ਗੱਡੀਆਂ ’ਚੋਂ ਮੋਬਾਇਲ ਚੋਰੀ ਕਰਨ ਵਾਲਾ ਕਾਬੂ
ਜੀਆਰਪੀ ਫ਼ਿਰੋਜ਼ਪੁਰ ਪੁਲਿਸ ਨੇ ਰੇਲ ਗੱਡੀਆਂ ’ਚੋਂ ਮੋਬਾਇਲ ਚੋਰੀ ਕਰਨ ਵਾਲਾ ਚੋਰ ਕੀਤਾ ਕਾਬੂ
Publish Date: Thu, 02 Apr 2026 04:20 PM (IST)
Updated Date: Fri, 03 Apr 2026 04:05 AM (IST)

ਮੁਲਜ਼ਮ ਕੋਲੋਂ ਚੋਰੀ ਦੇ 4 ਮੋਬਾਇਲ ਬਰਾਮਦ ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਰੇਲਵੇ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਅਪਰਾਧਿਕ ਗਤੀਵਿਧੀਆਂ ’ਤੇ ਨੱਥ ਪਾਉਣ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਜੀਆਰਪੀ ਫ਼ਿਰੋਜ਼ਪੁਰ ਨੇ ਇਕ ਅਹਿਮ ਸਫਲਤਾ ਹਾਸਲ ਕੀਤੀ ਹੈ। ਡੀਜੀਪੀ ਰੇਲਵੇ ਪਟਿਆਲਾ ਵੱਲੋਂ ਜਾਰੀ ਸਖ਼ਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਅਤੇ ਡੀਐੱਸਪੀ (ਜੀਆਰਪੀ) ਫ਼ਿਰੋਜ਼ਪੁਰ ਦੀ ਯੋਗ ਨਿਗਰਾਨੀ ’ਚ ਪੁਲਿਸ ਨੇ ਰੇਲ ਗੱਡੀਆਂ ਵਿੱਚੋਂ ਮੁਸਾਫਰਾਂ ਦੇ ਮੋਬਾਇਲ ਫ਼ੋਨ ਚੋਰੀ ਕਰਨ ਵਾਲੇ ਇਕ ਵਿਅਕਤੀ ਨੂੰ ਰੰਗੇ ਹੱਥੀਂ ਕਾਬੂ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ। ਮਿਤੀ 1 ਅਪ੍ਰੈਲ 2026 ਨੂੰ ਏਐੱਸਆਈ ਜਸਪਾਲ ਸਿੰਘ ਇੰਚਾਰਜ ਰੇਲਵੇ ਸਟੇਸ਼ਨ ਤਲਵੰਡੀ ਫ਼ਿਰੋਜ਼ਪੁਰ ਆਪਣੀ ਪੁਲਿਸ ਪਾਰਟੀ ਸਮੇਤ ਰੇਲਵੇ ਸਟੇਸ਼ਨ ’ਤੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਇਕ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਵਿਸ਼ਾਲ ਉਰਫ਼ ਗਾਂਧੀ ਪੁੱਤਰ ਬੈਰੋਂ ਵਾਸੀ ਤਾਲਾ ਹੱਦੋਂ ਫ਼ਿਰੋਜ਼ਪੁਰ ਸ਼ਹਿਰ ਜੋ ਕਿ ਰੇਲ ਗੱਡੀਆਂ ਵਿੱਚੋਂ ਸਵਾਰੀਆਂ ਦੇ ਮੋਬਾਇਲ ਚੋਰੀ ਕਰਨ ਦਾ ਆਦੀ ਹੈ, ਇਸ ਵੇਲੇ ਰੇਲਵੇ ਯਾਰਡ ਤਲਵੰਡੀ ਸਟੇਸ਼ਨ ਨੇੜੇ ਕਿਸੇ ਗਾਹਕ ਦੀ ਉਡੀਕ ਕਰ ਰਿਹਾ ਹੈ। ਉਹ ਚੋਰੀ ਕੀਤੇ ਹੋਏ ਮੋਬਾਇਲ ਫ਼ੋਨਾਂ ਨੂੰ ਅੱਗੇ ਵੇਚਣ ਦੀ ਫਿਰਾਕ ਵਿਚ ਸੀ। ਏਐੱਸਆਈ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਰੇਲਵੇ ਯਾਰਡ ਵਿਚ ਛਾਪੇਮਾਰੀ ਕਰਕੇ ਮੁਲਜ਼ਮ ਵਿਸ਼ਾਲ ਉਰਫ਼ ਗਾਂਧੀ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਮੁਲਜ਼ਮ ਦੇ ਕਬਜ਼ੇ ਵਿੱਚੋਂ ਵੱਖ-ਵੱਖ ਕੰਪਨੀਆਂ ਦੇ ਚੋਰੀ ਕੀਤੇ 4 ਮੋਬਾਈਲ ਫ਼ੋਨ ਬਰਾਮਦ ਹੋਏ। ਇੰਸਪੈਕਟਰ ਨਵੀਨ ਕੁਮਾਰ ਮੁੱਖ ਅਫਸਰ ਥਾਣਾ ਜੀਆਰਪੀ ਫ਼ਿਰੋਜ਼ਪੁਰ ਨੇ ਦੱਸਿਆ ਕਿ ਮੁਲਜ਼ਮ ਵਿਰੁੱਧ ਥਾਣਾ ਜੀਆਰਪੀ ਫ਼ਿਰੋਜ਼ਪੁਰ ਵਿਖੇ ਮੁਕੱਦਮਾ ਨੰਬਰ 07 ਮਿਤੀ 1 ਅਪ੍ਰੈਲ 2026 ਨੂੰ 303(2) ਅਤੇ 317 (2) ਬੀਐੱਨਐੱਸ ਤਹਿਤ ਦਰਜ ਕਰ ਲਿਆ ਗਿਆ ਹੈ। ਪੜਤਾਲ ਦੌਰਾਨ ਇਹ ਵੀ ਖੁਲਾਸਾ ਹੋਇਆ ਹੈ ਕਿ ਉਕਤ ਮੁਲਜ਼ਮ ਪਹਿਲਾਂ ਵੀ ਅਪਰਾਧਿਕ ਪਿਛੋਕੜ ਵਾਲਾ ਹੈ ਅਤੇ ਉਸ ਖਿਲਾਫ਼ ਪਹਿਲਾਂ ਹੀ ਥਾਣਾ ਜੀਆਰਪੀ ਫ਼ਿਰੋਜ਼ਪੁਰ ਵਿਚ ਚੋਰੀ ਅਤੇ ਖੋਹ ਦੇ ਦੋ ਵੱਖ-ਵੱਖ ਮੁਕੱਦਮੇ ਦਰਜ ਹਨ। ਪੁਲਿਸ ਅਧਿਕਾਰੀਆਂ ਅਨੁਸਾਰ ਮੁਲਜ਼ਮ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ, ਜਿੱਥੇ ਉਸ ਦਾ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਸ ਨੇ ਹੋਰ ਕਿੰਨੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਹੈ ਤੇ ਚੋਰੀ ਦੇ ਮੋਬਾਈਲ ਕਿਸ ਨੂੰ ਵੇਚਦਾ ਸੀ। ਪੁਲਿਸ ਵੱਲੋਂ ਮਾਮਲੇ ਦੀ ਅਗਲੀ ਤਫਤੀਸ਼ ਜਾਰੀ ਹੈ।