ਮੌਕੇ ਜਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ, ਡਿਪਟੀ ਮਾਸ ਮੀਡੀਆ ਅਫ਼ਸਰ ਅੰਕੁਸ਼ ਭੰਡਾਰੀ ਅਤੇ ਨੇਹਾ ਭੰਡਾਰੀ ਨੇ ਸਮਾਗਮ ਵਿਚ ਸ਼ਾਮਲ ਸਾਰਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਸਮਾਜ ਵਿਚ ਦਹੇਜ ਵਰਗੀਆਂ ਕੁਰੀਤੀਆਂ ਨੂੰ ਖਤਮ ਕਰਨਾ ਚਾਹੀਦਾ ਹੈ। ਸਾਨੂੰ ਲੜਕਿਆਂ ਨੂੰ ਵੀ ਕੁੜੀਆਂ ਦੀ ਇੱਜ਼ਤ ਕਰਨ ਲਈ ਸਮਝਾਉਣਾ ਚਾਹੀਦਾ ਹੈ। ਇਸ ਸਮਾਰੋਹ ਨੂੰ ਸਫ਼ਲ ਕਰਨ ਵਿਚ ਸਿਵਲ ਹਸਪਤਾਲ ਦੇ ਡਾਕਟਰਾਂ ਅਤੇ ਬਾਕੀ ਸਟਾਫ਼ ਦਾ ਵਿਸ਼ੇਸ਼ ਸਹਿਯੋਗ ਰਿਹਾ।