ਹੜ੍ਹ ਪੀੜਤ ਕਿਸਾਨਾਂ ਵੱਲੋਂ ਹਰੀਕੇ ਹੈੱਡ ਵਰਕਸ 'ਤੇ ਲਗਾਇਆ ਧਰਨਾ ਚੌਥੇ ਦਿਨ ਵੀ ਜਾਰੀ
ਹੜ੍ਹ ਪੀੜਤ ਕਿਸਾਨਾਂ ਵੱਲੋਂ ਹਰੀਕੇ ਹੈੱਡ ਵਰਕਸ 'ਤੇ ਲਗਾਇਆ ਧਰਨਾ ਚੌਥੇ ਦਿਨ ਵੀ ਜਾਰੀ
Publish Date: Sun, 04 Jan 2026 04:11 PM (IST)
Updated Date: Sun, 04 Jan 2026 04:11 PM (IST)

ਕੇਵਲ ਆਹੂਜਾ, ਪੰਜਾਬੀ ਜਾਗਰਣ ਮੱਖੂ : ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਹੜ੍ਹ ਪੀੜਤਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਦੇ ਸਬੰਧ ਵਿਚ ਹਰੀਕੇ ਹੈੱਡ ਵਰਕਸ ’ਤੇ ਲਗਾਇਆ ਹੋਇਆ ਪੱਕਾ ਧਰਨਾ ਅੱਜ ਚੌਥੇ ਦਿਨ ਵਿਚ ਜਾਰੀ ਰਿਹਾ। ਇਸ ਪੱਕੇ ਧਰਨੇ ਦੌਰਾਨ ਕਿਸਾਨਾਂ ਵੱਲੋਂ ਪੁਲਾਂ ਦੇ ਦਰਾਂ ਤੇ ਚੜ ਕੇ ਭੁੱਖ ਹੜਤਾਲ ਜਾਰੀ ਰੱਖੀ ਹੋਈ ਹੈ। ਕਿਸਾਨ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੜ੍ਹਾਂ ਦੌਰਾਨ ਕਿਸਾਨਾਂ ਦੇ ਹੋਏ ਨੁਕਸਾਨ ਦਾ ਐਲਾਨਿਆ ਮੁਆਵਜਾ ਹੜ੍ਹ ਪੀੜਤਾਂ ਤੱਕ ਅਜੇ ਤੱਕ ਜ਼ਮੀਨੀ ਪੱਧਰ ਤੇ ਨਹੀਂ ਪਹੁੰਚਿਆ। ਇਸ ਸਬੰਧੀ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਜਸਬੀਰ ਸਿੰਘ ਆਹਲੂਵਾਲੀਆ ਦੱਸਿਆ ਕਿ ਵੱਖ-ਵੱਖ ਜਥੇਬੰਦੀਆਂ ਵਲੋਂ ਰੋਜ਼ਾਨਾ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਸਮਰਥਨ ਮਿਲ ਰਿਹਾ ਹੈ ਅਤੇ ਹਰ ਪ੍ਰਕਾਰ ਦਾ ਸਹਿਯੋਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦ ਤੱਕ ਹੜ੍ਹ ਪੀੜਤਾਂ ਨੂੰ ਪੂਰਾ ਮੁਆਵਜ਼ਾ ਨਹੀਂ ਮਿਲਦਾ ਉਸ ਵਕਤ ਤੱਕ ਸੰਘਰਸ਼ ਜਾਰੀ ਰਹੇਗਾ। ਜਦ ਵੀ ਅਸੀਂ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲਣਾ ਚਾਹਿਆ ਹੈ ਤਾਂ ਉਨ੍ਹਾਂ ਸਾਨੂੰ ਮਿਲਣ ਦਾ ਮੌਕਾ ਨਹੀਂ ਦਿੱਤਾ। ਇਸ ਗੱਲ ਤੇ ਸਾਬਤ ਹੁੰਦਾ ਕਿ ਸਰਕਾਰ ਹੜ੍ਹ ਪੀੜਤ ਕਿਸਾਨਾਂ ਨਾਲ ਕੋਈ ਹਮਦਰਦੀ ਨਹੀਂ ਰੱਖਦੀ ਸਿਰਫ਼ ਸਿਆਸਤ ਕਰਕੇ ਆਪਣੀਆਂ ਰੋਟੀਆਂ ਸੇਕ ਰਹੀ ਹੈ। ਹੜ੍ਹ ਪੀੜਤ ਕਿਸਾਨਾਂ ਦੀਆਂ ਮੁੱਖ ਮੰਗਾਂ ਨੂੰ ਲੈ ਕੇ ਆਪਣਾ ਅੰਦੋਲਨ ਕਰ ਰਹੇ ਸੂਬਾ ਪ੍ਰਧਾਨ ਜਸਬੀਰ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਜਦ ਤੱਕ ਸਰਕਾਰ ਸਾਡੀਆਂ ਹੱਕੀ ਮੰਗਾਂ ਤੇ ਵਿਚਾਰ ਨਹੀਂ ਕਰਦੀ ਉਦੋਂ ਤੱਕ ਕਿਸਾਨ ਮੋਰਚਾ ਜਾਰੀ ਰਹੇਗਾ। ਹੜ੍ਹ ਪੀੜਤ ਕਿਸਾਨ ਰੋਜ਼ਾਨਾ ਹਰੀਕੇ ਹੈੱਡ ਵਰਕਸ ਦੇ ਉੱਪਰ ਭੁੱਖ ਹੜਤਾਲ ਤੇ ਬੈਠੇ ਰਹਿਣਗੇ। ਇਸ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਡੱਲੇਵਾਲ, ਭਾਰਤੀ ਕਿਸਾਨ ਯੂਨੀਅਨ ਮਝੈਲ, ਕੁਲ ਹਿੰਦ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਅਰਾਈਆਂਵਾਲਾ ਦੇ ਆਗੂ ਅਤੇ ਵਰਕਰ ਰੋਜ਼ਾਨਾ ਸਹਯੋਗ ਕਰ ਰਹੇ ਹਨ।