ਡੀਏਵੀ ਵਿਮਨ ਕਾਲਜ ’ਚ ਸਵਾਮੀ ਸ਼ਰਧਾਨੰਦ ਦੀ ਜੈਅੰਤੀ ’ਤੇ ਕਰਵਾਇਆ ਹਵਨ
ਸਵਾਮੀ ਸ਼ਰਧਾਨੰਦ ਦੀ ਜਯੰਤੀ ਮੌਕੇ ਡੀਏਵੀ ਕਾਲਜ ਫਾਰ ਵੂਮੈਨ ਵਿਖੇ ਹਵਨ ਯੱਗ ਕਰਵਾਇਆ ਗਿਆ
Publish Date: Wed, 25 Feb 2026 04:45 PM (IST)
Updated Date: Wed, 25 Feb 2026 04:46 PM (IST)

ਅੰਗਰੇਜ਼ ਭੁੱਲਰ, ਪੰਜਾਬੀ ਜਾਗਰਣ ਫਿਰੋਜ਼ਪੁਰ : ਸਵਾਮੀ ਸ਼ਰਧਾਨੰਦ ਦੀ ਜਯੰਤੀ ਮੌਕੇ ਆਰੀਆ ਪ੍ਰਾਦੇਸ਼ਿਕ ਪ੍ਰਤੀਨਿਧੀ ਸਭਾ ਅਤੇ ਡੀਏਵੀ ਕਾਲਜ ਪ੍ਰਬੰਧਕੀ ਕਮੇਟੀ ਨਵੀਂ ਦਿੱਲੀ ਦੀ ਪ੍ਰੇਰਨਾ ਅਤੇ ਆਰੀਆ ਪ੍ਰਾਦੇਸ਼ਿਕ ਪ੍ਰਤੀਨਿਧੀ ਉਪ-ਸਭਾ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਥਾਨਕ ਡੀਏਵੀ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਕੈਂਟ ਵਿਖੇ ਪ੍ਰਿੰਸੀਪਲ ਡਾ. ਸੀਮਾ ਅਰੋੜਾ ਦੀ ਪ੍ਰਧਾਨਗੀ ’ਚ ਹਵਨ ਯੱਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਥਾਨਕ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਪੰਡਿਤ ਸਤੀਸ਼ ਸ਼ਰਮਾ ਅਤੇ ਪਵਨ ਸ਼ਰਮਾ ਨੇ ਆਪਣੀ ਗਰਿਮਾਮਈ ਹਾਜ਼ਰੀ ਲਵਾਈ। ਹਵਨ ਸਮਾਰੋਹ ਦੌਰਾਨ ਪਵਿੱਤਰ ਯੱਗ ਕੁੰਡ ਦੇ ਸਨਮੁੱਖ ਵੈਦਿਕ ਮੰਤਰਾਂ ਦੇ ਉਚਾਰਨ ਨਾਲ ਸ਼ਰਧਾਪੂਰਵਕ ਆਹੂਤੀਆਂ ਪਾਈਆਂ ਗਈਆਂ। ਇਸ ਮੌਕੇ ਸਵਾਮੀ ਸ਼ਰਧਾਨੰਦ ਦੇ ਜੀਵਨ ਅਤੇ ਆਦਰਸ਼ਾਂ ਨੂੰ ਯਾਦ ਕਰਦਿਆਂ ਉਨ੍ਹਾਂ ਵੱਲੋਂ ਸਮਾਜਿਕ ਸੁਧਾਰ, ਵੈਦਿਕ ਸਿੱਖਿਆ ਦੇ ਪ੍ਰਚਾਰ-ਪ੍ਰਸਾਰ ਅਤੇ ਰਾਸ਼ਟਰ ਸੇਵਾ ਵਿਚ ਪਾਏ ਗਏ ਅਮੂਲ ਯੋਗਦਾਨ ਦੀ ਸ਼ਲਾਘਾ ਕੀਤੀ ਗਈ। ਪ੍ਰਿੰਸੀਪਲ ਨੇ ਆਪਣੇ ਸੰਬੋਧਨ ਵਿਚ ਗੁਰੂ-ਸ਼ਿਸ਼ ਪਰੰਪਰਾ ਦੇ ਮਹੱਤਵ ’ਤੇ ਵਿਸ਼ੇਸ਼ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਗੁਰੂ ਅਤੇ ਚੇਲੇ ਵਿਚਕਾਰ ਪਵਿੱਤਰ ਰਿਸ਼ਤਾ ਵੈਦਿਕ ਸਿੱਖਿਆ ਦੀ ਅਧਾਰਸ਼ਿਲਾ ਹੈ, ਜੋ ਅਨੁਸ਼ਾਸਨ, ਸਤਿਕਾਰ, ਨੈਤਿਕ ਕਦਰਾਂ-ਕੀਮਤਾਂ ਅਤੇ ਮਜ਼ਬੂਤ ਚਰਿੱਤਰ ਨਿਰਮਾਣ ਵਿਚ ਭੂਮਿਕਾ ਨਿਭਾਉਂਦਾ ਹੈ। ਇਸ ਮੌਕੇ ਇਕ ਪ੍ਰਸ਼ਨੋਤਰੀ ਮੁਕਾਬਲਾ ਵੀ ਕਰਵਾਇਆ ਗਿਆ। ਇਸ ਦਾ ਮੁੱਖ ਮਕਸਦ ਵਿਦਿਆਰਥਣਾਂ ਵਿਚ ਸਵਾਮੀ ਸ਼ਰਧਾਨੰਦ ਦੇ ਜੀਵਨ, ਆਰੀਆ ਸਮਾਜ ਪ੍ਰਤੀ ਉਨ੍ਹਾਂ ਦੇ ਯੋਗਦਾਨ, ਸਮਾਜਿਕ ਸੁਧਾਰ ਅੰਦੋਲਨਾਂ ਅਤੇ ਰਾਸ਼ਟਰੀ ਚੇਤਨਾ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਇਹ ਮੁਕਾਬਲਾ ਮਹਾਤਮਾ ਹੰਸਰਾਜ ਲਾਇਬ੍ਰੇਰੀ ਵੱਲੋਂ ਰੀਡਰਜ਼ ਕਲੱਬ ਦੇ ਸਹਿਯੋਗ ਨਾਲ ਅਤੇ ਪ੍ਰਿੰਸੀਪਲ ਦੀ ਰਹਿਨੁਮਾਈ ’ਚ ਆਯੋਜਿਤ ਕੀਤਾ ਗਿਆ।ਵਿਦਿਆਰਥਣਾਂ ਨੇ ਇਸ ਮੁਕਾਬਲੇ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਸਵਾਲਾਂ ਦੇ ਜਵਾਬ ਦਿੰਦਿਆਂ ਡੂੰਘੀ ਦਿਲਚਸਪੀ ਦਿਖਾਈ। ਇਸ ਪ੍ਰੋਗਰਾਮ ਵਿਚ ਟੀਚਿੰਗ, ਨਾਨ-ਟੀਚਿੰਗ ਸਟਾਫ਼ ਅਤੇ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।