- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੜਕਾਂ ’ਤੇ ਮੌਤ ਵੰਡ ਰਹੇ ਹਨ ਮਾਲਵਾਹਕ ਵਾਹਨ

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ
ਫਿਰੋਜ਼ਪੁਰ : ਜੁਗਾੜੂ ਵਾਹਨ ਤੇ ਉਮਰ ਹੰਢਾ ਚੁੱਕੇ ਵਾਹਨਾਂ ਨੂੰ ਸੜਕਾਂ ਤੋਂ ਹਟਾਉਣ ਅਤੇ ਅਜਿਹੇ ਹੋਰ ਵੀ ਕਈ ਸਖਤ ਹੁੱਕਮ ਕੀਤਾ ਜਾਣ ਦੇ ਬਾਵਜੂਦ ਸਬੰਧਤ ਵਿਭਾਗ ਬਿਲਕੁਲ ਵੀ ਪਰਵਾਹ ਕਰਦੇ ਨਜ਼ਰ ਨਹੀਂ ਆ ਰਹੇ ਹਨ। ਆਲਮ ਇਹ ਹੈ ਕਿ ਹਾਈਕੋਰਟ ਦੇ ਸਪੱਸ਼ਟ ਹੁਕਮਾਂ, ਮੋਟਰ ਵਹੀਕਲ ਐਕਟ ਦੀਆਂ ਸਖ਼ਤ ਧਾਰਾਵਾਂ ਅਤੇ ਟਰੈਫਿਕ ਨਿਯਮਾਂ ਦੇ ਬਾਵਜੂਦ ਟਰਾਂਸਪੋਰਟ ਵਿਭਾਗ ਅਤੇ ਟਰੈਫਿਕ ਪੁਲਿਸ ਦੀ ਢਿੱਲ ਕਾਰਨ ਮਾਲ ਢੋਣ ਵਾਲੇ ਵਾਹਨਾਂ ਵਿੱਚ ਸ਼ਰੇਆਮ ਸਵਾਰੀਆਂ ਢੋਈਆਂ ਜਾ ਰਹੀਆਂ ਹਨ। ਨਤੀਜਾ ਇਹ ਹੈ ਕਿ ਹਰ ਕੁਝ ਮਹੀਨਿਆਂ ਬਾਅਦ ਕਿਸੇ ਨਾ ਕਿਸੇ ਘਰ ਦੇ ਚਿਰਾਗ ਬੁੱਝ ਰਹੇ ਹਨ। ਸ਼ਨੀਵਾਰ ਸਵੇਰੇ ਫਿਰੋਜ਼ਪੁਰ-ਫਾਜ਼ਿਲਕਾ ਰੋਡ ’ਤੇ ਵਾਪਰਿਆ ਦਰਦਨਾਕ ਹਾਦਸਾ ਇੰਨ੍ਹਾਂ ਵਿਭਾਗਾਂ ਵੱਲੋਂ ‘ਕਿਸੇ ਖਾਸ ਕਾਰਣਾਂ ’ ਕਰਕੇ ਮੀਚੀਆਂ ਅੱਖਾਂ ਦਾ ਹੀ ਨਤੀਜਾ ਹੈ। ਇੱਕ ਮਾਲਵਾਹਕ ਪਿਕਅੱਪ, ਜਿਸ ਨੂੰ ਗੈਰ-ਕਾਨੂੰਨੀ ਤੌਰ ’ਤੇ ਵਿੱਚ ਫੱਟੇ ਲਗਾ ਕੇ ਡਬਲ-ਡੈਕਰ ਦਾ ਰੂਪ ਦਿੱਤਾ ਗਿਆ ਸੀ, ਵਿੱਚ ਕਰੀਬ 30 ਲੋਕਾਂ ਨੂੰ ਤੁੰਨ ਤੁੰਨ ਕੇ ਭਰਿਆ ਹੋਇਆ ਸੀ। ਸਾਹਮਣੇ ਤੋਂ ਆਏ ਟਰਾਲੇ ਨਾਲ ਟੱਕਰ ਨੇ ਕੁਝ ਹੀ ਸਕਿੰਟਾਂ ਵਿੱਚ ਨੌਂ ਜਣਿਆਂ ਨੂੰ ਮੌਤ ਦੇ ਮੁੰਹ ਵਿੱਚ ਭੇਜ ਦਿੱਤਾ । ਟੱਕਰ ਇੰਨੀ ਭਿਆਨਕ ਸੀ ਕਿ ਉੱਪਰਲੇ ਹਿੱਸੇ ਵਿੱਚ ਬੈਠੇ ਲੋਕ ਹਵਾ ਵਿੱਚ ਉੱਡ ਕੇ ਟਰਾਲੇ ਦੇ ਕੈਬਿਨ ਵਿੱਚ ਜਾ ਵੱਜੇ ਅਤੇ ਕਈਆਂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਹਾਲਾਂਕਿ ਮਾਮਲੇ ਵਿੱਚ ਆਰਟੀਏ ਫਿਰੋਜ਼ਪੁਰ ,ਜ਼ਿਲ੍ਹਾ ਟਰੈਫਿਕ ਪੁਲਿਸ ਅਤੇ ਹੋਰ ਵੀ ਕਈ ਲੋਕ ਜਿੰਮੇਵਾਰ ਨਜ਼ਰ ਆ ਰਹੇ ਹਨ ,ਪਰ ਪੁਲਿਸ ਵੱਲੋਂ ਹਰ ਵਾਰ ਦੀ ਤਰਾਂ ਮਾਮਲੇ ਵਿੱਚ ਟਰੱਕ ਚਾਲਕ ਦੇ ਖਿਲਾਫ ਮਾਮਲਾ ਦਰਜ ਕਰਕੇ ‘ਫਾਰਮੈਲਟੀ’ ਪੂਰੀ ਕਰ ਦਿੱਤੀ ਗਈ ਹੈ । ਫਿਰੋਜ਼ਪੁਰ-ਫਾਜ਼ਿਲਕਾ ਰੋਡ ਦਾ ਇਹ ਹਾਦਸਾ ਸਿਰਫ਼ ਇੱਕ ਸੜਕ ਹਾਦਸਾ ਨਹੀਂ, ਸਗੋਂ ਸਿਸਟਮ ਦੀ ਨਾਕਾਮੀ ਦਾ ਚਾਰਜਸ਼ੀਟ ਹੈ। ਜਦੋਂ ਤੱਕ ਮਾਲਵਾਹਕ ਵਾਹਨਾਂ ਵਿੱਚ ਸਵਾਰੀਆਂ ਢੋਣ ਵਾਲਿਆਂ, ਫਿਟਨੈੱਸ ਤੋਂ ਬਿਨਾਂ ਚੱਲ ਰਹੇ ‘ਮੁਰਦਾ ਵਾਹਨਾਂ’ ਅਤੇ ਨਿਯਮਾਂ ਦੀ ਅਣਦੇਖੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਪੰਜਾਬ ਦੀਆਂ ਸੜਕਾਂ ’ਤੇ ਅਜਿਹੇ ਸੱਥਰ ਵਿਛਦੇ ਰਹਿਣਗੇ।
ਕਿਸ ਦੀ ਸਰਪ੍ਰਸਤੀ ਹੇਠ ਸੜਕਾਂ ’ਤੇ ਮੌਤ ਵੰਡ ਰਹੇ ਹਨ ਕੰਡਮ ਤੇ ਜੁਗਾੜੂ ਵਾਹਨ
