ਚੀਫ਼ ਸੈਕਟਰੀ ਦੇ ਭਰੋਸੇ ਤੋਂ ਬਾਅਦ ਹਰੀਕੇ ਹੈਡਵਰਕਸ ’ਤੇ ਹੜ੍ਹ ਪੀੜਤ ਕਿਸਾਨਾਂ ਦਾ ਮੋਰਚਾ ਸਮਾਪਤ
ਚੀਫ਼ ਸੈਕਟਰੀ ਦੇ ਭਰੋਸੇ ਤੋਂ ਬਾਅਦ ਹਰੀਕੇ ਹੈਡਵਰਕਸ ’ਤੇ ਹੜ੍ਹ ਪੀੜਤ ਕਿਸਾਨਾਂ ਦਾ ਮੋਰਚਾ ਸਮਾਪਤ
Publish Date: Sat, 31 Jan 2026 03:50 PM (IST)
Updated Date: Sat, 31 Jan 2026 03:52 PM (IST)

ਪਿੱਪਲ ਸਿੰਘ ਭੁੱਲਰ, ਪੰਜਾਬੀ ਜਾਗਰਣ ਫਿਰੋਜ਼ਪੁਰ : ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਵੱਲੋਂ ਪਿਛਲੇ ਇਕ ਮਹੀਨੇ ਤੋਂ ਹਰੀਕੇ ਹੈੱਡਵਰਕਸ (ਜ਼ਿਲ੍ਹਾ ਫਿਰੋਜ਼ਪੁਰ) ਵਾਲੀ ਸਾਈਡ ’ਤੇ ਲਾਇਆ ਗਿਆ ਕਿਸਾਨ ਮੋਰਚਾ ਅੱਜ ਸਮਾਪਤ ਕਰ ਦਿੱਤਾ ਗਿਆ। ਇਹ ਫ਼ੈਸਲਾ ਪੰਜਾਬ ਦੇ ਚੀਫ਼ ਸੈਕਟਰੀ ਵੱਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਲਿਆ ਗਿਆ, ਜਿਸ ਅਨੁਸਾਰ 15 ਫ਼ਰਵਰੀ ਤੱਕ ਹੜ੍ਹ ਪੀੜਤ ਕਿਸਾਨਾਂ ਦੇ ਖਾਤਿਆਂ ਵਿਚ ਮੁਆਵਜ਼ੇ ਦੀ ਰਕਮ ਪਾ ਦਿੱਤੀ ਜਾਵੇਗੀ ਅਤੇ ਬਾਕੀ ਮੰਗਾਂ ’ਤੇ 24 ਫਰਵਰੀ ਤੱਕ ਵਿਚਾਰ ਕੀਤਾ ਜਾਵੇਗਾ ਜਲਦੀ ਹੀ ਮੁੜ ਗੱਲਬਾਤ ਕਰਕੇ ਹੱਲ ਕੱਢਿਆ ਜਾਵੇਗਾ। ਕੜਾਕੇ ਦੀ ਠੰਡ ਦੇ ਬਾਵਜੂਦ ਕਿਸਾਨ ਲੰਬੇ ਸਮੇਂ ਤੋਂ ਧਰਨੇ ’ਤੇ ਬੈਠੇ ਹੋਏ ਸਨ। ਇਸ ਦੌਰਾਨ ਰੋਜਾਨਾ 10 ਕਿਸਾਨਾਂ ਵੱਲੋਂ ਭੁੱਖ ਹੜਤਾਲ ਵੀ ਸ਼ੁਰੂ ਕੀਤੀ ਗਈ ਸੀ, ਜਿਸ ਕਾਰਨ ਪ੍ਰਸ਼ਾਸਨ ’ਤੇ ਦਬਾਅ ਵਧ ਗਿਆ ਸੀ। ਸਰਕਾਰ ਦੇ ਭਰੋਸੇ ਨੂੰ ਧਿਆਨ ਵਿੱਚ ਰੱਖਦਿਆਂ ਸੰਘਰਸ਼ ਕਮੇਟੀ ਵੱਲੋਂ ਫਿਲਹਾਲ ਮੋਰਚਾ ਸਮਾਪਤ ਕਰਨ ਦਾ ਐਲਾਨ ਕੀਤਾ ਗਿਆ।