ਮਧੂ ਮੱਖੀ ਪਾਲਣ ਸਬੰਧੀ ਪੰਜ ਰੋਜ਼ਾ ਟ੍ਰੇਨਿੰਗ ਕਰਵਾਈ
ਪੀਏਯੂ ਕ੍ਰਿਸ਼ੀ ਵਿਗਿਆਨ ਕੇਂਦਰ, ਫਿਰੋਜ਼ਪੁਰ ਵਿਖੇ ਮਧੂ ਮੱਖੀ ਪਾਲਣ ਬਾਰੇ ਪੰਜ ਰੋਜ਼ਾ ਸਿਖਲਾਈ ਦਿੱਤੀ ਗਈ
Publish Date: Tue, 10 Mar 2026 04:38 PM (IST)
Updated Date: Tue, 10 Mar 2026 04:42 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਪੀਏਯੂ–ਕ੍ਰਿਸ਼ੀ ਵਿਗਿਆਨ ਕੇਂਦਰ, ਫਿਰੋਜ਼ਪੁਰ ਵੱਲੋਂ ‘ਮਧੂ ਮੱਖੀ ਪਾਲਣ, ਸ਼ਹਿਦ ਪ੍ਰੋਸੈਸਿੰਗ ਅਤੇ ਮਾਰਕੀਟਿੰਗ’ ਵਿਸ਼ੇ ’ਤੇ 2 ਮਾਰਚ 2026 ਤੋਂ 9 ਮਾਰਚ 2026 ਤੱਕ ਪੰਜ ਦਿਨਾਂ ਕਿੱਤਾ ਮੁੱਖੀ ਸਿਖਲਾਈ ਦਿੱਤੀ ਗਈ। ਇਸ ਸਿਖਲਾਈ ਪ੍ਰੋਗਰਾਮ ਵਿਚ ਫਿਰੋਜ਼ਪੁਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੋਂ 29 ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਭਾਗ ਲਿਆ। ਸਿਖਲਾਈ ਦੇ ਸ਼ੁਰੂ ਵਿਚ ਡਾ. ਗੁਰਮੇਲ ਸਿੰਘ ਸੰਧੂ, ਡਿਪਟੀ ਡਾਇਰੈਕਟਰ, ਕੇਵੀਕੇ ਫਿਰੋਜ਼ਪੁਰ ਨੇ ਸਿਖਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਕਿਸਾਨਾਂ ਲਈ ਮਧੂ ਮੱਖੀ ਪਾਲਣ ਦੀ ਸਹਾਇਕ ਧੰਦੇ ਵਜੋਂ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸਿਖਿਆਰਥੀਆਂ ਨੂੰ ਘਰੇਲੂ ਲੋੜਾਂ ਲਈ ਸ਼ਹਿਦ ਪ੍ਰਾਪਤ ਕਰਨ ਅਤੇ ਆਮਦਨ ਵਧਾਉਣ ਲਈ ਛੋਟੇ ਪੱਧਰ ’ਤੇ ਮਧੂ ਮੱਖੀ ਪਾਲਣ ਅਪਣਾਉਣ ਲਈ ਪ੍ਰੇਰਿਤ ਕੀਤਾ। ਸਿਖਲਾਈ ਦੀ ਸ਼ੁਰੂਆਤ ਵਿਚ ਸਿਖਆਰਥੀਆਂ ਨੂੰ ਇਸ ਕਿੱਤੇ ਬਾਰੇ ਮੁੱਢਲੀ ਜਾਣਕਾਰੀ ਦਾ ਪਤਾ ਕਰਨ ਲਈ ਪ੍ਰੀ-ਟੈਸਟ ਵੀ ਲਿਆ ਗਿਆ। ਸਿਖਲਾਈ ਦੌਰਾਨ ਡਾ. ਸਿਮਰਨਜੀਤ ਕੌਰ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਨੇ ਮਧੂ ਮੱਖੀ ਪਾਲਣ ਕਿੱਤੇ ਦੇ ਵੱਖ-ਵੱਖ ਪੱਖਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ, ਜਿਸ ਵਿਚ ਮਧੂ ਮੱਖੀਆਂ ਦੀਆਂ ਵੱਖ-ਵੱਖ ਕਿਸਮਾਂ, ਛੱਤੇ ਦੀ ਬਣਤਰ, ਮੌਸਮੀ ਪ੍ਰਬੰਧਨ, ਮਧੂ ਮੱਖੀਆਂ ਦੇ ਕੀੜੇ-ਮਕੌੜੇ ਅਤੇ ਬਿਮਾਰੀਆਂ ਦਾ ਪ੍ਰਬੰਧਨ ਅਤੇ ਮਧੂ ਮੱਖੀ ਪਾਲਣ ਵਿਚ ਵਰਤੇ ਜਾਣ ਵਾਲੇ ਸਾਮਾਨ ਬਾਰੇ ਜਾਣਕਾਰੀ ਸ਼ਾਮਲ ਸੀ। ਇਸ ਤੋਂ ਇਲਾਵਾ ਸਾਫ਼-ਸੁਥਰੇ ਅਤੇ ਵਿਗਿਆਨਕ ਢੰਗ ਨਾਲ ਸ਼ਹਿਦ ਕੱਢਣ, ਮਾਰਕੀਟਿੰਗ ਅਤੇ ਮਧੂ ਮੱਖੀ ਪਾਲਣ ਵਿੱਚ ਵਿਭਿੰਨਤਾ ਬਾਰੇ ਵੀ ਦੱਸਿਆ ਗਿਆ। ਸਿਖਲਾਈ ਦੌਰਾਨ ਸਫ਼ਲ ਮਧੂ ਮੱਖੀ ਪਾਲਕ, ਲਖਵਿੰਦਰ ਸਿੰਘ ਮੱਲਾਂਵਾਲਾ, ਫਿਰੋਜ਼ਪੁਰ ਅਤੇ ਰਾਕੇਸ਼ ਮੁੱਦਕੀ, ਫਿਰੋਜ਼ਪੁਰ ਵੱਲੋਂ ਵਿਸ਼ੇਸ਼ ਲੈਕਚਰ ਦਿੱਤੇ ਗਏ। ਉਨ੍ਹਾਂ ਨੇ ਕਿਸਾਨਾਂ ਨੂੰ ਮਧੂ ਮੱਖੀ ਪਾਲਣ ਅਪਣਾਉਣ ਲਈ ਪ੍ਰੇਰਿਤ ਕੀਤਾ ਅਤੇ ਆਪਣੇ ਤਜਰਬੇ ਅਤੇ ਸਫ਼ਲਤਾ ਦੀ ਕਹਾਣੀ ਸਿਖਆਰਥੀਆਂ ਨਾਲ ਸਾਂਝੀ ਕੀਤੀ। ਇਸ ਤੋਂ ਇਲਾਵਾ ਸਿਖਆਰਥੀਆਂ ਨੂੰ ਅਗਾਂਹਵਧੂ ਮਧੂ ਮੱਖੀ ਪਾਲਕ ਗੁਰਸੇਵਕ ਸਿੰਘ, ਗੋਲੇਵਾਲਾ (ਫਰੀਦਕੋਟ) ਦੀ ਮੱਖੀ ਪਾਲਣ ਯੂਨਿਟ ਦਾ ਦੌਰਾ ਵੀ ਕਰਵਾਇਆ ਗਿਆ, ਜਿੱਥੇ ਭਾਗੀਦਾਰਾਂ ਨੂੰ ਪ੍ਰੈਕਟੀਕਲ ਰਾਹੀਂ ਕਾਲੋਨੀ ਪ੍ਰਬੰਧਨ ਅਤੇ ਸ਼ਹਿਦ ਕੱਢਣ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਗਈ। ਪੂਰੇ ਸਿਖਲਾਈ ਪ੍ਰੋਗਰਾਮ ਦੌਰਾਨ ਸਿਖਆਰਥੀਆਂ ਨੇ ਮਧੂ ਮੱਖੀ ਪਾਲਣ ਦੇ ਵੱਖ-ਵੱਖ ਪੱਖਾਂ ਬਾਰੇ ਮਾਹਿਰਾਂ ਨਾਲ ਵਿਚਾਰ-ਵਟਾਂਦਰਾ ਵੀ ਕੀਤਾ।