ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਸਿਵਲ ਹਸਪਤਾਲ ਦਾ ਕੀਤਾ ਦੌਰਾ
ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਸਿਵਲ ਹਸਪਤਾਲ ਦਾ ਕੀਤਾ ਦੌਰਾ
Publish Date: Mon, 23 Feb 2026 06:46 PM (IST)
Updated Date: Mon, 23 Feb 2026 06:49 PM (IST)

ਅੰਗਰੇਜ਼ ਭੁੱਲਰ, ਪੰਜਾਬੀ ਜਾਗਰਣ ਫਿਰੋਜ਼ਪੁਰ : ਸੋਮਵਾਰ ਨੂੰ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਨਗਰ ਕੌਂਸਲ ਪ੍ਰਧਾਨ ਰਿੰਕੂ ਗਰੋਵਰ ਨੂੰ ਨਾਲ ਲੈ ਕੇ ਸਿਵਲ ਹਸਪਤਾਲ ਫਿਰੋਜ਼ਪੁਰ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਹਸਪਤਾਲ ਦੇ ਐਮਰਜੈਂਸੀ ਵਾਰਡ, ਜਨਰਲ ਵਾਰਡ, ਟੀ.ਬੀ. ਵਾਰਡ ਅਤੇ ਜੱਚਾ-ਬੱਚਾ ਵਾਰਡ ਵਿਚ ਜਾ ਕੇ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ ਅਤੇ ਉਨ੍ਹਾਂ ਨੂੰ ਮਿਲ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਐੱਸਐੱਮਓ ਡਾਕਟਰ ਨਿਖਿਲ ਗੁਪਤਾ, ਡਾਕਟਰ ਜਤਿੰਦਰ ਕੋਛੜ ਅਤੇ ਇਸਤਰੀ ਰੋਗਾਂ ਦੇ ਮਾਹਿਰ ਡਾਕਟਰ ਰਿਚਾ ਧਵਨ ਦੀ ਮੌਜ਼ੂਦਗੀ ਵਿਚ ਸਾਬਕਾ ਵਿਧਾਇਕ ਪਿੰਕੀ ਨੇ ਪੰਜ ਨਵ-ਜੰਮੀਆਂ ਬੱਚੀਆਂ ਅਤੇ ਚਾਰ ਨਵ-ਜੰਮੇ ਬੱਚਿਆਂ ਦੀਆਂ ਮਾਵਾਂ ਨੂੰ ਚੰਗੀ ਖੁਰਾਕ ਲਈ 500-500 ਰੁਪਏ ਦੀ ਨਗਦ ਰਾਸ਼ੀ ਵੰਡੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਨੇ ਕਿਹਾ ਕਿ ਮੌਜ਼ੂਦਾ ਸਰਕਾਰ ਦੇ ਸਾਰੇ ਦਾਅਵੇ ਸਿਰਫ਼ ਇਸ਼ਤਿਹਾਰਾਂ ਤੱਕ ਹੀ ਸੀਮਤ ਹਨ ਅਤੇ ਹਕੀਕਤ ਵਿਚ ਇਹ ਖੋਖਲੇ ਸਾਬਤ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿਚ ਹਰ ਪਾਸੇ ਗੰਦਗੀ, ਸੀਵਰੇਜ ਜਾਮ ਦੀ ਸਮੱਸਿਆ ਅਤੇ ਪੀਣ ਵਾਲੇ ਪਾਣੀ ਦੀ ਭਾਰੀ ਕਿੱਲਤ ਪਾਈ ਗਈ ਹੈ। ਜੱਚਾ-ਬੱਚਾ ਵਾਰਡ ਦੀ ਹਾਲਤ ਇੰਨੀ ਮਾੜੀ ਹੈ ਕਿ ਇੱਕ-ਇੱਕ ਬੈੱਡ ’ਤੇ ਦੋ-ਦੋ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਕੇਂਦਰ ਸਰਕਾਰ ਤੋਂ ਐੱਨਆਰਐੱਚਐੱਮ ਤਹਿਤ ਜੱਚਾ-ਬੱਚਾ ਵਾਰਡ ਲਈ 12.50 ਕਰੋੜ ਰੁਪਏ ਦੀ ਗ੍ਰਾਂਟ ਲੈ ਕੇ ਆਏ ਸੀ, ਪਰ ਅਜੇ ਤੱਕ ਇਹ ਵਾਰਡ ਆਧੁਨਿਕ ਤਕਨੀਕ ਨਾਲ ਤਿਆਰ ਨਹੀਂ ਹੋ ਸਕਿਆ। ਸਰਕਾਰ ਆਪਣੀ ਨਾਕਾਮੀ ਛੁਪਾ ਰਹੀ ਹੈ ਅਤੇ 10 ਲੱਖ ਰੁਪਏ ਵਾਲੇ ਸਿਹਤ ਕਾਰਡ ਵੀ ਸਿਰਫ਼ ਕਾਗਜ਼ਾਂ ਤੱਕ ਸੀਮਤ ਹਨ, ਜਿਨ੍ਹਾਂ ਦਾ ਲੋਕਾਂ ਨੂੰ ਕੋਈ ਫਾਇਦਾ ਨਹੀਂ ਮਿਲ ਰਿਹਾ।ਇਸ ਮੌਕੇ ਐਡਵੋਕੇਟ ਰਜਨੀਸ਼ ਸੋਢੀ, ਰਿਸ਼ੀ ਸ਼ਰਮਾ, ਕਾਂਗਰਸ ਯੂਥ ਜ਼ਿਲ੍ਹਾ ਪ੍ਰਧਾਨ ਯਕੂਬ ਭੱਟੀ, ਵਿਜੇ ਗੋਰੀਆ, ਸਰਵਨ ਸਿੰਘ ਨੰਬਰਦਾਰ, ਰਾਜੂ ਚਿੰਗਿਆੜਾ, ਕਿਸਾਨ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਗੁਰਨੈਬ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਮੌਜੂਦ ਸਨ।