ਆਰ.ਐੱਸ.ਡੀ. ਰਾਜ ਰਤਨ ਪਬਲਿਕ ਸਕੂਲ ਵਿਖੇ ਮੈਡੀਕਲ ਕੈਂਪ ਲਗਾਇਆ
ਆਰ.ਐੱਸ.ਡੀ. ਰਾਜ ਰਤਨ ਪਬਲਿਕ ਸਕੂਲ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ
Publish Date: Mon, 23 Mar 2026 05:40 PM (IST)
Updated Date: Mon, 23 Mar 2026 05:43 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਆਰ.ਐੱਸ.ਡੀ. ਕਾਲਜ ਟਰਸਟ ਅਤੇ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ ਆਯੋਜਿਤ 9ਵਾਂ ਮੁਫ਼ਤ ਮੈਡੀਕਲ ਕੈਂਪ ਸਫਲਤਾਪੂਰਵਕ ਸੰਪੰਨ ਹੋਇਆ। ਇਸ ਕੈਂਪ ਦੌਰਾਨ ਸੈਂਕੜੇ ਲੋਕਾਂ ਨੇ ਵੱਖ-ਵੱਖ ਸਿਹਤ ਸੇਵਾਵਾਂ ਦਾ ਲਾਭ ਉਠਾਇਆ। ਕੈਂਪ ਵਿੱਚ ਵੱਖ-ਵੱਖ ਖੇਤਰਾਂ ਦੇ ਤਜ਼ਰਬੇਕਾਰ ਡਾਕਟਰਾਂ ਨੇ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ। ਡਾ. ਜੀ.ਐੱਸ. ਵਾਂਡਰ (ਦਿਲ ਦੇ ਰੋਗਾਂ ਦੇ ਮਾਹਿਰ) ਅਤੇ ਉਨ੍ਹਾਂ ਦੀ ਟੀਮ ਨੇ ਦਿਲ ਨਾਲ ਸਬੰਧਤ ਬਿਮਾਰੀਆਂ ਦੀ ਜਾਂਚ ਕੀਤੀ ਅਤੇ ਮਰੀਜ਼ਾਂ ਨੂੰ ਸਲਾਹ ਦਿੱਤੀ। ਡਾ. ਸੁਮਨ ਪੁਰੀ, ਡਾ. ਹੀਨਾ ਅਤੇ ਡਾ. ਲਿਪਾਕਸ਼ੀ (ਇਸਤਰੀ ਰੋਗ ਮਾਹਿਰ) ਨੇ ਔਰਤਾਂ ਦੀਆਂ ਸਿਹਤ ਸਮੱਸਿਆਵਾਂ ਬਾਰੇ ਮਾਰਗਦਰਸ਼ਨ ਕੀਤਾ। ਕੈਂਪ ਵਿੱਚ ਔਰਤਾਂ ਲਈ ਮੈਮੋਗ੍ਰਾਫੀ ਦੀ ਵਿਸ਼ੇਸ਼ ਸਹੂਲਤ ਵੀ ਮੁਹੱਈਆ ਕਰਵਾਈ ਗਈ, ਤਾਂ ਜੋ ਛਾਤੀ ਦੇ ਕੈਂਸਰ ਦੀ ਸਮੇਂ ਸਿਰ ਪਛਾਣ ਕੀਤੀ ਜਾ ਸਕੇ। ਇਸ ਤੋਂ ਇਲਾਵਾ ਡਾ. ਈਸ਼ਾ (ਹਾਰਮੋਨ ਅਤੇ ਸ਼ੂਗਰ ਰੋਗ ਮਾਹਿਰ) ਨੇ ਜੀਵਨਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਬਾਰੇ ਅਹਿਮ ਜਾਣਕਾਰੀ ਦਿੱਤੀ। ਡਾ. ਸੰਦੀਪ ਪੁਰੀ (ਜਨਰਲ ਬਿਮਾਰੀਆਂ ਦੇ ਮਾਹਿਰ) ਨੇ ਆਮ ਬਿਮਾਰੀਆਂ ਦੀ ਜਾਂਚ ਅਤੇ ਇਲਾਜ ਕੀਤਾ। ਡਾ. ਸੁਖਜੋਤ ਕੌਰ, ਡਾ. ਅਨੀਸ਼ਾ ਪੁਰੀ ਅਤੇ ਡਾ. ਲਵਿਸ਼ ਸਿੰਗਲਾ (ਚਮੜੀ ਦੇ ਰੋਗਾਂ ਦੇ ਮਾਹਿਰ) ਨੇ ਚਮੜੀ ਦੀਆਂ ਸਮੱਸਿਆਵਾਂ ਲਈ ਆਪਣੀਆਂ ਸੇਵਾਵਾਂ ਦਿੱਤੀਆਂ। ਡਾ. ਆਰ.