ਵਿਸਾਖੀ ’ਤੇ ਮੰਡੀਆਂ ’ਚ ਰੁਲਦਾ ਰਿਹਾ ਅੰਨਦਾਤਾ
ਵਿਸਾਖੀ ’ਤੇ ਮੰਡੀਆਂ ਵਿਚ ਰੁਲਦਾ ਰਿਹਾ ਅੰਨਦਾਤਾ
Publish Date: Tue, 14 Apr 2026 03:36 PM (IST)
Updated Date: Wed, 15 Apr 2026 04:00 AM (IST)

ਮੁੱਖ ਮੰਤਰੀ ਤੁਰੰਤ ਮੰਡੀਆਂ ’ਚ ਕਣਕ ਦੀ ਖਰੀਦ ਸ਼ੁਰੂ ਕਰਵਾਉਣ : ਜ਼ੀਰਾ ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ : ਅੱਜ ਜ਼ੀਰਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਵਿਸਾਖੀ ਦੇ ਪਵਿੱਤਰ ਤਿਉਹਾਰ ਮੌਕੇ ਜਿੱਥੇ ਪੂਰਾ ਪੰਜਾਬ ਖੁਸ਼ੀਆਂ ਮਨਾਉਣ ਵਿਚ ਰੁਝਿਆ ਹੋਇਆ ਹੈ, ਉੱਥੇ ਮੰਡੀਆਂ ਵਿਚ ਅੰਨਦਾਤਾ ਪ੍ਰੇਸ਼ਾਨ ਹੋਇਆ ਰੁਲਦਾ ਨਜਰ ਆਇਆ। ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਮਿਤੀ 1 ਅਪ੍ਰੈਲ 2026 ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਨ ਦੇ ਐਲਾਨਾਂ ਦੇ ਬਾਵਜੂਦ ਅਜੇ ਤੱਕ ਜ਼ਮੀਨੀ ਹਕੀਕਤ ਵਿਚ ਕੋਈ ਸੱਚਾਈ ਨਹੀਂ ਦਿਖਾਈ ਦੇ ਰਹੀ। ਉਨ੍ਹਾਂ ਕਿਹਾ ਕਿ ਅੱਜ ਵਿਸਾਖੀ ਦੇ ਦਿਹਾੜੇ ’ਤੇ ਸਰਕਾਰ ਦੇ ਨੁਮਾਇੰਦੇ ਵਧਾਈਆਂ ਤਾਂ ਦੇ ਰਹੇ ਹਨ, ਪਰ ਮੰਡੀਆਂ ਵਿਚ ਆਪਣੀ ਸੋਨੇ ਵਰਗੀ ਫਸਲ ਲੈ ਕੇ ਪਹੁੰਚੇ ਕਿਸਾਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਜ਼ੀਰਾ ਨੇ ਕਿਹਾ ਕਿ ਮੰਡੀਆਂ ਵਿੱਚ ਖਰੀਦ ਪ੍ਰਕਿਰਿਆ ਸ਼ੁਰੂ ਨਾ ਹੋਣ ਕਾਰਨ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਹ ਦਿਨ-ਰਾਤ ਆਪਣੀ ਫਸਲ ਦੀ ਰਾਖੀ ਕਰਨ ਲਈ ਮਜ਼ਬੂਰ ਹਨ। ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਅੰਨਦਾਤਾ ਕਿਸਾਨ ਹੀ ਦੇਸ਼ ਦੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹਨ,ਪਰ ਅੱਜ ਉਹੀ ਕਿਸਾਨ ਸਰਕਾਰੀ ਲਾਪਰਵਾਹੀ ਦਾ ਸ਼ਿਕਾਰ ਹੋ ਰਹੇ ਹਨ । ਉਨ੍ਹਾਂ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਕਿ ਤੁਰੰਤ ਮੰਡੀਆਂ ਵਿੱਚ ਕਣਕ ਦੀ ਖਰੀਦ ਸ਼ੁਰੂ ਕਰਵਾਈ ਜਾਵੇ, ਤਾਂ ਜੋ ਕਿਸਾਨ ਵੀ ਆਪਣੇ ਪਰਿਵਾਰਾਂ ਨਾਲ ਵਿਸਾਖੀ ਦੇ ਇਸ ਪਵਿੱਤਰ ਤਿਉਹਾਰ ਨੂੰ ਖੁਸ਼ੀ-ਖੁਸ਼ੀ ਮਨਾ ਸਕਣ।