ਹੜ੍ਹਾਂ ਤੋਂ ਪ੍ਰਭਾਵਿਤ ਕਿਸਾਨ ਧਰਨੇ ਦੇਣ ਲਈ ਹੋਏ ਮਜ਼ਬੂਰ : ਸੰਧੂ, ਝਾਮਕਾ
ਹੜ੍ਹਾਂ ਤੋਂ ਪ੍ਰਭਾਵਿਤ ਕਿਸਾਨ ਧਰਨੇ ਦੇਣ ਲਈ ਹੋਏ ਮਜ਼ਬੂਰ: ਸੰਧੂ,ਝਾਮਕਾ
Publish Date: Fri, 30 Jan 2026 03:48 PM (IST)
Updated Date: Fri, 30 Jan 2026 03:49 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ: ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਜਥੇਬੰਦੀ ਪੰਜਾਬ ਦੇ ਸੀਨੀਅਰ ਆਗੂ ਸੂਬਾ ਪ੍ਰੈੱਸ ਅਤੇ ਵਿੱਤ ਸਕੱਤਰ ਮੰਗਲ ਸਿੰਘ ਸੰਧੂ ਸ਼ਾਹ ਵਾਲਾ ਤੇ ਸੂਬਾ ਜਨਰਲ ਸਕੱਤਰ ਜਸਵੀਰ ਸਿੰਘ ਝਾਮਕਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਸਮੇਂ ਜੋ ਹੜ੍ਹ ਆਏ ਸਨ। ਉਨ੍ਹਾਂ ਹੜ੍ਹਾਂ ਦੇ ਨਾਲ ਤਕਰੀਬਨ 6 ਲੱਖ ਏਕੜ ਫਸਲ ਦਾ ਨੁਕਸਾਨ ਹੋਇਆ ਸੀ ਅਤੇ ਇਨ੍ਹਾਂ ਹੜ੍ਹਾਂ ਦੇ ਕਾਰਨ ਜਿੱਥੇ ਕਿਸਾਨਾਂ ਦੀ ਫਸਲ ਬਰਬਾਦ ਹੋਈ, ਉੱਥੇ ਨਾਲ ਹੀ ਕਿਸਾਨਾਂ ਅਤੇ ਮਜ਼ਦੂਰਾਂ ਦੇ ਘਰਾਂ ਦਾ ਵੀ ਵੱਡੀ ਪੱਧਰ ਤੇ ਨੁਕਸਾਨ ਹੋਇਆ, ਪਰ ਨਾ ਕੇਂਦਰ ਦੀ ਸਰਕਾਰ ਵੱਲੋਂ ਅਤੇ ਨਾ ਹੀ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਹੜ੍ਹਾਂ ਤੋਂ ਪ੍ਰਭਾਵਿਤ ਕਿਸਾਨਾਂ ਮਜ਼ਦੂਰਾਂ ਨੂੰ ਕੋਈ ਵੀ ਮੁਆਵਜਾ ਨਹੀਂ ਦਿੱਤਾ ਗਿਆ। ਜਿਸ ਕਾਰਨ ਇਨ੍ਹਾਂ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਵੱਖ-ਵੱਖ ਜਗ੍ਹਾ ਤੇ ਧਰਨੇ ਦਿੱਤੇ ਜਾ ਰਹੇ ਹਨ, ਪਰ ਪੰਜਾਬ ਦੀ ਸਰਕਾਰ ਵੱਲੋਂ ਇਸ ਮਸਲੇ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਕਿਸਾਨ ਆਗੂਆਂ ਨੇ ਦੱਸਿਆ ਕਿ ਆਪਣੇ ਹੱਕਾਂ ਲਈ ਅਤੇ ਹੜ੍ਹਾਂ ਦੇ ਕਾਰਨ ਬਰਬਾਦ ਹੋਈਆਂ ਫਸਲਾਂ ਦਾ ਮੁਆਵਜ਼ਾ ਲੈਣ ਲਈ ਕਿਸਾਨਾਂ ਵੱਲੋਂ ਹਰੀਕੇ ਹੈੱਡ ਤੇ 50 ਫੁੱਟ ਉੱਚੇ ਪੁਲ ਉੱਪਰ ਇਕ ਮਹੀਨੇ ਤੋਂ ਪੱਕਾ ਮੋਰਚਾ ਲਾਇਆ ਹੋਇਆ ਹੈ, ਪਰ ਪੰਜਾਬ ਦੀ ਗੂੰਗੀ ਅਤੇ ਬੋਲੀ ਸਰਕਾਰ ਇਸ ਮਸਲੇ ਵੱਲ ਕੋਈ ਵੀ ਧਿਆਨ ਨਹੀਂ ਦੇ ਰਹੀ ਅਤੇ ਨਾ ਹੀ ਅਜੇ ਤੱਕ ਉਕਤ ਧਰਨਾਕਾਰੀ ਕਿਸਾਨਾਂ ਨਾਲ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਕੀਤੀ ਹੈ। ਇਸ ਲਈ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਜੇ ਸਰਕਾਰ ਨੇ ਇਸ ਮਸਲੇ ਦਾ ਕੋਈ ਹੱਲ ਨਾ ਕੀਤਾ ਤਾਂ ਜਥੇਬੰਦੀ ਹਮ ਖਿਆਲ ਜਥੇਬੰਦੀਆਂ ਨਾਲ ਮਿਲ ਕੇ ਉਕਤ ਧਰਨਾਕਾਰੀ ਕਿਸਾਨਾਂ ਦੀ ਹਮਾਇਤ ਵਿਚ ਵੱਡਾ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗੀ। ਇਸ ਮੌਕੇ ਦੀਪਕ ਭਾਰਗੋ ਜ਼ਿਲ੍ਹਾ ਪ੍ਰੈਸ ਸਕੱਤਰ, ਗੁਰਪ੍ਰੀਤ ਸਿੰਘ ਭੁੱਲਰ ਬਲਾਕ ਪ੍ਰਧਾਨ ਜ਼ੀਰਾ, ਲਖਬੀਰ ਸਿੰਘ ਨੰਬਰਦਾਰ ਸਲਾਹਕਾਰ ਜ਼ੀਰਾ, ਬਲਜਿੰਦਰ ਸਿੰਘ ਸੰਧੂ ਮੀਤ ਪ੍ਰਧਾਨ ਬਲਾਕ ਜ਼ੀਰਾ, ਬਲਰਾਜ ਸਿੰਘ ਸਿੱਧੂ ਜ਼ਿਲ੍ਹਾ ਕਮੇਟੀ ਮੈਂਬਰ, ਹਰਿਮੰਦਰ ਸਿੰਘ ਸੰਧੂ ਖਜ਼ਾਨਚੀ ਬਲਾਕ ਜ਼ੀਰਾ ਗੁਰਾ ਸਿੰਘ ਮੱਲੋ ਕੇ ਬਲਾਕ ਆਗੂ, ਨਰਵੈਰ ਸਿੰਘ ਮੱਲੋਕੇ ਕਮੇਟੀ ਮੈਂਬਰ, ਚਮਕੌਰ ਸਿੰਘ ਨੰਬਰਦਾਰ ਮੱਲੋ ਕੇ, ਕੌਰਾ ਸਿੰਘ ਸੰਧੂ ਮੈਂਬਰ, ਗੁਰਪ੍ਰੀਤ ਸਿੰਘ ਬਰਾੜ ਮੈਂਬਰ ਸਮੇਤ ਹੋਰ ਵੀ ਆਗੂ ਅਤੇ ਵਰਕਰ ਹਾਜ਼ਰ ਸਨ।