ਹਾਜ਼ਰੀ ਦੀ ਕਾਹਲੀ ਬਣੀ ਮੌਤ ਦਾ ਕਾਰਨ! ਫਿਰੋਜ਼ਪੁਰ 'ਚ ਮਹਿਲਾ ਅਧਿਆਪਕਾ ਦੀ ਹਾਦਸੇ 'ਚ ਮੌਤ, ਭੜਕੀਆਂ ਜਥੇਬੰਦੀਆਂ ਨੇ ਐਪ ਬੰਦ ਕਰਨ ਲਈ ਲਲਕਾਰਿਆ
ਅੱਜ ਸਵੇਰੇ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਾਇਮਰੀ ਸਕੂਲ ਠਠਾਂ ਦਲੇਰ ਸਿੰਘ ਵਾਲਾ ਦੇ ਦੋ ਅਧਿਆਪਕਾਂ ਨਾਲ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਇੱਕ ਮਹਿਲਾ ਅਧਿਆਪਕਾ ਦੀ ਜਾਨ ਚਲੀ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਦੋਵੇਂ ਅਧਿਆਪਕ ਸਕੂਲ ਜਾ ਰਹੇ ਸਨ।
Publish Date: Wed, 15 Apr 2026 11:26 AM (IST)
Updated Date: Wed, 15 Apr 2026 11:28 AM (IST)

ਫਿਰੋਜ਼ਪੁਰ: ਅੱਜ ਸਵੇਰੇ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਾਇਮਰੀ ਸਕੂਲ ਠਠਾਂ ਦਲੇਰ ਸਿੰਘ ਵਾਲਾ ਦੇ ਦੋ ਅਧਿਆਪਕਾਂ ਨਾਲ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਇੱਕ ਮਹਿਲਾ ਅਧਿਆਪਕਾ ਦੀ ਜਾਨ ਚਲੀ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਦੋਵੇਂ ਅਧਿਆਪਕ ਸਕੂਲ ਜਾ ਰਹੇ ਸਨ।
ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਅਧਿਆਪਕ ਦੀਪਕ ਕੰਬੋਜ, ਜੋ ਕਿ 6635 ਈ.ਟੀ.ਟੀ. ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਹਨ, ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਬੇਹੱਦ ਮੰਦਭਾਗੀ ਖ਼ਬਰ ਇਹ ਰਹੀ ਕਿ ਦੂਸਰੀ ਮਹਿਲਾ ਅਧਿਆਪਕਾ ਕਾਜਲ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ।
ਆਨਲਾਈਨ ਹਾਜ਼ਰੀ ਬਣੀ ਮੌਤ ਦਾ ਕਾਰਨ!
ਅਧਿਆਪਕ ਜਥੇਬੰਦੀਆਂ ਦਾ ਦੋਸ਼ ਹੈ ਕਿ ਇਸ ਅਫ਼ਸੋਸਜਨਕ ਘਟਨਾ ਦਾ ਇੱਕ ਵੱਡਾ ਕਾਰਨ ਸਕੂਲਾਂ ਵਿੱਚ ਲਾਗੂ ਕੀਤੀ ਗਈ ਆਨਲਾਈਨ ਹਾਜ਼ਰੀ ਐਪ ਹੈ। ਅਧਿਆਪਕਾਂ ਨੂੰ ਨਿਰਧਾਰਿਤ ਸਮੇਂ 'ਤੇ ਐਪ ਰਾਹੀਂ ਹਾਜ਼ਰੀ ਲਗਾਉਣ ਦੀ ਕਾਹਲੀ ਹੁੰਦੀ ਹੈ, ਜਿਸ ਕਾਰਨ ਤੇਜ਼ ਰਫ਼ਤਾਰ ਜਾਂ ਮਾਨਸਿਕ ਦਬਾਅ ਅਜਿਹੇ ਹਾਦਸਿਆਂ ਦਾ ਕਾਰਨ ਬਣਦਾ ਹੈ।
ਡੀ.ਟੀ.ਐਫ. ਵੱਲੋਂ ਅਫ਼ਸੋਸ ਅਤੇ ਮੰਗਾਂ
ਡੇਮੋਕ੍ਰੈਟਿਕ ਟੀਚਰਜ਼ ਫ਼ਰੰਟ (DTF) ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਅਤੇ ਜਨਰਲ ਸਕੱਤਰ ਮਹਿੰਦਰ ਕੌੜਿਆਂ ਵਾਲੀ ਨੇ ਅਧਿਆਪਕਾ ਕਾਜਲ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਜ਼ਾਹਰ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ:
ਅਧਿਆਪਕਾਂ ਲਈ ਘਾਤਕ ਸਿੱਧ ਹੋ ਰਹੀ ਆਨਲਾਈਨ ਹਾਜ਼ਰੀ ਐਪ ਨੂੰ ਤੁਰੰਤ ਬੰਦ ਕੀਤਾ ਜਾਵੇ।
ਅਧਿਆਪਕਾਂ ਦੀ ਸੁਰੱਖਿਆ ਅਤੇ ਮਾਨਸਿਕ ਸਕੂਨ ਨੂੰ ਮੁੱਖ ਰੱਖਦਿਆਂ ਨੀਤੀਆਂ ਬਣਾਈਆਂ ਜਾਣ।
ਜਥੇਬੰਦੀ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਅਧਿਆਪਕਾਂ ਦੀਆਂ ਮੁਸ਼ਕਲਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।