ਹਰਨੂਰ ਕੌਰ ਬਣੀ ਪੀਐੱਚਸੀ ਕੱਸੋਆਣਾ ਦੀ ਪਹਿਲੀ ਐੱਚਪੀਵੀ ਲਾਭਪਾਤਰੀ
ਹਰਨੂਰ ਕੌਰ ਬਣੀ ਪੀਐੱਚਸੀ ਕੱਸੋਆਣਾ ਦੀ ਪਹਿਲੀ ਐੱਚਪੀਵੀ ਲਾਭਪਾਤਰੀ
Publish Date: Fri, 06 Mar 2026 04:42 PM (IST)
Updated Date: Fri, 06 Mar 2026 04:45 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਸਿਹਤ ਵਿਭਾਗ ਵੱਲੋਂ ਲੜਕੀਆਂ ਦੇ ਸਰਵਾਈਕਲ ਦੇ ਕੈਂਸਰ ਤੋਂ ਬਚਾਅ ਕਰਨ ਵਾਲੀ ਐੱਚਪੀਵੀ ਵੈਕਸੀਨ ਦੀ ਸ਼ੁਰੂਆਤ ਪੀਐੱਚਸੀ ਕੱਸੋਆਣਾ ਵਿਖੇ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨੋਡਲ ਅਫਸਰ ਡਾ. ਕਰਨਬੀਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ 14 ਸਾਲ ਦੀਆਂ ਲੜਕੀਆਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਵੈਕਸੀਨੇਸ਼ਨ ਦੀ ਸ਼ੁਰੂਆਤ ਕੀਤੀ ਗਈ ਤਾਂ ਜੋ ਭਵਿੱਖ ਵਿੱਚ ਉਨ੍ਹਾਂ ਨੂੰ ਸਰਵਾਈਕਲ ਕੈਂਸਰ ਦੇ ਰੋਗ ਤੋਂ ਬਚਾਇਆ ਜਾ ਸਕੇ ਉਨ੍ਹਾਂ ਕਿਹਾ ਕਿ ਇਹ ਟੀਕਾਕਰਨ ਮੁਹਿੰਮ ਤਿੰਨ ਮਹੀਨਿਆਂ ਦੀ ਮਿਆਦ ਲਈ ਚਲਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਬਲਾਕ ਕੱਸੋਆਣਾ ਅਧੀਨ ਸਾਰੀਆਂ 14-15 ਸਾਲ ਦੀਆਂ ਲੜਕੀਆਂ ਨੂੰ ਇਹ ਟੀਕਾਕਰਨ ਬਿਲਕੁਲ ਮੁਫਤ ਕੀਤਾ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਲੜਕੀਆਂ ਨੂੰ ਉਪਰੋਕਤ ਵੈਕਸੀਨ ਸਰਕਾਰੀ ਹਸਪਤਾਲਾਂ ਵਿੱਚੋਂ ਲਗਵਾਉਣ। ਉਨ੍ਹਾਂ ਨੇ ਦੱਸਿਆ ਕਿ ਹਿਊਮਨ ਪੈਪੀਲੋਮਾਵਾਇਰਸ (ਐੱਚਪੀਵੀ) ਇੱਕ ਆਮ ਪਰ ਗੰਭੀਰ ਲਾਗ ਹੈ ਜੋ ਮੁੱਖ ਤੌਰ ਉੱਤੇ ਚਮੜੀ ਤੋਂ ਚਮੜੀ ਦੇ ਸੰਪਰਕ ਰਾਹੀਂ ਫੈਲਦੀ ਹੈ। ਕੁਝ ਉੱਚ ਜੋਖਮ ਵਾਲੀਆਂ ਕਿਸਮਾਂ ਸਰਵਾਈਕਲ ਕੈਂਸਰ,ਗਲੇ ਦਾ ਕੈਂਸਰ,ਗੁਦਾ ਕੈਂਸਰ ਅਤੇ ਹੋਰ ਕੈਂਸਰਾਂ ਦਾ ਕਾਰਨ ਬਣ ਸਕਦੀਆਂ ਹਨ । ਇਸ ਦੌਰਾਨ ਵਿਕਰਮਜੀਤ ਸਿੰਘ ਬਲਾਕ ਐਜੂਕੇਟਰ ਨੇ ਦੱਸਿਆ ਕਿ ਐੱਚਪੀਵੀ ਟੀਕੇ, ਜੋ ਕਿ ਲਾਗ ਨੂੰ ਰੋਕਣ ਲਈ ਵਰਤੇ ਜਾਂਦੇ ਹਨ ਦੀ ਵਿਸ਼ਵ ਪੱਧਰ ਉੱਤੇ ਵਿਆਪਕ ਖੋਜ ਕੀਤੀ ਗਈ ਹੈ ਅਤੇ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ। ਇਸ ਮੌਕੇ ਗੁਰਦੇਵ ਕੌਰ ਐੱਲਐੱਚਵੀ,ਮਲਟੀ ਪਰਪਜ਼ ਵਰਕਰ ਗੁਰਮੀਤ ਕੌਰ,ਰਾਣੀ ਕੌਰ, ਨਵਦੀਪ ਸਿੰਘ ਮਲਟੀ ਪਰਪਜ਼ ਵਰਕਰ ਮੇਲ ਆਦਿ ਹਾਜ਼ਰ ਸਨ।