ਅੱਗ ਲੱਗਣ ਸਮੇਂ ਫਾਇਰ ਕੰਟਰੋਲ ਅਤੇ ਫਾਇਰ ਸੇਫ਼ਟੀ ਦੇ ਤਰੀਕਿਆਂ ਬਾਰੇ ਡੈਮੋ ਦੇ ਕੇ ਸਮਝਾਇਆ
ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਫ਼ਿਰੋਜ਼ਪੁਰ ਵਿਚ ਸਿਵਲ ਡਿਫੈਂਸ ਟਰੇਨਿੰਗ ਦਾ ਚੌਥਾ ਦਿਨ
Publish Date: Mon, 19 Jan 2026 04:13 PM (IST)
Updated Date: Mon, 19 Jan 2026 04:15 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਫ਼ਿਰੋਜ਼ਪੁਰ ਵਿਚ ਸਿਵਲ ਡਿਫੈਂਸ ਟਰੇਨਿੰਗ ਪ੍ਰੋਗਰਾਮ ਵਿਚ ਸਿਵਲ ਡਿਫੈਂਸ ਟਰੇਨਿੰਗ ਪ੍ਰੋਗਰਾਮ ਦੇ ਚੌਥੇ ਦਿਨ ਐੱਨਡੀਆਰਐੱਫ ਦੀ ਟੀਮ ਵੱਲੋਂ ਵਿਸ਼ੇਸ਼ ਤੌਰ ’ਤੇ ਵਿਜਿਟ ਕੀਤਾ ਗਿਆ। ਇਸ ਮੌਕੇ ਐੱਨਡੀਆਰਐੱਫ ਦੀ ਟੀਮ ਨੇ ਵਿਦਿਆਰਥੀਆਂ ਅਤੇ ਸਟਾਫ ਨੂੰ ਆਫ਼ਤਾਂ ਦੌਰਾਨ ਸੁਰੱਖਿਆ ਉਪਾਅ ਬਾਰੇ ਜਾਣਕਾਰੀ ਦਿੱਤੀ। ਟੀਮ ਵੱਲੋਂ ਖਾਸ ਤੌਰ ’ਤੇ ਅੱਗ ਲੱਗਣ ਸਮੇਂ ਫਾਇਰ ਕੰਟਰੋਲ ਅਤੇ ਫਾਇਰ ਸੇਫ਼ਟੀ ਦੇ ਤਰੀਕਿਆਂ ਬਾਰੇ ਡੈਮੋ ਦੇ ਕੇ ਸਮਝਾਇਆ ਗਿਆ। ਅੱਗ ’ਤੇ ਕਾਬੂ ਪਾਉਣ ਲਈ ਵਰਤੇ ਜਾਣ ਵਾਲੇ ਔਜਾਰ, ਅੱਗ ਬੁਝਾਉਣ ਵਾਲਾ ਸਿਲੰਡਰ, ਪਾਣੀ ਵਾਲਾ ਫਾਇਰ ਸਿਲੰਡਰ, ਫੋਮ ਵਾਲਾ ਫਾਇਰ ਸਿਲੰਡਰ, ਕਾਰਬਨ ਡਾਇਆਕਸਾਈਡ ਫਾਇਰ ਸਿਲੰਡਰ ਅਤੇ ਸੁੱਕਾ ਪਾਊਡਰ ਫਾਇਰ ਸਿਲੰਡਰ ਫਾਇਰ ਏਕਸਟਿੰਗਵਿਸ਼ਰ ਦੀ ਸਹੀ ਵਰਤੋਂ ਅਤੇ ਐਮਰਜੈਂਸੀ ਸਥਿਤੀ ਵਿਚ ਤੁਰੰਤ ਕੀਤੇ ਜਾਣ ਵਾਲੇ ਕਦਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਇਸ ਨਾਲ ਵਿਦਿਆਰਥੀਆਂ ਵਿਚ ਸੁਰੱਖਿਆ ਪ੍ਰਤੀ ਜਾਗਰੂਕਤਾ ਵਧੀ। ਇਸ ਦੌਰਾਨ ਧਰਮਪਾਲ ਬਾਂਸਲ (ਚੇਅਰਮੈਨ ਹਾਰਮਨੀ ਵਨਿਅਮ, ਹਾਰਮਨੀ ਆਯੂਰਵੈਦਿਕ ਕਾਲਜ ਅਤੇ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ) ਵੱਲੋਂ ਖਾਸ ਤੌਰ ’ਤੇ ਐੱਨਡੀਆਰਐੱਫ ਦੀ ਟੀਮ ਨਾਲ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਦੇ ਸਿਵਲ ਡਿਫੈਂਸ ਖੇਤਰ ਵਿਚ ਕੀਤੇ ਜਾ ਰਹੇ ਯਤਨਾਂ ਦੀ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਟਰੇਨਿੰਗ ਪ੍ਰੋਗਰਾਮ ਨੌਜਵਾਨਾਂ ਨੂੰ ਆਫ਼ਤਾਂ ਦਾ ਸਾਹਮਣਾ ਕਰਨ ਲਈ ਤਿਆਰ ਕਰਦੇ ਹਨ ਅਤੇ ਸਮਾਜ ਲਈ ਬਹੁਤ ਲਾਭਦਾਇਕ ਸਾਬਤ ਹੁੰਦੇ ਹਨ। ਪ੍ਰੋਗਰਾਮ ਦੌਰਾਨ ਅਸ਼ੀਸ਼ ਗੁਪਤਾ, ਪਰਮਿੰਦਰ ਸਿੰਘ ਬਾਠ ਅਤੇ ਗੁਰਲਵਦੀਪ ਸਿੰਘ ਗਰੇਵਾਲ ਵੱਲੋਂ ਪ੍ਰੈਕਟੀਕਲ ਟਰੇਨਿੰਗ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹਕੀਕਤੀ ਸਥਿਤੀਆਂ ਵਿਚ ਸਹੀ ਫ਼ੈਸਲੇ ਲੈਣ ਅਤੇ ਟੀਮ ਵਰਕ ਦੀ ਮਹੱਤਤਾ ਬਾਰੇ ਸਮਝਾਇਆ। ਕਾਲਜ ਪ੍ਰਸ਼ਾਸਨ ਵੱਲੋਂ ਦੱਸਿਆ ਗਿਆ ਕਿ ਸਿਵਲ ਡਿਫੈਂਸ ਟਰੇਨਿੰਗ ਪ੍ਰੋਗਰਾਮ ਬਹੁਤ ਹੀ ਸੁਚੱਜੇ ਢੰਗ ਨਾਲ ਚੱਲ ਰਿਹਾ ਹੈ, ਕਾਲਜ ਗਰਾਊਂਡ ਵਿਚ ਇਸ ਟਰੇਨਿੰਗ ਦੌਰਾਨ ਵਿਦਿਆਰਥੀਆਂ ਨੂੰ ਮੌਕ ਡ੍ਰਿਲ ਰਾਹੀਂ ਅਸਲੀ ਹਾਲਾਤਾਂ ਦਾ ਅਨੁਭਵ ਕਰਵਾਇਆ ਗਿਆ। ਐੱਨਡੀਆਰਐੱਫ ਦੀ ਟੀਮ ਨੇ ਦੱਸਿਆ ਕਿ ਕਿਸੇ ਵੀ ਅਚਾਨਕ ਆਫ਼ਤ ਸਮੇਂ ਘਬਰਾਉਣ ਦੀ ਬਜਾਏ ਸ਼ਾਂਤ ਰਹਿ ਕੇ ਸਥਿਤੀ ਨੂੰ ਸੰਭਾਲਣਾ ਸਭ ਤੋਂ ਜ਼ਰੂਰੀ ਹੁੰਦਾ ਹੈ। ਉਨ੍ਹਾਂ ਨੇ ਭੂਚਾਲ, ਅੱਗ ਲੱਗਣ, ਗੈਸ ਲੀਕੇਜ ਅਤੇ ਹੋਰ ਐਮਰਜੈਂਸੀ ਹਾਲਾਤਾਂ ਦੌਰਾਨ ਲੋਕਾਂ ਦੀ ਜਾਨ ਬਚਾਉਣ ਦੇ ਤਰੀਕੇ ਵੀ ਸਮਝਾਏ। ਵਿਦਿਆਰਥੀਆਂ ਨੇ ਇਸ ਟਰੇਨਿੰਗ ਵਿਚ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਸਵਾਲ ਪੁੱਛ ਕੇ ਆਪਣੀਆਂ ਸ਼ੰਕਾਵਾਂ ਦਾ ਨਿਵਾਰਣ ਕੀਤਾ। ਟਰੇਨਿੰਗ ਦੌਰਾਨ ਸਿਖਾਈਆਂ ਗਈਆਂ ਗੱਲਾਂ ਨੂੰ ਵਿਦਿਆਰਥੀਆਂ ਨੇ ਬਹੁਤ ਹੀ ਲਾਭਕਾਰੀ ਦੱਸਿਆ ਅਤੇ ਕਿਹਾ ਕਿ ਇਹ ਜਾਣਕਾਰੀ ਭਵਿੱਖ ਵਿਚ ਨਰਸਿੰਗ ਦੇ ਪੇਸ਼ੇ ਨਾਲ ਨਾਲ ਸਮਾਜ ਸੇਵਾ ਵਿਚ ਵੀ ਮੱਦਦਗਾਰ ਸਾਬਤ ਹੋਵੇਗੀ। ਕਾਲਜ ਦੇ ਅਧਿਆਪਕਾਂ ਅਤੇ ਪ੍ਰਸ਼ਾਸਨਿਕ ਸਟਾਫ ਵੱਲੋਂ ਵੀ ਇਸ ਪ੍ਰੋਗਰਾਮ ਦੀ ਭਰਪੂਰ ਪ੍ਰਸੰਸਾ ਕੀਤੀ ਗਈ। ਉਨ੍ਹਾਂ ਕਿਹਾ ਕਿ ਐੱਨਡੀਆਰਐੱਫ ਵਰਗੀ ਸੰਸਥਾ ਵੱਲੋਂ ਦਿੱਤੀ ਗਈ ਪ੍ਰੈਕਟੀਕਲ ਟਰੇਨਿੰਗ ਨਾਲ ਵਿਦਿਆਰਥੀਆਂ ਦੀ ਕਾਬਲੀਅਤ ਵਿਚ ਵਾਧਾ ਹੁੰਦਾ ਹੈ। ਅੰਤ ਵਿਚ ਐੱਨਡੀਆਰਐੱਫ ਦੀ ਟੀਮ ਦਾ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਿਚ ਵੀ ਅਜਿਹੇ ਟਰੇਨਿੰਗ ਪ੍ਰੋਗਰਾਮ ਕਰਵਾਉਣ ਦੀ ਅਪੀਲ ਕੀਤੀ ਗਈ। ਜਿਸ ਨਾਲ ਵਿਦਿਆਰਥੀਆਂ ਵਿਚ ਆਤਮਵਿਸ਼ਵਾਸ ਅਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਹੋ ਰਹੀ ਹੈ।