ਸਵਾਲ ਇਹ ਹੈ ਕਿ ਜਦੋਂ ਕਾਨੂੰਨ ਮਾਲਵਾਹਕ ਵਾਹਨਾਂ ਵਿੱਚ ਸਵਾਰੀਆਂ ਲਿਜਾਣ ’ਤੇ ਪਾਬੰਦੀ ਲਗਾਉਂਦਾ ਹੈ ਤਾਂ ਫਿਰ ਇਹ ਵਾਹਨ ਸੜਕਾਂ ’ਤੇ ਕਿਸ ਦੀ ਸਰਪ੍ਰਸਤੀ ਹੇਠ ਦੌੜ ਰਹੇ ਹਨ? ਕਣਕ-ਝੋਨੇ ਦੇ ਸੀਜ਼ਨ ਦੌਰਾਨ ਜਾਂ ਰੇਲਵੇ ਦੀਆਂ ਸਪੈਸ਼ਲਾਂ ਵਿੱਚ ਉਮਰ ਹੰਢਾ ਚੁੱਕੇ, ਫਿਟਨੈੱਸ ਤੋਂ ਬਿਨਾਂ ਚੱਲ ਰਹੇ ਟਰੱਕ ਅਤੇ ਪਿਕਅੱਪ ਵਾਹਨ ਸ਼ਹਿਰਾਂ ਅਤੇ ਪਿੰਡਾਂ ਵਿੱਚ ਖੁੱਲ੍ਹੇਆਮ ਦਹਿਸ਼ਤ ਫੈਲਾਉਂਦੇ ਹਨ, ਪਰ ਕਾਰਵਾਈ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਨਜ਼ਰ ਆਉਂਦੀ ਹੈ। ਇਸ ਮਾਮਲੇ ਵਿਚ ਪੁਲਿਸ ਨੇ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਬੀਤੇ ਸਾਲ ਪਿੱਕਅਪ ’ਚ ਜਾ ਰਹੇ 12 ਕਿਰਤੀਆਂ ਦੇ ਘਰਾਂ ’ਚ ਵਿਸ਼ੇ ਸਨ ਸੱਥਰ
11 ਫਰਵਰੀ 2025 ਨੂੰ ਗੁਰੂਹਰਸਹਾਏ ਨੇੜੇ ਇੱਕ ਟਾਟਾ ਮੈਜਿਕ ਮਾਲਵਾਹਕ ਗੱਡੀ ਵਿੱਚ ਸਵਾਰ ਵਿਆਹ ਸਮਾਗਮ ’ਤੇ ਜਾ ਰਹੇ 12 ਵੇਟਰਾਂ ਅਤੇ ਹਲਵਾਈਆਂ ਦੀ ਭਿਆਨਕ ਹਾਦਸੇ ਵਿੱਚ ਮੌਤ ਹੋ ਗਈ ਸੀ। ਉਸ ਵੇਲੇ ਵੀ ਸਖ਼ਤ ਕਾਰਵਾਈ ਅਤੇ ਨਿਯਮ ਲਾਗੂ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ, ਪਰ ਮਾਮਲਾ ਸਿਰਫ ਟਰੱਕ ਡਰਾਈਵਰ ਦੇ ਖਿਲਾਫ ਹੀ ਕੀਤਾ ਗਿਆ ਸੀ । ਮਾਹਿਰਾਂ ਦਾ ਕਹਿਣਾ ਹੈ ਕਿ ਮਾਲਵਾਹਕ ਵਾਹਨ ਯਾਤਰੀਆਂ ਲਈ ਬਣੇ ਹੀ ਨਹੀਂ ਹੁੰਦੇ। ਇਨ੍ਹਾਂ ਵਿੱਚ ਨਾ ਸੀਟ ਬੈਲਟ ਹੁੰਦੀ ਹੈ, ਨਾ ਸੁਰੱਖਿਆ ਉਪਕਰਨ ਅਤੇ ਨਾ ਹੀ ਐਮਰਜੈਂਸੀ ਪ੍ਰਬੰਧ। ਫਿਰ ਵੀ ਧਾਰਮਿਕ ਯਾਤਰਾਵਾਂ, ਵਿਆਹ ਸਮਾਗਮਾਂ ਅਤੇ ਸਮਾਜਿਕ ਸਮਾਗਮਾਂ ਲਈ ਇਨ੍ਹਾਂ ਦੀ ਵਰਤੋਂ ਆਮ ਬਣ ਚੁੱਕੀ ਹੈ।