ਆਪਣਾ ਘਰ ਬਿਰਧ ਆਸ਼ਰਮ ਵਿਖੇ ਕਰਵਾਏ ਗਏ 15 ਲੋੜਵੰਦ ਲੜਕੀਆਂ ਦੇ ਸਮੂਹਕ ਵਿਆਹ
ਆਪਣਾ ਘਰ ਬਿਰਧ ਆਸ਼ਰਮ ਵਿਖੇ ਕਰਵਾਏ ਗਏ 15 ਲੋੜਵੰਦ ਲੜਕੀਆਂ ਦੇ ਸਮੂਹਕ ਵਿਆਹ
Publish Date: Sun, 11 Jan 2026 06:28 PM (IST)
Updated Date: Sun, 11 Jan 2026 06:30 PM (IST)

ਦੀਪਕ ਵਧਾਵਨ, ਪੰਜਾਬੀ ਜਾਗਰਣ ਗੁਰੂਹਰਸਹਾਏ : ਆਪਣਾ ਘਰ ਬਿਰਧ ਆਸ਼ਰਮ ਵਿਖੇ ਸਮਾਜਿਕ ਸੇਵਾ ਅਤੇ ਮਨੁੱਖਤਾ ਦੀ ਭਾਵਨਾ ਨੂੰ ਉਜਾਗਰ ਕਰਦਿਆਂ 15 ਲੋੜਵੰਦ ਲੜਕੀਆਂ ਦੇ ਸਮੂਹਕ ਵਿਆਹ ਧੂਮਧਾਮ ਨਾਲ ਕਰਵਾਏ ਗਏ। ਇਸ ਵਿਸ਼ਾਲ ਸਮਾਗਮ ਦੌਰਾਨ ਵਿਆਹੇ ਗਏ ਜੋੜਿਆਂ ਨੂੰ ਘਰੇਲੂ ਵਰਤੋਂ ਦਾ ਸਾਰਾ ਜ਼ਰੂਰੀ ਸਮਾਨ ਭੇਟ ਕੀਤਾ ਗਿਆ, ਤਾਂ ਜੋ ਉਹ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਬਿਨਾਂ ਕਿਸੇ ਚਿੰਤਾ ਦੇ ਕਰ ਸਕਣ।ਵਿਆਹ ਸਮਾਰੋਹ ਲਈ ਆਏ ਜੋੜਿਆਂ, ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਵੀ ਹਾਜ਼ਰੀ ਭਰੀ। ਆਪਣਾ ਘਰ ਬਿਰਧ ਆਸ਼ਰਮ ਵੱਲੋਂ ਇਸ ਮੌਕੇ ਪੂਰੀ ਤਰ੍ਹਾਂ ਵਿਆਹ ਵਰਗਾ ਮਾਹੌਲ ਤਿਆਰ ਕੀਤਾ ਗਿਆ ਸੀ। ਸਜਾਵਟ ਤੋਂ ਲੈ ਕੇ ਸਟੇਜ, ਪੰਡਾਲ, ਰਸਮਾ ਅਤੇ ਮਹਿਮਾਨਾਂ ਦੀ ਸੇਵਾ ਤੱਕ ਹਰ ਇਕ ਪ੍ਰਬੰਧ ਬੜੀ ਸੁਚੱਜੀ ਤਰੀਕੇ ਨਾਲ ਕੀਤਾ ਗਿਆ।ਖਾਣ-ਪੀਣ ਲਈ ਵੀ ਆਸ਼ਰਮ ਪ੍ਰਬੰਧਕਾਂ ਵੱਲੋਂ ਕਈ ਤਰ੍ਹਾਂ ਦੀਆਂ ਵਰਾਇਟੀਆਂ ਦਾ ਵਿਸ਼ੇਸ਼ ਇੰਤਜ਼ਾਮ ਕੀਤਾ ਗਿਆ ਸੀ। ਲੰਗਰ ਅਤੇ ਭੋਜਨ ਵਿਚ ਮਿੱਠੇ, ਖਾਣੇ ਅਤੇ ਹੋਰ ਪਕਵਾਨ ਸ਼ਾਮਲ ਸਨ। ਇਸ ਮੌਕੇ ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦੇਣ ਲਈ ਕਈ ਸੰਤ ਮਹਾਂਪੁਰਸ਼ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਸੰਤ ਮਹਾਂਪੁਰਸ਼ਾਂ ਨੇ ਆਸ਼ਰਮ ਵੱਲੋਂ ਕੀਤੇ ਜਾ ਰਹੇ ਸਮਾਜਿਕ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਆਸ਼ਰਮ ਦੇ ਗੱਦੀ ਨਸ਼ੀਨ ਬਾਬਾ ਅੰਗਰੇਜ਼ ਸਿੰਘ ਅਤੇ ਟਰੱਸਟ ਦੇ ਚੇਅਰਮੈਨ ਰਕੇਸ਼ ਕੁਮਾਰ ਬੱਬੂ ਨੇ ਆਈਆਂ ਸੰਗਤਾਂ ਅਤੇ ਪਹੁੰਚੀਆਂ ਸਮਾਜ ਸੇਵੀ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਇੰਝ ਮਹਿਸੂਸ ਹੋ ਰਿਹਾ ਹੈ ਜਿਵੇਂ ਖੁਦ ਪ੍ਰਮਾਤਮਾ ਉਨ੍ਹਾਂ ਦੇ ਨਾਲ ਆ ਕੇ ਇਸ ਆਸਰੇ ਵਿਚ ਖੜ ਗਿਆ ਹੋਵੇ। ਉਨ੍ਹਾਂ ਕਿਹਾ ਕਿ ਸਾਰਿਆਂ ਦੇ ਸਹਿਯੋਗ ਸਦਕਾ ਹੀ ਇਹ ਐਨਾ ਵੱਡਾ ਕਾਰਜ ਸਫਲਤਾਪੂਰਵਕ ਸੰਪੰਨ ਹੋ ਸਕਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਆਪਣਾ ਘਰ ਬਿਰਧ ਆਸ਼ਰਮ ਲਈ ਦਿੱਤਾ ਗਿਆ ਹਰ ਇਕ ਪੈਸਾ ਬੇਸਹਾਰਿਆਂ ਦੇ ਸਹਾਰੇ ਲਈ ਅਤੇ ਇੱਥੇ ਰਹਿ ਰਹੇ ਬਿਮਾਰ ਤੇ ਪੀੜਤ ਲੋਕਾਂ ਦੀ ਸੇਵਾ ਲਈ ਹੀ ਖਰਚਿਆ ਜਾਂਦਾ ਹੈ। ਆਸ਼ਰਮ ਸਦਾ ਹੀ ਸਮਾਜ ਦੇ ਨਿਰਬਲ ਵਰਗਾਂ ਦੀ ਸਹਾਇਤਾ ਲਈ ਸਮਰਪਿਤ ਰਿਹਾ ਹੈ ਅਤੇ ਅੱਗੇ ਵੀ ਇਹ ਸੇਵਾ ਭਾਵਨਾ ਜਾਰੀ ਰਹੇਗੀ। ਸਮਾਗਮ ਵਿਚ ਵਿਆਹੇ ਜੋੜਿਆਂ ਦੇ ਚਿਹਰਿਆਂ ’ਤੇ ਖੁਸ਼ੀ ਝਲਕ ਰਹੀ ਸੀ। ਆਈਆਂ ਸੰਗਤਾਂ ਅਤੇ ਸਮਾਜ ਸੇਵੀਆਂ ਨੇ ਇਸ ਉਪਰਾਲੇ ਨੂੰ ਇਕ ਨਿਵੇਕਲੀ ਮਿਸਾਲ ਕਰਾਰ ਦਿੰਦਿਆਂ ਆਸ਼ਰਮ ਪ੍ਰਬੰਧਕਾਂ ਦੀ ਪ੍ਰਸੰਸਾ ਕੀਤੀ। ਇਸ ਮੌਕੇ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਫਿਰੋਜਪੁਰ ਸ਼ਹਿਰੀ ਦੇ ਇੰਚਾਰਜ਼ ਮੌਂਟੂ ਵੋਹਰਾ ਵੱਲੋਂ ਬਿਰਧ ਆਸ਼ਰਮ ਨੂੰ ਇਕ ਕਮਰਾ ਵੱਲੋਂ ਬਣਾ ਕੇ ਦੇਣ ਦਾ ਐਲਾਨ ਵੀ ਕੀਤਾ ਅਤੇ ਹੋਰ ਸੰਭਵ ਮਦਦ ਕਰਨ ਦਾ ਐਲਾਨ ਵੀ ਕੀਤਾ । ਇਸ ਮੌਕੇ ਪੁੱਜੇ ਅਨੇਕਾਂ ਸਮਾਜ ਸੇਵੀਆਂ ਵੱਲੋਂ ਆਸ਼ਰਮ ਨੂੰ ਨਗਦ ਰਾਸ਼ੀ ਵੀ ਭੇਂਟ ਕੀਤੀ । ਸਮਾਗਮ ਵਿਚ ਨਾਮੀ ਸਿੰਗਰ ਦਿਲਦਾਰ ਸ਼ਰੀਫ, ਸੂਫੀ ਸ਼ਾਇਰ ਅਤੇ ਐਂਕਰ ਹਿੰਮਤ ਵਾਲੀਆ, ਗੁਰਦਾਸ ਮਾਨ ਦਾ ਸਾਥੀ ਭੋਲਾ ਬਠਿੰਡੇ ਵਾਲਾ ਅਤੇ ਹੋਰਾਂ ਵਲੋਂ ਵੀ ਪੁੱਜੀਆਂ ਸੰਗਤਾਂ ਵਿਚਕਾਰ ਆਪਣੇ ਆਪਣੇ ਫਨ ਰਾਹੀਂ ਆਪਣੀ ਹਾਜ਼ਰੀ ਲਗਵਾਈ ਗਈ।