ਮਮਦੋਟ ਖੇਡ ਸਟੇਡੀਅਮ ਦੇ ਨਵੀਨੀਕਰਨ ਲਈ ਜਲਦ ਰਿਲੀਜ਼ ਹੋਵੇਗੀ ਰਾਸ਼ੀ : ਚੇਅਰਮੈਨ ਘਾਂਗਾ
ਮਮਦੋਟ ਖੇਡ ਸਟੇਡੀਅਮ ਦੇ ਨਵੀਨੀਕਰਨ ਲਈ ਜਲਦ ਹੀ ਰਾਸ਼ੀ ਰਿਲੀਜ਼ ਕੀਤੀ ਜਾਏਗੀ : ਚੇਅਰਮੈਨ ਹਰਜਿੰਦਰ ਸਿੰਘ ਘਾਂਗਾ
Publish Date: Wed, 21 Jan 2026 06:37 PM (IST)
Updated Date: Wed, 21 Jan 2026 06:39 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਮਦੋਟ : ਮਮਦੋਟ ਤੋਂ ਲੱਖੋ ਕੇ ਬਹਿਰਾਮ ਰੋਡ ਦੇ ਨਾਲ ਤੇ ਸ਼ਹੀਦ ਆਰ ਕੇ ਵਧਵਾ ਸਕੂਲ ਦੇ ਪਿੱਛੇ ਪਾਸੇ ਬਣੇ ਖੇਡ ਸਟੇਡੀਅਮ ਦਾ ਜਾਇਜ਼ਾ ਲੈਣ ਲਈ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਪਲੈਨਿੰਗ ਬੋਰਡ ਫਿਰੋਜ਼ਪੁਰ ਦੇ ਚੇਅਰਮੈਨ ਹਰਜਿੰਦਰ ਸਿੰਘ ਘਾਂਗਾ ਨੇ ਦੌਰਾ ਕੀਤਾ। ਇਸ ਮੌਕੇ ਬਲਰਾਜ ਸਿੰਘ ਸੰਧੂ ਚੇਅਰਮੈਨ ਮਾਰਕੀਟ ਕਮੇਟੀ ਮਮਦੋਟ, ਨਗਰ ਪੰਚਾਇਤ ਮਮਦੋਟ ਦੇ ਪ੍ਰਧਾਨ ਉਪਿੰਦਰ ਸਿੰਘ ਸਿੰਧੀ, ਡਾ. ਹਰਜਿੰਦਰ ਸਿੰਘ ਸਿੰਧੀ, ਕੁਲਦੀਪ ਸਿੰਘ ਸਮਰਾ ਧਾਰੇਵਾਲਾ ਅਤੇ ਐੱਮਸੀ ਸੋਨੂੰ ਸੇਠੀ ਨਾਲ ਹਾਜ਼ਰ ਸਨ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆ ਪਲੈਨਿੰਗ ਬੋਰਡ ਦੇ ਚੇਅਰਮੈਨ ਹਰਜਿੰਦਰ ਸਿੰਘ ਘਾਂਗਾ ਨੇ ਦੱਸਿਆ 2006 ਵਿਚ ਬਣੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੀ ਅੱਜ ਤੱਕ ਕਿਸੇ ਵੀ ਸਰਕਾਰ ਨੇ ਸਾਰ ਨਹੀਂ ਲਈ, ਇਸ ਮੌਜ਼ੂਦਾ ਹਾਲਤ ਬਿਲਕੁਲ ਖਸਤਾ ਹੋ ਚੁੱਕੀ ਹੈ। ਚੇਅਰਮੈਨ ਹਰਜਿੰਦਰ ਸਿੰਘ ਘਾਂਗਾ ਨੇ ਦੱਸਿਆ ਪੰਜਾਬ ਸਰਕਾਰ ਖੇਡ ਪਾਲਸੀ ਤਹਿਤ ਪਿੰਡਾ ਤੇ ਸ਼ਹਿਰਾਂ ’ਚ ਜੰਗੀ ਪੱਧਰ ਖੇਡ ਸਟੇਡੀਅਮ ਬਣਾ ਰਹੀ ਹੈ ਅਤੇ ਜਿਹੜੇ ਪਹਿਲਾ ਖੇਡ ਸਟੇਡੀਅਮ ਬਣੇ ਹੋਏ ਹਨ ਜਾਂ ਜਿਨ੍ਹਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ ਉਨ੍ਹਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਉਹਨਾ ਦੱਸਿਆ ਮਮਦੋਟ ਦੇ ਖੇਡ ਸਟੇਡੀਅਮ ਦਾ ਨਵੀਨੀਕਰਨ ਕਰਨ ਲਈ ਜ਼ਿਲਾ ਯੋਜਨਾ ਬੋਰਡ ਫਿਰੋਜ਼ਪੁਰ ਵੱਲੋਂ ਜਲਦ ਹੀ ਵਿੱਤੀ ਰਾਸ਼ੀ ਜਾਰੀ ਕੀਤੀ ਜਾਏਗੀ। ਇਸ ਮੌਕੇ ਉਨ੍ਹਾਂ ਨੇ ਨਗਰ ਪੰਚਾਇਤ ਮਮਦੋਟ ਦੇ ਪ੍ਰਧਾਨ ਉਪਿੰਦਰ ਸਿੰਘ ਸਿੰਧੀ ਨੂੰ ਕਿਹਾ ਉਹ ਖੇਡ ਸਟੇਡੀਅਮ ਸਬੰਧੀ ਜਲਦੀ ਮਤਾ ਪਾ ਕੇ ਜ਼ਿਲ੍ਹਾ ਯੋਜਨਾ ਬੋਰਡ ਨੂੰ ਭੇਜਣ ਤਾਂ ਜੋ ਨਵੀਨੀਕਰਨ ਲਈ ਰਾਸ਼ੀ ਜਾਰੀ ਕੀਤੀ ਜਾ ਸਕੇ।