ਚੰਗੇ ਮਿਆਰ ਦੀਆਂ ਫ਼ਸਲਾਂ ਦੀ ਪੈਦਾਵਾਰ ਹੋਣਾ ਬਹੁਤ ਜ਼ਰੂਰੀ : ਮੁੱਖ ਖੇਤੀਬਾੜੀ ਅਫਸਰ
ਚੰਗੀ ਕੁਆਲਟੀ ਦੀ ਪੈਦਾਵਾਰ ਸਮੇਂ ਦੀ ਲੋੜ : ਮੁੱਖ ਖੇਤੀਬਾੜੀ ਅਫਸਰ
Publish Date: Fri, 06 Feb 2026 04:06 PM (IST)
Updated Date: Fri, 06 Feb 2026 04:08 PM (IST)
ਅੰਗਰੇਜ਼ ਸਿੰਘ ਭੁੱਲਰ, ਪੰਜਾਬੀ ਜਾਗਰਣ ਫਿਰੋਜ਼ਪੁਰ : ਕਿਸਾਨਾਂ ਵੱਲੋਂ ਫਸਲਾਂ ਦੇ ਚੰਗੇ ਝਾੜ ਲਈ ਪੁਰਜ਼ੋਰ ਮਿਹਨਤ ਕੀਤੀ ਜਾ ਰਹੀ ਹੈ ਪਰ ਮੌਜ਼ੂਦਾ ਸਮੇਂ ਵਿਚ ਚੰਗੇ ਮਿਆਰ ਦੀਆਂ ਫ਼ਸਲਾਂ ਦੀ ਪੈਦਾਵਾਰ ਹੋਣਾ ਬਹੁਤ ਜ਼ਰੂਰੀ ਹੈ। ਇਸ ਮਕਸਦ ਲਈ ਡਾ. ਬਲਵਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਫ਼ਿਰੋਜ਼ਪੁਰ ਵੱਲੋਂ ਬਲਾਕ ਫ਼ਿਰੋਜ਼ਪੁਰ ਦੇ ਪਿੰਡ ਬੁੱਕਣ ਵਾਲਾ ਦੇ ਖੋਜੀ ਕਿਸਾਨ ਵਿਰਸਾ ਸਿੰਘ ਦੇ ਖੇਤਾਂ ਦਾ ਦੌਰਾ ਸਾਵਨਦੀਪ ਸ਼ਰਮਾ ਪਰੋਜੈਕਟ ਡਾਇਰੈਕਟਰ ਆਤਮਾ ਅਤੇ ਪ੍ਰਦੀਪ ਸਿੰਘ ਸਹਾਇਕ ਟੈਕਨਾਲੋਜੀ ਮੈਨੇਜਰ ਨਾਲ ਕੀਤਾ ਗਿਆ। ਕਿਸਾਨ ਵਿਰਸਾ ਸਿੰਘ ਵੱਲੋਂ ਦੱਸਿਆ ਗਿਆ ਕਿ ਉਹ ਸਾਲ 2018 ਤੋਂ ਹੀ ਆਪਣੇ ਸਾਰੇ ਖੇਤਾਂ ਵਿਚ ਝੋਨੇ ਦੀ ਸਿੱਧੀ ਬਿਜਾਈ ਕਰਦੇ ਹਨ ਅਤੇ ਹੁਣ ਵੀ ਕਣਕ ਦੀ ਬਿਜਾਈ ਆਪਣੇ ਖੇਤਾਂ ਵਿੱਚ ਪਰਾਲੀ ਨੂੰ ਖੇਤਾਂ ਵਿਚ ਵਾਹ ਕੇ ਕੀਤੀ ਹੈ। ਇਸੇ ਤਰ੍ਹਾਂ ਕਿਸਾਨ ਨੇ ਦੱਸਿਆ ਕਿ ਪਿਛਲੇ ਲੰਮੇ ਸਮੇ ਤੋਂ ਹੀ ਆਪਣੇ ਖੇਤਾਂ ਵਿੱਚ ਬਿਨਾਂ ਕੀੜੇਮਾਰ ਜ਼ਹਿਰਾਂ ਦੇ ਫਸਲਾਂ ਦੀ ਪੂਰੀ ਪੈਦਾਵਾਰ ਲੈ ਰਹੇ ਹਨ। ਮੁੱਖ ਖੇਤੀਬਾੜੀ ਅਫਸਰ ਫ਼ਿਰੋਜ਼ਪੁਰ ਡਾ. ਬਲਵਿੰਦਰ ਸਿੰਘ ਨੇ ਜ਼ਿਲ੍ਹੇ ਭਰ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਖੋਜੀ ਕਿਸਾਨ ਵਿਰਸਾ ਸਿੰਘ ਦੀ ਤਰਾਂ ਆਪਣੇ ਖੇਤਾਂ ਵਿੱਚ ਕੀੜੇਮਾਰ ਜ਼ਹਿਰਾਂ ਵਰਤਣ ਤੋਂ ਗੁਰੇਜ਼ ਕਰਨ ਜਾਂ ਫਿਰ ਸਿਰਫ ਲੋੜ ਪੈਣ ਤੇ ਹੀ ਸਿਫਾਰਸ਼ ਸ਼ੁਦਾ ਜ਼ਹਿਰਾਂ ਸਪਰੇਅ ਕੀਤੀਆਂ ਜਾਣ।