ਐੱਲ. ਤਨੇਜਾ ਅਤੇ ਡਾ. ਹਰਸ਼ਾ ਭੋਲਾ (ਸਰਜਨ) ਨੇ ਸਰਜਰੀ ਨਾਲ ਸਬੰਧਤ ਸਲਾਹ ਮਸ਼ਵਰਾ ਦਿੱਤਾ। ਡਾ. ਹਰਪ੍ਰੀਤ ਕੌਰ (ਡਾਈਟੀਸ਼ੀਅਨ) ਨੇ ਸੰਤੁਲਿਤ ਖ਼ੁਰਾਕ ਅਤੇ ਤੰਦਰੁਸਤ ਜੀਵਨਸ਼ੈਲੀ ਦੇ ਮਹੱਤਵ ’ਤੇ ਚਾਨਣਾ ਪਾਇਆ। ਇਸ ਮੌਕੇ ਡਾ. ਸ਼ੁਭਮ, ਡਾ. ਪ੍ਰਵੀਨ ਧੀਂਗੜਾ ਅਤੇ ਡਾ. ਭਾਵਨਾ ਸ਼ਰਮਾ ਤੇ ਉਨ੍ਹਾਂ ਦੀਆਂ ਟੀਮਾਂ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ। ਕੈਂਪ ਦੇ ਸਫਲ ਆਯੋਜਨ ਵਿੱਚ ਡੀ.ਐੱਮ.ਸੀ. ਲੁਧਿਆਣਾ ਦੇ ਸਟਾਫ ਅਤੇ ਸਹਿਯੋਗੀਆਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ, ਜਿਨ੍ਹਾਂ ਦੀ ਨਿਰਸਵਾਰਥ ਸੇਵਾ ਸ਼ਲਾਘਾਯੋਗ ਰਹੀ। ਪ੍ਰੋਗਰਾਮ ਦੌਰਾਨ ਬੁਲਾਰਿਆਂ ਨੇ ਕਿਹਾ ਨਿਰਸਵਾਰਥ ਸੇਵਾ ਹੀ ਸੱਚੀ ਮਾਨਵਤਾ ਦੀ ਪਛਾਣ ਹੈ। ਸਕੂਲ ਦੇ ਪ੍ਰਧਾਨ ਅਤੇ ਐੱਸ.ਸੀ. ਸਾਂਵਲਕਾ, ਸਕੱਤਰ ਅਤੇ ਰਜਨੀਸ਼ ਸਾਂਵਲਕਾ, ਪ੍ਰਬੰਧਕੀ ਕਮੇਟੀ ਮੈਂਬਰ ਪੰਡਿਤ ਸਤੀਸ਼ ਸ਼ਰਮਾ, ਨਿਰਦੇਸ਼ਕ ਐੱਸ.ਪੀ. ਆਨੰਦ, ਪ੍ਰਿੰਸੀਪਲ ਡਾ. ਪ੍ਰਵੀਨ ਆਲ ਅਤੇ ਆਰ.ਐੱਸ.ਡੀ. ਕਾਲਜ ਦੀ ਪ੍ਰਿੰਸੀਪਲ ਡਾ. ਅਰਾਧਨਾ ਨੇ ਸਾਰੇ ਡਾਕਟਰਾਂ, ਸਹਿਯੋਗੀਆਂ ਅਤੇ ਹਾਜ਼ਰ ਲੋਕਾਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਭਰੋਸਾ ਜਤਾਇਆ ਕਿ ਭਵਿੱਖ ਵਿੱਚ ਵੀ ਅਜਿਹੇ ਮੁਫ਼ਤ ਮੈਡੀਕਲ ਕੈਂਪਾਂ ਰਾਹੀਂ ਸਮਾਜ ਦੇ ਲੋੜਵੰਦ ਲੋਕਾਂ ਤੱਕ ਸਿਹਤ ਸੇਵਾਵਾਂ ਪਹੁੰਚਾਉਣ ਦੀ ਇਹ ਮੁਹਿੰਮ ਨਿਰੰਤਰ ਜਾਰੀ ਰਹੇਗੀ।