ਪੱਤਰਕਾਰਾਂ ਨਾਲ ਸਰਕਾਰ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ : ਪ੍ਰੈੱਸ ਕਲੱਬ ਜ਼ੀਰਾ
ਸਰਕਾਰ ਵੱਲੋਂ ਪੱਤਰਕਾਰਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਪ੍ਰੈੱਸ ਕਲੱਬ ਜ਼ੀਰਾ
Publish Date: Sat, 03 Jan 2026 06:56 PM (IST)
Updated Date: Sat, 03 Jan 2026 06:59 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਪੰਜਾਬ ਸਰਕਾਰ ਵੱਲੋਂ ਸਰਕਾਰ ਵਿਰੋਧੀ ਆਵਾਜ਼ ਉਠਾਉਣ ਵਾਲੇ ਆਰਟੀਆਈ ਐਕਟੀਵਿਸਟਾਂ ਤੇ ਸੋਸ਼ਲ ਮੀਡੀਆ ਨਾਲ ਜੁੜੇ ਪੱਤਰਕਾਰਾਂ ਖ਼ਿਲਾਫ਼ ਦਰਜ ਕੀਤੇ ਜਾ ਰਹੇ ਪਰਚਿਆਂ ਨੂੰ ਲੈ ਕੇ ਪੱਤਰਕਾਰ ਭਾਈਚਾਰੇ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪ੍ਰੈਸ ਦੀ ਆਜ਼ਾਦੀ ’ਤੇ ਹੋ ਰਹੇ ਇਸ ਖੁੱਲ੍ਹੇ ਹਮਲੇ ਦੇ ਵਿਰੋਧ ਵਿਚ ਪ੍ਰੈਸ ਕਲੱਬ ਜ਼ੀਰਾ ਦੇ ਸਮੂਹ ਮੈਂਬਰਾਂ ਨੇ ਇਕਜੁੱਟ ਹੋ ਕੇ ਸਖ਼ਤ ਨਿਖੇਧੀ ਕਰਦਿਆਂ ਐਲਾਨ ਕੀਤਾ ਕਿ ਜੇਕਰ ਇਹ ਧੱਕੇਸ਼ਾਹੀ ਤੁਰੰਤ ਬੰਦ ਨਾ ਹੋਈ ਤਾਂ ਤਿੱਖਾ ਸੰਘਰਸ਼ ਛੇੜਿਆ ਜਾਵੇਗਾ। ਇਸ ਸਬੰਧੀ ਪ੍ਰੈੱਸ ਕਲੱਬ ਜ਼ੀਰਾ ਦੀ ਵਿਸ਼ੇਸ਼ ਮੀਟਿੰਗ ਕਲੱਬ ਦੇ ਪ੍ਰਧਾਨ ਰਾਜੇਸ਼ ਢੰਡ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪੱਤਰਕਾਰਾਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਸਰਕਾਰ ਵੱਲੋਂ ਪੱਤਰਕਾਰਾਂ ’ਤੇ ਬਣਾਏ ਜਾ ਰਹੇ ਦਬਾਅ ’ਤੇ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਸਰਕਾਰ ਖ਼ਿਲਾਫ਼ ਖਬਰਾਂ ਪ੍ਰਕਾਸ਼ਿਤ ਕਰਨ ਦੇ ‘ਜੁਰਮ’ ਹੇਠ ਪੱਤਰਕਾਰ ਮਨਿੰਦਰਜੀਤ ਸਿੰਘ ਸਿੱਧੂ ਸਮੇਤ ਹੋਰ ਕਈ ਪੱਤਰਕਾਰਾਂ ’ਤੇ ਦਰਜ ਕੀਤੇ ਪਰਚਿਆਂ ਨੂੰ ਪੂਰੀ ਤਰ੍ਹਾਂ ਨਜਾਇਜ਼ ਕਰਾਰ ਦਿੰਦਿਆਂ ਇਸਨੂੰ ਲੋਕਤੰਤਰ ਅਤੇ ਸੰਵਿਧਾਨਕ ਅਧਿਕਾਰਾਂ ’ਤੇ ਸਿੱਧਾ ਵਾਰ ਦੱਸਿਆ ਗਿਆ। ਪੱਤਰਕਾਰਾਂ ਨੇ ਦੋ ਟੁੱਕ ਸ਼ਬਦਾਂ ਵਿੱਚ ਕਿਹਾ ਕਿ ਸਰਕਾਰ ਪੱਤਰਕਾਰਤਾ ਤੋਂ ਡਰ ਰਹੀ ਹੈ ਅਤੇ ਇਸੇ ਕਾਰਨ ਆਵਾਜ਼ ਦਬਾਉਣ ਲਈ ਕਾਨੂੰਨ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ, ਜੋ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੀਟਿੰਗ ਵਿਚ ਸਰਕਾਰ ਨੂੰ ਸਪਸ਼ਟ ਚੇਤਾਵਨੀ ਦਿੱਤੀ ਗਈ ਕਿ ਜੇਕਰ ਪੱਤਰਕਾਰਾਂ ’ਤੇ ਦਰਜ ਪਰਚੇ ਤੁਰੰਤ ਰੱਦ ਨਾ ਕੀਤੇ ਗਏ ਤਾਂ ਪੂਰੇ ਪੰਜਾਬ ਵਿਚ ਵਿਰੋਧੀ ਅੰਦੋਲਨ ਤੇਜ਼ ਕੀਤਾ ਜਾਵੇਗਾ।ਇਸ ਮੌਕੇ ਪ੍ਰਧਾਨ ਰਾਜੇਸ਼ ਢੰਡ, ਚੇਅਰਮੈਨ ਕੇ.ਕੇ. ਗੁਪਤਾ, ਹਰਮੇਸ਼ਪਾਲ ਨੀਲੇਵਾਲਾ, ਨਵਜੋਤ ਨੀਲੇਵਾਲਾ, ਹਰਜੀਤ ਸਿੰਘ ਸਨ੍ਹੇਰ, ਦੀਪਕ ਭਾਰਗੋ, ਮਨਜੀਤ ਸਿੰਘ ਢਿੱਲੋਂ, ਨਰਿੰਦਰ ਅਨੇਜਾ, ਹਰਨੇਕ ਸਿੰਘ, ਪ੍ਰਤਾਪ ਸਿੰਘ ਹੀਰਾ, ਮਹਿੰਦਰਪਾਲ ਗਰੋਵਰ, ਕੁਲਵੰਤ ਸਿੰਘ, ਤੀਰਥ ਸਿੰਘ ਸਨ੍ਹੇਰ, ਜਸਵੰਤ ਗੋਗੀਆ, ਗੁਰਪ੍ਰੀਤ ਸਿੰਘ ਭੁੱਲਰ, ਗੁਰਲਾਲ ਸਿੰਘ ਵਰੋਲਾ, ਗੁਰਭੇਜ ਸਿੰਘ ਆਦਿ ਪੱਤਰਕਾਰ ਹਾਜ਼ਰ ਸਨ।