ਹੜ੍ਹ ਪੀੜਤ ਕਿਸਾਨ ਯੂਨੀਅਨ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਆਹਲੂਵਾਲੀਆ ਜਸਵਿੰਦਰ ਸਿੰਘ ਮੀਤ ਪ੍ਰਧਾਨ ਸੁਖਵੰਤ ਸਿੰਘ ਖਜ਼ਾਨਚੀ, ਕੇਵਲ ਸਿੰਘ, ਸੂਬਾ ਲੀਡਰ, ਗੁਰਜੀਤ ਸਿੰਘ, ਕੁਲਦੀਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਲ 2025 ਦੀ ਹੜ੍ਹ ਦੌਰਾਨ ਸੈਂਕੜੇ ਏਕੜ ਜ਼ਮੀਨ ਪਾਣੀ ਅਤੇ ਰੇਤ ਹੇਠ ਦਬ ਕੇ ਬਰਬਾਦ ਹੋ ਗਈ ਸੀ, ਜਿਸ ਕਾਰਨ ਕਿਸਾਨ ਅਜੇ ਤੱਕ ਭਾਰੀ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ। ਸੰਘਰਸ਼ ਕਮੇਟੀ ਵੱਲੋਂ ਸੂਬੇ ਦੇ ਹੜ੍ਹ ਪੀੜਤ ਕਿਸਾਨਾਂ ਲਈ 10 ਮੁੱਖ ਮੰਗਾਂ ਰੱਖੀਆਂ ਗਈਆਂ ਸਨ, ਜਿਨ੍ਹਾਂ ਵਿੱਚ ਸਿਲਟ ਦੀ ਸਫ਼ਾਈ, ਜ਼ਮੀਨਾਂ ਦੀ ਗਿਰਦਾਵਰੀ, ਯੋਗ ਮੁਆਵਜ਼ਾ, ਕਰਜ਼ਾ ਮੁਆਫ਼ੀ, ਬੰਟੋਬਸਤ ਕਾਨੂੰਨ ਤਹਿਤ ਰਕਮ ਜਾਰੀ ਕਰਨਾ, ਬੱਚਿਆਂ ਦੀ ਪੜ੍ਹਾਈ ਲਈ ਮਦਦ, ਡੈਮ ਬੋਰਡ ਵਿੱਚ ਕਿਸਾਨਾਂ ਨੂੰ ਮੈਂਬਰਸ਼ਿਪ ਦੇਣਾ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਕਮੇਟੀ ਨੇ ਮੰਗ ਕੀਤੀ ਕਿ ਖੇਤਾਂ ’ਚੋਂ ਰੇਤ ਕੱਢਣ ਦੀ ਮਿਆਦ ਵਧਾਈ ਜਾਵੇ ਅਤੇ ਮੁਆਵਜ਼ਾ ਆਨਲਾਈਨ ਦ ਚੈਕ ਰਾਹੀਂ ਦਿੱਤਾ ਜਾਵੇ, ਤਾਂ ਜੋ ਕਿਸਾਨਾਂ ਦਾ ਵਿੱਤੀ ਸੋਸ਼ਣ ਰੋਕਿਆ ਜਾ ਸਕੇ। ਜਸਵੀਰ ਸਿੰਘ ਆਹਲੂਵਾਲੀਆ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਆਪਣਾ ਵਾਅਦਾ ਪੂਰਾ ਨਾ ਕੀਤਾ ਤਾਂ 24 ਫ਼ਰਵਰੀ ਤੋਂ ਬਾਅਦ ਨਵੀਂ ਰਣਨੀਤੀ ਤਿਆਰ ਕਰਕੇ ਵੱਡਾ ਸੰਘਰਸ਼ ਮੁੜ ਸ਼ੁਰੂ ਕੀਤਾ ਜਾਵੇਗਾ।