ਹਜ਼ਾਰਾ ਸਿੰਘ ਵਾਲਾ ’ਚ ਸਿਹਤ ਜਾਂਚ ਕੈਂਪ ਜਾਰੀ
ਮਮਦੋਟ ਦੇ ਪਿੰਡ ਹਜ਼ਾਰਾ ਸਿੰਘ ਵਾਲਾ ’ਚ ਸਿਹਤ ਸੰਕਟ
Publish Date: Wed, 01 Apr 2026 06:31 PM (IST)
Updated Date: Wed, 01 Apr 2026 06:34 PM (IST)

ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਸਰਹੱਦੀ ਖੇਤਰ ਮਮਦੋਟ ਦੇ ਅਧੀਨ ਆਉਂਦੇ ਪਿੰਡ ਹਜ਼ਾਰਾ ਸਿੰਘ ਵਾਲਾ ਵਿਚ ਇਸ ਸਮੇਂ ਸਥਿਤੀ ਕਾਫੀ ਚਿੰਤਾਜਨਕ ਬਣੀ ਹੋਈ ਹੈ। ਪਿਛਲੇ ਕੁਝ ਦਿਨਾਂ ਤੋਂ ਦੂਸ਼ਿਤ ਪਾਣੀ ਦੀ ਸਪਲਾਈ ਕਾਰਨ ਪੈਦਾ ਹੋਈਆਂ ਸਿਹਤ ਸਮੱਸਿਆਵਾਂ ਨੇ ਹੁਣ ਭਿਆਨਕ ਰੂਪ ਧਾਰ ਲਿਆ ਹੈ। ਜਿੱਥੇ ਪਿੰਡ ਦੇ ਲੋਕ ਪੀਲੀਆ ਅਤੇ ਲੀਵਰ ਦੀ ਇਨਫੈਕਸ਼ਨ ਨਾਲ ਜੂਝ ਰਹੇ ਹਨ, ਉੱਥੇ ਹੀ ਹੁਣ ਇਹ ਬਿਮਾਰੀ ਪਸ਼ੂਆਂ ਅਤੇ ਜਾਨਵਰਾਂ ਤੱਕ ਵੀ ਪਹੁੰਚ ਗਈ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਸਿਹਤ ਵਿਭਾਗ ਅਤੇ ਵੈਟਨਰੀ ਵਿਭਾਗ ਦੀਆਂ ਟੀਮਾਂ ਦਿਨ-ਰਾਤ ਪਿੰਡ ਵਿਚ ਡਟੀਆਂ ਹੋਈਆਂ ਹਨ। ਡਾਇਰੈਕਟਰ ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਖ਼ਤ ਦਿਸ਼ਾ-ਨਿਰਦੇਸ਼ਾਂ ਤਹਿਤ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ ਲਗਾਤਾਰ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਸਿਵਲ ਸਰਜਨ ਫ਼ਿਰੋਜ਼ਪੁਰ ਡਾ. ਰਾਜੀਵ ਪਰਾਸ਼ਰ ਨੇ ਖੁਦ ਕੈਂਪ ਦਾ ਦੌਰਾ ਕੀਤਾ ਅਤੇ ਉੱਥੇ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ। ਡਾ. ਪਰਾਸ਼ਰ ਨੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਸਿਹਤ ਸਬੰਧੀ ਜਾਣਕਾਰੀ ਹਾਸਲ ਕੀਤੀ। ਪਿੰਡ ਦੀ ਪੰਚਾਇਤ ਅਤੇ ਆਮ ਲੋਕਾਂ ਨੇ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਯਤਨਾਂ ’ਤੇ ਸੰਤੁਸ਼ਟੀ ਪ੍ਰਗਟਾਈ ਹੈ। ਸੀਨੀਅਰ ਮੈਡੀਕਲ ਅਫ਼ਸਰ ਮਮਦੋਟ ਡਾ. ਰੇਖਾ ਭੱਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਮੌਕੇ ’ਤੇ ਹੀ ਮਰੀਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ ਦੇ ਕੈਂਪ ਦੌਰਾਨ 160 ਲੋਕਾਂ ਦੀ ਡਾਕਟਰੀ ਜਾਂਚ ਕੀਤੀ ਗਈ। ਲਗਭਗ 110 ਲੋਕਾਂ ਦੇ ਖੂਨ ਦੇ ਸੈਂਪਲ ਲਏ ਗਏ ਹਨ ਤਾਂ ਜੋ ਬਿਮਾਰੀ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਮੌਕੇ ’ਤੇ ਹੀ ਖੂਨ ਦੇ ਟੈਸਟ ਅਤੇ ਜਿਗਰ ਦੀ ਜਾਂਚ ਦੀ ਸਹੂਲਤ ਦਿੱਤੀ ਜਾ ਰਹੀ ਹੈ। ਪਸ਼ੂਆਂ ’ਚ ‘ਲੈਪਟੋਸਪਾਇਰੋਸਿਸ’ ਦਾ ਖ਼ਤਰਾ ਇਸ ਸਿਹਤ ਸੰਕਟ ਦਾ ਸਭ ਤੋਂ ਦੁਖਦ ਪਹਿਲੂ ਇਹ ਹੈ ਕਿ ਹੁਣ ਇਹ ਬਿਮਾਰੀ ਇਨਸਾਨਾਂ ਤੋਂ ਪਸ਼ੂਆਂ ਤੱਕ ਫੈਲ ਗਈ ਹੈ। ਪਿੰਡ ਵਿਚ ਪਸ਼ੂਆਂ ਦੇ ਬਿਮਾਰ ਹੋਣ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਵੈਟਨਰੀ ਵਿਭਾਗ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡਿਪਟੀ ਡਾਇਰੈਕਟਰ ਦੀ ਅਗਵਾਈ ਹੇਠ ਵੈਟਨਰੀ ਟੀਮਾਂ ਨੇ ਘਰ-ਘਰ ਜਾ ਕੇ ਪਸ਼ੂਆਂ ਦੀ ਜਾਂਚ ਕੀਤੀ। ਡਾਕਟਰਾਂ ਦੀ ਟੀਮ ਨੇ ਦੱਸਿਆ ਕਿ ਅੱਜ ਪਸ਼ੂਆਂ ਦੇ 26 ਸੈਂਪਲ ਅਤੇ ਕੁੱਤਿਆਂ ਦੇ 8 ਸੈਂਪਲ ਲਏ ਗਏ। ਮੁੱਢਲੀ ਜਾਂਚ ਵਿਚ 2 ਸੈਂਪਲ ਪੋਜ਼ਟਿਵ ਪਾਏ ਗਏ ਹਨ, ਜਿਸ ਨਾਲ ਪਸ਼ੂਆਂ ਵਿਚ ‘ਲੈਪਟੋਸਪਾਇਰੋਸਿਸ’ ਵਰਗੀ ਬਿਮਾਰੀ ਦੀ ਪੁਸ਼ਟੀ ਹੋਈ ਹੈ। ਵੈਟਨਰੀ ਮਾਹਿਰਾਂ ਅਨੁਸਾਰ ਇਹ ਬਿਮਾਰੀ ਦੂਸ਼ਿਤ ਪਾਣੀ ਅਤੇ ਚੂਹਿਆਂ ਰਾਹੀਂ ਫੈਲਦੀ ਹੈ, ਜੋ ਕਿ ਪਸ਼ੂਆਂ ਦੇ ਨਾਲ-ਨਾਲ ਇਨਸਾਨਾਂ ਲਈ ਵੀ ਖਤਰਨਾਕ ਸਾਬਤ ਹੋ ਸਕਦੀ ਹੈ। ਸਿਹਤ ਵਿਭਾਗ ਵੱਲੋਂ ਪਿੰਡ ਵਿਚ ਲਗਾਤਾਰ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਮੁਨਿਆਦੀ ਕਰਵਾਈ ਜਾ ਰਹੀ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਪੀਣ ਵਾਲੇ ਪਾਣੀ ਨੂੰ ਹਮੇਸ਼ਾ ਉਬਾਲ ਕੇ ਹੀ ਵਰਤਿਆ ਜਾਵੇ। ਖਾਣਾ ਖਾਣ ਤੋਂ ਪਹਿਲਾਂ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਸਾਫ਼ ਕੀਤਾ ਜਾਵੇ। ਆਲੇ-ਦੁਆਲੇ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਜੇਕਰ ਕਿਸੇ ਵੀ ਵਿਅਕਤੀ ਨੂੰ ਬੁਖਾਰ, ਉਲਟੀ ਜਾਂ ਕਮਜ਼ੋਰੀ ਮਹਿਸੂਸ ਹੁੰਦੀ ਹੈ, ਤਾਂ ਉਹ ਤੁਰੰਤ ਮੈਡੀਕਲ ਕੈਂਪ ਵਿਚ ਪਹੁੰਚ ਕੇ ਆਪਣੀ ਜਾਂਚ ਕਰਵਾਏ। ਹਾਲਾਂਕਿ ਸਿਹਤ ਅਤੇ ਵੈਟਨਰੀ ਵਿਭਾਗ ਦੀਆਂ ਟੀਮਾਂ ਪੂਰੀ ਤਨਦੇਹੀ ਨਾਲ ਡਟੀਆਂ ਹੋਈਆਂ ਹਨ।