ਨੌਜਵਾਨ ਪੀੜ੍ਹੀ ਲਈ ਸਕਿੱਲ ਡਿਵੈਲਪਮੈਂਟ ਦੀ ਕੀਤੀ ਵਿਵਸਥਾ
ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਰੀਜਨਲ ਸੈਂਟਰ ਜ਼ੀਰਾ ਨੇ ਨੌਜਵਾਨ ਪੀੜ੍ਹੀ ਲਈ ਸਕਿੱਲ ਡਿਵੈਲਪਮੈਂਟ ਦੀ ਕੀਤੀ ਵਿਵਸਥਾ
Publish Date: Fri, 30 Jan 2026 04:28 PM (IST)
Updated Date: Fri, 30 Jan 2026 04:31 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਵੱਲੋਂ ਕੁਆਲਿਟੀ ਐਂਡ ਐਕ੍ਰੈਡੀਟੇਸ਼ਨ ਇੰਸਟੀਚਿਊਟ ਨਾਲ ਇਕ ਸਮਝੌਤਾ ਪੱਤਰ ਸਾਈਨ ਕੀਤਾ ਗਿਆ ਹੈ। ਇਸ ਸਮਝੌਤੇ ਤਹਿਤ ਵੱਖ-ਵੱਖ ਸਕਿੱਲ ਕੋਰਸਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਨ੍ਹਾਂ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਰੁਜ਼ਗਾਰਯੋਗ ਤੇ ਉਦਯੋਗ-ਅਧਾਰਿਤ ਹੁਨਰ ਪ੍ਰਦਾਨ ਕਰਨਾ ਹੈ। ਰੀਜਨਲ ਸੈਂਟਰ ਜ਼ੀਰਾ ਦੇ ਰੀਜਨਲ ਡਾਇਰੈਕਟਰ ਡਾ. ਵਿਨੋਦ ਕੁਮਾਰ ਅਤੇ ਮੈਨੇਜਿੰਗ ਡਾਇਰੈਕਟਰ ਡਾ. ਸੁਖਦੇਵ ਸਿੰਘ ਨੇ ਕਿਹਾ ਕਿ ਇਸ ਐੱਮਓਯੂ ਰਾਹੀਂ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦੇ ਨਾਲ-ਨਾਲ ਉਦਯੋਗ ਨਾਲ ਜੁੜੇ ਮਾਨਤਾ ਪ੍ਰਾਪਤ ਸਕਿੱਲ-ਅਧਾਰਿਤ ਕੋਰਸਾਂ ਦੀ ਸਹੂਲਤ ਮਿਲੇਗੀ,ਜਿਸ ਨਾਲ ਉਨ੍ਹਾਂ ਦੇ ਰੁਜ਼ਗਾਰ ਦੇ ਮੌਕੇ ਕਾਫ਼ੀ ਵਧਣਗੇ। ਉਨ੍ਹਾਂ ਦੱਸਿਆ ਕਿ ਕੁਆਲਿਟੀ ਤੇ ਐਗਰੀਡੇਸ਼ਨ ਇੰਸਟੀਟਿਊਟ ਨਾਲ ਸਾਂਝਦਾਰੀ ਤਹਿਤ ਯੂਨੀਵਰਸਿਟੀ ਵੱਲੋਂ ਸਕਿੱਲ ਹੱਬ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦੇ ਅਧੀਨ ਕਈ ਸਕਿੱਲ-ਬੇਸਡ ਕੋਰਸ ਤੇ ਸਰਟੀਫਿਕੇਸ਼ਨ ਪ੍ਰੋਗਰਾਮ ਸ਼ੁਰੂ ਕੀਤੇ ਜਾਣਗੇ। ਇਹ ਕੋਰਸ ਨੌਜਵਾਨਾਂ ਦੇ ਨਾਲ-ਨਾਲ ਵਰਕਿੰਗ ਪ੍ਰੋਫੈਸ਼ਨਲਜ਼ ਤੇ ਘਰੇਲੂ ਵਿਦਿਆਰਥੀਆਂ ਲਈ ਵੀ ਬਹੁਤ ਲਾਭਕਾਰੀ ਸਾਬਤ ਹੋਣਗੇ। ਇਸੇ ਤਹਿਤ ਕੇਅਰ ਗਿਵਰ ਕੋਰਸ ਦੀ ਵੀ ਸ਼ੁਰੂਆਤ ਕੀਤੀ ਗਈ ਹੈ, ਜਿਸਨੂੰ ਪੂਰਾ ਕਰਨ ਤੋਂ ਬਾਅਦ ਵਿਦਿਆਰਥੀਆਂ ਦੀ ਨੈਸ਼ਨਲ ਅਤੇ ਇੰਟਰਨੈਸ਼ਨਲ ਪਲੇਸਮੈਂਟ ਕਰਵਾਈ ਜਾਵੇਗੀ। ਰੀਜਨਲ ਸੈਂਟਰ ਜ਼ੀਰਾ ਦੇ ਕੋਆਰਡੀਨੇਟਰ ਡਾ. ਵੀਰਪਾਲ ਨੇ ਕਿਹਾ ਕਿ ਇਹ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਵੱਲੋਂ ਇਨ੍ਹਾਂ ਪ੍ਰੋਗਰਾਮਾਂ ਲਈ ਸੰਤ ਕਬੀਰ ਕਾਲਜ ਜ਼ੀਰਾ ਦੀ ਚੋਣ ਕੀਤੀ ਗਈ। ਇਸ ਮੌਕੇ ਸੰਤ ਕਬੀਰ ਕਾਲਜ ਜ਼ੀਰਾ ਦੇ ਚੇਅਰਮੈਨ ਗੁਰਚਰਨ ਸਿੰਘ ਨੇ ਯੂਨੀਵਰਸਿਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਵਿਚ ਯੂਨੀਵਰਸਿਟੀ ਵੱਲੋਂ ਹੋਰ ਵੀ ਕਈ ਇੰਡਸਟਰੀ-ਲਿੰਕਡ ਕੋਰਸ ਸ਼ੁਰੂ ਕੀਤੇ ਜਾਣਗੇ। ਵਿਦਿਆਰਥੀ ਵਧੇਰੇ ਜਾਣਕਾਰੀ ਯੂਨੀਵਰਸਿਟੀ ਦੀ ਅਧਿਕਾਰਕ ਵੈੱਬਸਾਈਟ ਜਾਂ ਸੰਤ ਕਬੀਰ ਕਾਲਜ ਜ਼ੀਰਾ ਨਾਲ ਸੰਪਰਕ ਕਰ ਸਕਦੇ ਹਨ।