ਲਾਲ ਲੈਟਰ ਬਾਕਸ ਤੋਂ ਮੋਬਾਈਲ ਤੱਕ ਕਿੱਥੇ ਗੁਆਚ ਗਏ ਸੱਚੇ ਰਿਸ਼ਤੇ
ਲਾਲ ਲੈਟਰ ਬਾਕਸ ਤੋਂ ਮੋਬਾਈਲ ਤੱਕ ਕਿੱਥੇ ਖੋ ਗਏ ਹੋ ਸੱਚੇ ਰਿਸ਼ਤੇ....?
Publish Date: Mon, 23 Mar 2026 04:02 PM (IST)
Updated Date: Mon, 23 Mar 2026 04:04 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਕਦੇ ਇੱਕ ਅਜਿਹਾ ਸਮਾਂ ਸੀ, ਜਦੋਂ ਦਿਲਾਂ ਦੇ ਅਹਿਸਾਸ ਕਾਗਜ਼ ਦੇ ਸਫ਼ਿਆਂ ’ਤੇ ਉਕੇਰੇ ਜਾਂਦੇ ਸਨ ਅਤੇ ਉਹ ਚਿੱਠੀਆਂ ਬਣ ਕੇ ਦੂਰ ਬੈਠੇ ਆਪਣੇ ਪਿਆਰਿਆਂ ਤੱਕ ਪਹੁੰਚਦੇ ਸਨ। ਨਾ ਮੋਬਾਇਲ ਫੋਨ ਦੀ ਗੂੰਜ ਸੀ ਤੇ ਨਾ ਹੀ ਇੰਟਰਨੈੱਟ ਦੀ ਦੌੜ ਰਿਸ਼ਤੇ ਸਿਰਫ਼ ਚਿੱਠੀਆਂ ਦੇ ਧਾਗੇ ਨਾਲ ਜੁੜੇ ਰਹਿੰਦੇ ਸਨ। ਪਿੰਡਾਂ ਦੇ ਡਾਕਖਾਨਿਆਂ ਦੇ ਬਾਹਰ ਖੜ੍ਹੇ ਲਾਲ ਰੰਗ ਦੇ ਲੈਟਰ ਬਾਕਸ ਉਸ ਦੌਰ ਦੀ ਖਾਮੋਸ਼ ਪਰ ਜੀਵੰਤ ਪਹਿਚਾਣ ਹੁੰਦੇ ਸਨ, ਜਿੱਥੇ ਹਰ ਚਿੱਠੀ ਇੱਕ ਉਮੀਦ ਬਣ ਕੇ ਪਾਈ ਜਾਂਦੀ ਸੀ। ਡਾਕੀਆ ਦਾ ਪਿੰਡ ਵਿਚ ਦਾਖ਼ਲ ਹੋਣਾ ਹੀ ਖੁਸ਼ੀ ਦੀ ਖੁਸ਼ਬੂ ਲਿਆਉਂਦਾ ਸੀ। ਜਦੋਂ ਉਹ ਕਿਸੇ ਦਾ ਨਾਮ ਲੈਂਦਾ, ਤਾਂ ਘਰਾਂ ਵਿਚ ਚਿਰਾਗਾਂ ਵਰਗੀ ਰੌਸ਼ਨੀ ਫੈਲ ਜਾਂਦੀ। ਉਹ ਚਿੱਠੀਆਂ ਸਿਰਫ਼ ਕਾਗਜ਼ ਨਹੀਂ, ਸਗੋਂ ਮਾਂ ਦੇ ਹੰਝੂ, ਪੁੱਤਰ ਦੀ ਯਾਦ ਅਤੇ ਦਿਲਾਂ ਦੇ ਅਣਕਹੇ ਜਜ਼ਬਾਤਾਂ ਦਾ ਖਜ਼ਾਨਾ ਹੁੰਦੀਆਂ ਸਨ। ਕਈ ਘਰਾਂ ਵਿਚ ਉਨ੍ਹਾਂ ਨੂੰ ਧਰੋਹਰ ਵਾਂਗ ਸੰਭਾਲ ਕੇ ਰੱਖਿਆ ਜਾਂਦਾ ਸੀ। ਪਰ ਸਮੇਂ ਦੇ ਨਾਲ ਟੈਲੀਫੋਨ, ਮੋਬਾਈਲ ਅਤੇ ਇੰਟਰਨੈਟ ਨੇ ਜੀਵਨ ਨੂੰ ਤੇਜ਼ ਤਾਂ ਕਰ ਦਿੱਤਾ, ਪਰ ਰਿਸ਼ਤਿਆਂ ਦੀ ਉਹ ਗਹਿਰਾਈ ਕਿਤੇ ਪਿੱਛੇ ਛੱਡ ਗਈ। ਅੱਜ ਗੱਲਾਂ ਸਕਿੰਟਾਂ ਵਿੱਚ ਹੋ ਜਾਂਦੀਆਂ ਹਨ, ਪਰ ਦਿਲਾਂ ਦੀ ਨੇੜਤਾ ਘੱਟ ਹੋ ਗਈ ਹੈ। ਚਿੱਠੀਆਂ ਲਿਖਣ ਦੀ ਉਹ ਸਬਰ ਭਰੀ ਪ੍ਰਕਿਰਿਆ ਅਤੇ ਅਹਿਸਾਸਾਂ ਦੀ ਗਰਮੀ ਹੁਣ ਕਦੇ-ਕਦੇ ਹੀ ਮਹਿਸੂਸ ਹੁੰਦੀ ਹੈ। ਅੱਜ ਵੀ ਕਿਤੇ ਖੜ੍ਹੇ ਪੁਰਾਣੇ ਲੈਟਰ ਬਾਕਸ ਸਾਨੂੰ ਉਸ ਸੁਹਾਵਣੇ ਦੌਰ ਦੀ ਯਾਦ ਦਿਵਾਉਂਦੇ ਹਨ। ਇਹ ਸਾਡਾ ਵਿਰਸਾ ਹੈ, ਜਿਸਨੂੰ ਸਾਂਭਣਾ ਅਤੇ ਅਗਲੀ ਪੀੜ੍ਹੀ ਤੱਕ ਪਹੁੰਚਾਉਣਾ ਸਾਡੀ ਜ਼ਿੰਮੇਵਾਰੀ ਹੈ। ਸਮਾਂ ਬਦਲਦਾ ਰਹੇਗਾ, ਪਰ ਚਿੱਠੀਆਂ ਵਾਲਾ ਉਹ ਜਜ਼ਬਾਤੀ ਦੌਰ ਸਦਾ ਸਾਡੀਆਂ ਯਾਦਾਂ ਵਿੱਚ ਮਹਿਕਦਾ ਰਹੇਗਾ। ਇਸ ਸਬੰਧ ਦੇ ਵਿਚ ਜ਼ੀਰਾ ਦੇ ਸਮਾਜ ਸੇਵੀਆਂ ਦੀ ਕੀ ਪ੍ਰਤੀਕਿਰਿਆ ਹੈ। ਚਿੱਠੀਆਂ ਦਿਲਾਂ ਨੂੰ ਜੋੜਨ ਵਾਲੀ ਮਿੱਠੀ ਡੋਰ : ਭੁੱਲਰ ਪ੍ਰਕਿਰਤੀ ਕਲੱਬ ਦੇ ਪ੍ਰਧਾਨ ਅਤੇ ਡਾਕ ਵਿਭਾਗ ਸੁਪਰਡੈਂਟ ਸੇਵਾ ਮੁਕਤ ਹੋਏ ਜਰਨੈਲ ਸਿੰਘ ਭੁੱਲਰ ਕਿਹਾ ਕਿ ਚਿੱਠੀਆਂ ਦਾ ਦੌਰ ਸਿਰਫ ਸੰਚਾਰ ਨਹੀਂ ਸੀ, ਇਹ ਦਿਲਾਂ ਦੇ ਰਿਸ਼ਤਿਆਂ ਦੀ ਸਭ ਤੋਂ ਮਿੱਠੀ ਡੋਰ ਸੀ ਅੱਜ ਦੇ ਤੇਜ਼ ਸਮੇਂ ਵਿਚ ਜਿੱਥੇ ਜਜ਼ਬਾਤ ਘੱਟ ਪੈ ਰਹੇ ਹਨ, ਉੱਥੇ ਚਿੱਠੀਆਂ ਸਾਨੂੰ ਸਬਰ ਪਿਆਰ ਅਤੇ ਅਸਲ ਇਨਸਾਨੀਅਤ ਦੀ ਯਾਦ ਦਵਾਉਂਦੀਆਂ ਹਨ। ਇਹ ਵਿਰਸਾ ਸਾਡੀ ਰੂਹ ਨਾਲ ਜੁੜਿਆ ਹੋਇਆ ਹੈ। ਹਰ ਸ਼ਬਦ ’ਚ ਵਸਦਾ ਸੀ ਸੱਚਾ ਪਿਆਰ : ਅਸ਼ਵਨੀ ਗੌੜ ਸੇਵਾ ਮੁਕਤ ਅਧਿਆਪਕ ਅਤੇ ਜਨ ਕਲਿਆਣ ਸੰਮਤੀ ਦੇ ਸਰਪ੍ਰਸਤ ਅਸ਼ਵਨੀ ਗੌੜ ਨੇ ਕਿਹਾ ਕਿ ਪੁਰਾਣੇ ਸਮਿਆਂ ਦੀਆਂ ਚਿੱਠੀਆਂ ਵਿਚ ਇਕ ਅਜਿਹੀ ਗਰਮੀ ਸੀ ਜੋ ਅੱਜ ਦੇ ਡਿਜੀਟਲ ਸੁਨੇਹਿਆਂ ਵਿਚ ਕਦੇ ਮਹਿਸੂਸ ਨਹੀਂ ਹੁੰਦੀ। ਹਰ ਸ਼ਬਦ ਦਿਲ ਤੋਂ ਨਿਕਲਦਾ ਸੀ ਅਤੇ ਦਿਲ ਤੱਕ ਪਹੁੰਚਦਾ ਸੀ। ਇਹ ਸਿਰਫ ਲਿਖਤ ਨਹੀਂ ਸਗੋਂ ਪਿਆਰ ਅਤੇ ਸੱਚੇ ਜਜ਼ਬਾਤਾਂ ਦੀ ਜ਼ਿੰਦਗੀ ਭਰ ਦੀ ਨਿਸ਼ਾਨੀ ਹੁੰਦੀ ਸੀ। ਚਿੱਠੀਆਂ ਸੱਭਿਆਚਾਰ ਤੇ ਰਿਸ਼ਤਿਆਂ ਦੀ ਅਸਲ ਪਛਾਣ : ਦੇਵਗਨ ਸੇਵਾ ਮੁਕਤ ਲੈਕਚਰਾਰ ਅਤੇ ਬ੍ਰਾਹਮਣ ਸੇਵਾ ਦਲ ਦੇ ਪ੍ਰਧਾਨ ਸਤੀਸ਼ ਮੋਹਨ ਦੇਵਗਨ ਚਿੱਠੀਆਂ ਸਾਡੇ ਸੱਭਿਆਚਾਰ ਦਾ ਅਨਮੋਲ ਹਿੱਸਾ ਹਨ ਜੋ ਸਾਨੂੰ ਆਪਣੇ ਮੁੱਲਾਂ ਨਾਲ ਜੋੜ ਕੇ ਰੱਖਦੀਆਂ ਹਨ। ਅੱਜ ਦੀ ਨਵੀਂ ਪੀੜੀ ਨੂੰ ਇਹ ਸਮਝਾਉਣਾ ਜ਼ਰੂਰੀ ਹੈ ਕਿ ਸੱਚੇ ਰਿਸ਼ਤੇ ਸਮਾਂ ਦੇਣ ਨਾਲ ਬਣਦੇ ਹਨ ਨਾ ਕਿ ਸਿਰਫ ਸਕਰੀਨ ਤੇ ਆਉਣ ਵਾਲੇ ਸੁਨੇਹਿਆ ਨਾਲ। ਲੈਟਰ ਬਾਕਸ ਸਾਦਗੀ ਭਰੇ ਪਿਆਰ ਦੀ ਯਾਦ : ਗਿੱਲ ਸੇਵਾ ਮੁਕਤ ਤਹਿਸੀਲਦਾਰ ਅਤੇ ਸਹਾਰਾ ਕਲੱਬ ਜ਼ੀਰਾ ਦੇ ਪ੍ਰਧਾਨ ਗੁਰਤੇਜ ਸਿੰਘ ਗਿੱਲ ਨੇ ਕਿਹਾ ਕਿ ਲਾਲ ਲੈਟਰ ਬਾਕਸ ਅਤੇ ਡਾਕੀਆ ਦੀ ਉਡੀਕ ਇਹ ਸਭ ਯਾਦਾਂ ਅੱਜ ਵੀ ਦਿਲ ਨੂੰ ਛੂ ਜਾਂਦੀਆਂ ਹਨ ਉਹ ਸਮਾਂ ਸਾਦਗੀ ਅਤੇ ਸੱਚੇ ਪਿਆਰ ਨਾਲ ਭਰਿਆ ਹੋਇਆ ਸੀ। ਸਾਡੀ ਸਭ ਦੀ ਜ਼ਿੰਮੇਵਾਰੀ ਹੈ ਕਿ ਇਸ ਸੁਹਾਵਣੇ ਵਿਰਸੇ ਨੂੰ ਸੰਭਾਲ ਕੇ ਅਗਲੀ ਪੀੜੀ ਤੱਕ ਪਹੁੰਚਾਈਏ।