ਸਕਿੱਲਡ ਐਜੂਕੇਸ਼ਨ ਉਦੇਸ਼ ਨਾਲ ਕਰਵਾਇਆ ‘ਕੌਸ਼ਲ ਮੇਲਾ’
ਵਿਦਿਆਰਥੀਆਂ ਨੂੰ ਸਕਿੱਲਡ ਐਜੂਕੇਸ਼ਨ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਪਹਿਲੀ ਵਾਰ ‘ਕੌਸ਼ਲ ਮੇਲੇ’ ਦਾ ਆਯੋਜਨ
Publish Date: Sun, 08 Feb 2026 04:41 PM (IST)
Updated Date: Sun, 08 Feb 2026 04:44 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਵਿਦਿਆਰਥੀਆਂ ਨੂੰ ਸਕੂਲੀ ਸਿੱਖਿਆ ਮੁਹੱਈਆ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਦੇ ਹੁਨਰ ਵਿਕਾਸ (ਕੌਸ਼ਲ ਵਿਕਾਸ) ਦੇ ਮਨੋਰਥ ਨਾਲ ਪਹਿਲੀ ਵਾਰ ‘ਕੌਸ਼ਲ ਮੇਲੇ’ ਦਾ ਆਯੋਜਨ ਕੀਤਾ ਗਿਆ। ਇਸ ਦਾ ਮੁੱਖ ਮਕਸਦ ਵਿਦਿਆਰਥੀਆਂ ਵਿਚ ਸਕਿੱਲ ਪੈਦਾ ਕਰਨਾ ਹੈ ਤਾਂ ਜੋ ਉਹ ਹੁਨਰ ਹਾਸਲ ਕਰਕੇ ਦੇਸ਼ ਦੇ ਨਿਰਮਾਣ ਵਿਚ ਅਹਿਮ ਭੂਮਿਕਾ ਨਿਭਾਅ ਸਕਣ। ਡੀਸੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਕੌਸ਼ਲ ਮੇਲੇ ਦਾ ਉਦਘਾਟਨ ਪ੍ਰਿੰਸੀਪਲ ਯਾਚਨਾ ਚਾਵਲਾ ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਵਿਦਿਆਰਥੀਆਂ ਦੇ ਮਾਡਲ ਦੇਖੇ ਅਤੇ ਉਨ੍ਹਾਂ ਨੂੰ ਸਿੱਖਿਆ ਦੇ ਨਾਲ-ਨਾਲ ਸਕਿੱਲਡ ਐਜੂਕੇਸ਼ਨ (ਹੁਨਰਮੰਦ ਸਿੱਖਿਆ) ਵੱਲ ਪ੍ਰੇਰਿਤ ਕੀਤਾ ਤਾਂ ਜੋ ਉਨ੍ਹਾਂ ਦਾ ਸਰਵਪੱਖੀ ਵਿਕਾਸ ਹੋ ਸਕੇ। ਸਕੂਲ ਵਿਚ ਪੇਰੈਂਟਸ-ਟੀਚਰਜ਼ ਮੀਟਿੰਗ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚੇ ਮਾਪਿਆਂ ਨੇ ਜਦੋਂ ਵਿਦਿਆਰਥੀਆਂ ਦੇ ਮਾਡਲ ਦੇਖੇ ਤਾਂ ਸਭ ਨੇ ਖੂਬ ਸ਼ਲਾਘਾ ਕੀਤੀ। ਸੀਨੀਅਰ ਮੈਡੀਕਲ ਅਫ਼ਸਰ ਡਾ. ਨਿਖਿਲ ਗੁਪਤਾ ਨੇ ਕਿਹਾ ਕਿ ਉਹ ਖੁਦ ਡੀਸੀਐੱਮ ਤੋਂ ਸਿੱਖਿਆ ਲੈ ਚੁੱਕੇ ਹਨ ਅਤੇ ਸਕੂਲ ਪੱਧਰ ’ਤੇ ਇਸ ਤਰ੍ਹਾਂ ਦਾ ਕੌਸ਼ਲ ਮੇਲਾ ਪਹਿਲੀ ਵਾਰ ਦੇਖਿਆ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਇੰਨੀ ਛੋਟੀ ਉਮਰ ਵਿੱਚ ਆਪਣੀ ਪ੍ਰੇਰਨਾ ਨਾਲ ਜੋ ਮਾਡਲ ਤਿਆਰ ਕੀਤੇ ਹਨ, ਉਹ ਵਾਕਈ ਪ੍ਰੇਰਨਾਦਾਇਕ ਹਨ। ਡਿਪਟੀ ਪ੍ਰਿੰਸੀਪਲ ਮਨੀਸ਼ ਬਾਂਗਾ ਨੇ ਦੱਸਿਆ ਕਿ ਸੀਬੀਐੱਸਈ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪਹਿਲਾ ਕੌਸ਼ਲ ਮੇਲਾ ਲਗਾਇਆ ਗਿਆ ਹੈ। ਜਿਸ ਵਿਚ ਵਿਦਿਆਰਥੀਆਂ ਨੇ ਆਪਣੇ ਵੱਲੋਂ ਤਿਆਰ ਕੀਤੇ ਮਾਡਲ ਪ੍ਰਦਰਸ਼ਿਤ ਕੀਤੇ ਜੋ ਕਿ ਟੈਕਨਾਲੋਜੀ ਦੇ ਮਾਧਿਅਮ ਰਾਹੀਂ ਸਮਾਜਿਕ ਸਮੱਸਿਆਵਾਂ ਦਾ ਹੱਲ ਕਰਦੇ ਹਨ ਅਤੇ ਨਾਲ ਹੀ ਦੇਸ਼-ਵਿਦੇਸ਼ ਦੀ ਜਲਵਾਯੂ ਵਿਭਿੰਨਤਾ ਤੇ ਭੋਜਨ ਪ੍ਰਣਾਲੀ ’ਤੇ ਵੀ ਮਾਡਲ ਪੇਸ਼ ਕੀਤੇ ਗਏ। ਉਨ੍ਹਾਂ ਕਿਹਾ ਕਿ ਸਕੂਲ ਦੀ ‘ਅਟਲ ਟਿੰਕਰਿੰਗ ਲੈਬ’ ਵਿੱਚ ਵਿਦਿਆਰਥੀ ਆਏ ਦਿਨ ਨਵੇਂ-ਨਵੇਂ ਅਵਿਸ਼ਕਾਰ ਕਰ ਰਹੇ ਹਨ। ਵਿਦਿਆਰਥੀਆਂ ਵੱਲੋਂ ਰੇਇਆ ਰਨ ਸਕੋਰ, ਲੋਇਲ ਕੰਪੈਨੀਅਨ, ਪੰਜਾਬ ਅਤੇ ਉੜੀਸਾ ਦੇ ਖਾਧ ਪਦਾਰਥ, ਰੇਕੀ ਥੈਰੇਪੀ ਅਤੇ ਸੰਤੁਲਿਤ ਖੁਰਾਕ, ਮੈਥੇਮੈਟਿਕਸ ਆਈਡੈਂਟਿਟੀਜ਼ ਤੇ ਕੁਆਲਿਟੀ ਐਜੂਕੇਸ਼ਨ, ਅਤੁਲਿਆ ਭਾਰਤ, ਅਤੁਲਿਆ ਭਾਰਤ ਅਤੇ ਆਸਟਰੇਲੀਆ, ਗੁਣਵੱਤਾ ਭਰਪੂਰ ਸਿੱਖਿਆ, ਦੱਖਣੀ ਅਮਰੀਕਾ ਦੀ ਜਲਵਾਯੂ, ਅਤੇ ਪਾਣੀ ਦੇ ਹੇਠਾਂ ਜੀਵਨ ਵਰਗੇ ਪ੍ਰੋਜੈਕਟ ਪੇਸ਼ ਕਰਕੇ ਉਨ੍ਹਾਂ ਨੂੰ ਸਮਝਾਇਆ ਗਿਆ। ਵਿਦਿਆਰਥੀਆਂ ਨੇ ਇੱਕ ਅਜਿਹਾ ਰੋਬੋਟ ਤਿਆਰ ਕੀਤਾ ਹੈ, ਜੋ ਕਿਸੇ ਵਿਸ਼ੇਸ਼ ਵਿਅਕਤੀ ਦਾ ਆਪਣੇ-ਆਪ ਪਿੱਛਾ ਕਰੇਗਾ। ਇਹ ਬੌਡੀਗਾਰਡ ਵਜੋਂ ਕੰਮ ਕਰ ਸਕਦਾ ਹੈ ਅਤੇ ਮੈਡੀਕਲ ਉਪਕਰਣ ਵੀ ਲੈ ਜਾ ਸਕਦਾ ਹੈ। ਆਪ੍ਰੇਸ਼ਨ ਥੀਏਟਰ ਵਿੱਚ ਡਾਕਟਰ ਦੀ ਸਹਾਇਤਾ ਲਈ ਇਹ ਡਰੋਨ ਅਹਿਮ ਭੂਮਿਕਾ ਨਿਭਾਏਗਾ। ਵਿਦਿਆਰਥੀਆਂ ਨੇ ਐਮਰਜੈਂਸੀ ਹਾਲਾਤਾਂ ਵਿਚ ਦਵਾਈਆਂ ਅਤੇ ਜ਼ਰੂਰੀ ਸਿਹਤ ਉਪਕਰਣ ਪਹੁੰਚਾਉਣ ਲਈ ‘ਮੈਡੀਫਲਾਈ’ ਡਰੋਨ ਡਿਜ਼ਾਈਨ ਕੀਤਾ ਹੈ, ਜੋ ਕਿ ਦੂਰ-ਦੁਰਾਡੇ ਦੇ ਖੇਤਰਾਂ ਅਤੇ ਸ਼ਹਿਰੀ ਸੰਘਣੀ ਆਬਾਦੀ ਵਿਚ ਤੇਜ਼ ਗਤੀ ਨਾਲ ਡਿਲੀਵਰੀ ਕਰ ਸਕੇਗਾ। ਇਸੇ ਤਰ੍ਹਾਂ ਵਿਦਿਆਰਥੀਆਂ ਵੱਲੋਂ ‘ਰੈਸਕਿਊ ਰੇਂਜਰਸ’ ਦੀ ਬਣਤਰ ਤਿਆਰ ਕੀਤੀ ਗਈ ਹੈ, ਜੋ ਕਿ ਭੂਚਾਲ ਜਾਂ ਆਫ਼ਤ ਦੀ ਸਥਿਤੀ ਤੋਂ ਬਾਅਦ ਖਾਣਾਂ ਜਾਂ ਮਲਬੇ ਵਿੱਚ ਫਸੇ ਲੋਕਾਂ ਤੱਕ ਪਹੁੰਚਣ ਵਿਚ ਸਹਾਇਤਾ ਕਰੇਗਾ। ਇਹ ਤੰਗ ਥਾਵਾਂ ’ਤੇ ਜਾ ਕੇ ਪਾਣੀ, ਭੋਜਨ, ਦਵਾਈਆਂ ਸਮੇਤ ਹੋਰ ਜ਼ਰੂਰੀ ਸਾਮਾਨ ਪਹੁੰਚਾਉਣ ਵਿਚ ਵੀ ਮੱਦਦ ਕਰੇਗਾ। ਇਸ ਦੌਰਾਨ ਵਿਦਿਆਰਥੀਆਂ ਨੇ ਕੋਡਿੰਗ, ਡਿਜੀਟਲ ਕ੍ਰਿਏਟੀਵਿਟੀ ਸਮੇਤ ਉੱਭਰ ਰਹੀਆਂ ਤਕਨੀਕਾਂ ’ਤੇ ਪ੍ਰੋਜੈਕਟ ਬਣਾਏ। ਉਨ੍ਹਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਅਧਾਰਿਤ ਚੈਟਬੋਟ, ਡਾਇਨਾਮਿਕ ਡੈਸ਼ਬੋਰਡ, ਵੈੱਬਸਾਈਟ ਲੌਗਿਨ ਫਾਰਮ ਅਤੇ ਸਕ੍ਰੈਚ ਅਧਾਰਿਤ ਵਿਦਿਅਕ ਖੇਡਾਂ ਵੀ ਤਿਆਰ ਕੀਤੀਆਂ। ਇਸ ਮੌਕੇ ਡਿਪਟੀ ਪ੍ਰਿੰਸੀਪਲ ਮਨੀਸ਼ ਬਾਂਗਾ, ਸੀਨੀਅਰ ਜੀਐੱਮ ਰਿਟਾਇਰਡ ਕਰਨਲ ਪੀਯੂਸ਼ ਬੇਰੀ, ਹੈੱਡ ਮਿਸਟਰੈਸ ਰਿਤਿਕਾ ਸੋਨੀ, ਡੀਜੀਐੱਮ ਐਡਮਿਨ ਅਨੁ ਸ਼ਰਮਾ, ਏਏਜੀਐੱਮ ਇਵੈਂਟ ਹੀਨਾ ਅਰੋੜਾ ਸਮੇਤ ਹੋਰ ਸਟਾਫ਼ ਹਾਜ਼ਰ ਸੀ।