ਫਿਰੋਜ਼ਪੁਰ ਵਿਚ ਜਾਂਚ ਲਈ ਪੰਜ ਟੀਮਾਂ ਦਾ ਗਠਨ, ਹੈਲਪਲਾਈਨ ਨੰਬਰ 01632-245380 ਜਾਰੀ
ਫਿਰੋਜ਼ਪੁਰ ਵਿਚ ਜਾਂਚ ਲਈ ਪੰਜ ਟੀਮਾਂ ਦਾ ਗਠਨ, ਹੈਲਪਲਾਈਨ ਨੰਬਰ 01632-245380 ਜਾਰੀ
Publish Date: Fri, 13 Mar 2026 06:46 PM (IST)
Updated Date: Fri, 13 Mar 2026 06:48 PM (IST)

ਅੰਗਰੇਜ਼ ਭੁੱਲਰ, ਪੰਜਾਬੀ ਜਾਗਰਣ ਫਿਰੋਜ਼ਪੁਰ : ਘਰੇਲੂ ਗੈਸ ਲੈਣ ਲਈ ਗੈਸ ਏਜੰਸੀਆਂ ਵਿਚ ਲੋਕਾਂ ਦਾ ਇਕੱਠ ਲੱਗਿਆ ਹੋਇਆ ਹੈ। ਏਜੰਸੀ ਮਾਲਕਾਂ ਦਾ ਕਹਿਣਾ ਹੈ ਕਿ ਘਰੇਲੂ ਗੈਸ ਦੀ ਕੋਈ ਦਿੱਕਤ ਨਹੀਂ ਹੈ ਅਤੇ ਮੰਗ ਅਨੁਸਾਰ ਰੋਜ਼ਾਨਾ ਡਿਲੀਵਰੀ ਆ ਰਹੀ ਹੈ। ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਚੈਕਿੰਗ ਲਈ ਪੰਜ ਟੀਮਾਂ ਦਾ ਗਠਨ ਕਰਨ ਤੋਂ ਇਲਾਵਾ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ। ਵੱਖ-ਵੱਖ ਗੈਸ ਏਜੰਸੀਆਂ ਦੇ ਮਾਲਕਾਂ ਨਾਲ ਗੱਲਬਾਤ ਦੌਰਾਨ ਇਹ ਗੱਲ ਮੁੱਖ ਤੌਰ ’ਤੇ ਸਾਹਮਣੇ ਆਈ ਹੈ ਕਿ ਰੋਜ਼ਾਨਾ ਵਾਂਗ ਗੈਸ ਦੀ ਮੰਗ ਵਿਚ ਲਗਾਤਾਰ ਵਾਧਾ ਹੋਇਆ ਹੈ, ਕਿਉਂਕਿ ਲੋਕਾਂ ਦੇ ਮਨਾਂ ਵਿਚ ਭਵਿੱਖ ਵਿਚ ਗੈਸ ਨੂੰ ਲੈ ਕੇ ਕਈ ਤਰ੍ਹਾਂ ਦੇ ਵਿਚਾਰ ਚੱਲ ਰਹੇ ਹਨ। ਇਹੀ ਕਾਰਨ ਹੈ ਕਿ ਏਜੰਸੀਆਂ ’ਤੇ ਲੋਕਾਂ ਦੀਆਂ ਲਾਈਨਾਂ ਲੱਗ ਰਹੀਆਂ ਹਨ। ਇਨ੍ਹਾਂ ਦਿਨਾਂ ਵਿਚ ਆਮ ਤੌਰ ’ਤੇ ਲੋਕ ਸਾਈਕਲ ਅਤੇ ਬਾਈਕ ਤੇ ਸਿਲੰਡਰ ਰੱਖ ਕੇ ਲਿਜਾਂਦੇ ਹੋਏ ਆਮ ਦੇਖੇ ਜਾ ਰਹੇ ਹਨ। ਨੈਕਟਰ ਗੈਸ ਦੇ ਮਾਲਕ ਪਾਰਥ ਵਾਲੀਆ ਨੇ ਕਿਹਾ ਕਿ ਉਨ੍ਹਾਂ ਕੋਲ ਰੋਜ਼ਾਨਾ 2 ਤੋਂ 3 ਗੱਡੀਆਂ ਘਰੇਲੂ ਸਿਲੰਡਰਾਂ ਦੀਆਂ ਆ ਰਹੀਆਂ ਹਨ। ਉਪਭੋਗਤਾਵਾਂ ਨੂੰ ਉਨ੍ਹਾਂ ਵੱਲੋਂ ਉਸੇ ਦਿਨ ਜਾਂ ਫਿਰ 24 ਘੰਟਿਆਂ ਦੇ ਅੰਦਰ ਸਿਲੰਡਰ ਦਿੱਤਾ ਜਾ ਰਿਹਾ ਹੈ। ਗੈਸ ਦੀ ਕਿੱਲਤ ਦੀ ਕੋਈ ਦਿੱਕਤ ਨਹੀਂ ਹੈ। ਪਿੱਛੇ ਤੋਂ ਸਿਰਫ਼ ਕਮਰਸ਼ੀਅਲ ਸਿਲੰਡਰਾਂ ਦੀ ਸਪਲਾਈ ਆਉਣੀ ਬੰਦ ਹੋਈ ਹੈ। ਕੈਂਟ ਵਿਚ ਐੱਚਪੀ ਗੈਸ ਏਜੰਸੀ ਦੇ ਮਾਲਕ ਮੋਹਿਤ ਗਰਗ ਨੇ ਕਿਹਾ ਕਿ 30 ਦਿਨਾਂ ਵਿੱਚ ਬੁਕਿੰਗ ਦੇ ਦੌਰਾਨ ਹੀ ਸਿਲੰਡਰ ਦੀ ਸਪਲਾਈ ਦਿੱਤੀ ਜਾ ਰਹੀ ਹੈ। ਲੋਕਾਂ ਵਿੱਚ ਸਿਰਫ਼ ਕਿੱਲਤ ਦਾ ਡਰ (ਪੈਨਿਕ) ਹੈ, ਪਰ ਅਜਿਹੀ ਕੋਈ ਗੱਲ ਨਹੀਂ ਹੈ। ਸਿਲੰਡਰ ਦਾ ਸਟਾਕ ਰੱਖਣ ਦੀ ਬਜਾਏ ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਪਭੋਗਤਾ ਨੂੰ ਨਿਯਮਾਂ ਅਨੁਸਾਰ ਬੁਕਿੰਗ ਤਹਿਤ ਸਿਲੰਡਰ ਦੀ ਸਪਲਾਈ ਦਿੱਤੀ ਜਾਵੇ ਤਾਂ ਜੋ ਕਿਸੇ ਨੂੰ ਦਿੱਕਤ ਨਾ ਆਵੇ। ਸ਼ਹੀਦ ਭਗਤ ਸਿੰਘ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਗਜ਼ਲਪ੍ਰੀਤ ਸਿੰਘ ਅਰਨੇਜਾ ਨੇ ਕਿਹਾ ਕਿ ਯੂਨੀਵਰਸਿਟੀ ਦੇ ਹੋਸਟਲ ਵਿਚ ਰਹਿਣ ਵਾਲੇ ਵਿਦਿਆਰਥੀਆਂ ਲਈ ਰੋਜ਼ਾਨਾ ਗੈਸ ਰਾਹੀਂ ਖਾਣਾ ਪਕਾਇਆ ਜਾ ਰਿਹਾ ਹੈ ਅਤੇ ਸਿਲੰਡਰ ਦੀ ਕੋਈ ਕਮੀ ਨਹੀਂ ਆ ਰਹੀ। ਮੰਗ ਅਨੁਸਾਰ ਰੋਜ਼ਾਨਾ ਗੈਸ ਦੀ ਸਪਲਾਈ ਹੋ ਰਹੀ ਹੈ। ਜ਼ਿਲ੍ਹਾ ਖੁਰਾਕ ਸਪਲਾਈ ਇੰਸਪੈਕਟਰ ਜਤਿਨ ਵਰਮਾ ਨੇ ਕਿਹਾ ਕਿ ਵਿਭਾਗ ਵੱਲੋਂ ਇੰਸਪੈਕਟਰ ਅੰਕਿਤ ਬੱਤਾ ਨੂੰ ਨੋਡਲ ਅਫ਼ਸਰ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਚੈਕਿੰਗ ਲਈ ਵਿਭਾਗ ਵੱਲੋਂ ਪੰਜ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਨ੍ਹਾਂ ਵੱਲੋਂ ਲਗਾਤਾਰ ਚੈਕਿੰਗ ਦਾ ਸਿਲਸਿਲਾ ਜਾਰੀ ਹੈ। ਉਨ੍ਹਾਂ ਦੱਸਿਆ ਕਿ ਜਨਤਾ ਦੀ ਸਹੂਲਤ ਲਈ ਹੈਲਪਲਾਈਨ ਨੰਬਰ 01632-245380 ਵੀ ਜਾਰੀ ਕੀਤਾ ਗਿਆ ਹੈ। ਵਿਭਾਗ ਨੂੰ ਅਜੇ ਤੱਕ ਕਿਸੇ ਵੀ ਕਿਸਮ ਦੀ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਜਤਿਨ ਵਰਮਾ ਨੇ ਕਿਹਾ ਕਿ ਘਰੇਲੂ ਗੈਸ ਦੀ ਕੋਈ ਦਿੱਕਤ ਨਹੀਂ ਆ ਰਹੀ ਹੈ, ਸਿਰਫ਼ ਬੁਕਿੰਗ ਕਰਨ ਦੇ ਨਿਯਮ ਲਾਗੂ ਹੋਣ ਕਾਰਨ ਲੋਕਾਂ ਵਿਚ ਅਫ਼ਵਾਹ ਫੈਲੀ ਹੋਈ ਹੈ, ਜਿਸ ਤੋਂ ਸਾਰਿਆਂ ਨੂੰ ਬਚਣ ਦੀ ਲੋੜ ਹੈ।